ਮਸਾਜ ਦੀ ਆੜ ''ਚ ਦੇਹ ਵਪਾਰ ਦਾ ਧੰਦਾ ਕਰਦੇ 6 ਕਾਬੂ

01/31/2020 8:43:39 PM

ਸ੍ਰੀ ਮੁਕਤਸਰ ਸਾਹਿਬ,(ਪਵਨ ਤਨੇਜਾ)- ਥਾਣਾ ਸਿਟੀ ਪੁਲਸ ਨੇ ਸ਼ਹਿਰ ਦੇ ਕੋਟਕਪੂਰਾ ਰੋਡ 'ਤੇ ਇਕ ਮਸਾਜ ਸੈਂਟਰ ਦੇ ਨਾਂ 'ਤੇ ਚੱਲ ਰਹੇ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ ਕਰਦੇ ਹੋਏ ਇਕ ਨੌਜਵਾਨ ਸਣੇ 6 ਲੋਕਾਂ ਨੂੰ ਕਾਬੂ ਕੀਤਾ ਹੈ। ਇਸ ਸੰਬੰਧ 'ਚ ਪੁਲਸ ਨੇ ਤੁਰੰਤ ਹੀ ਸ਼ਾਮ ਨੂੰ ਪ੍ਰੈਸ ਕਾਨਫਰੰਸ ਵੀ ਬੁਲਾ ਲਈ ਪਰ ਪੁਲਸ ਨੇ ਪੱਤਰਕਾਰਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਇਹ ਪ੍ਰੈਸ ਕਾਨਫਰੰਸ ਨਿਪਟਾ ਦਿੱਤੀ। ਜਿਸ ਤੋਂ ਇਹ ਪੂਰੇ ਦਾ ਪੂਰਾ ਮਾਮਲਾ ਸ਼ੱਕ ਦੇ ਘੇਰੇ 'ਚ ਜਾਂਦਾ ਲੱਗ ਰਿਹਾ ਹੈ। ਕਿਉਂਕਿ ਸ੍ਰੀ ਮੁਕਤਸਰ ਸਾਹਿਬ ਵਿਖੇ ਪੁਲਸ ਨੇ ਇਕ ਹੀ ਮਸਾਜ ਸੈਂਟਰ 'ਤੇ ਦਬਿਸ਼ ਦਿੱਤੀ ਹੈ, ਜਦਕਿ ਇਸ ਤੋਂ ਇਲਾਵਾ ਸ਼ਹਿਰ ਵਿਚ ਅਜਿਹੇ ਹੋਰ ਕਈ ਸੈਂਟਰ ਚੱਲ ਰਹੇ ਹਨ। ਜਿਸ ਸੰਬੰਧ ਵਿਚ ਪੁਲਸ ਨੇ ਹਾਲੇ ਤੱਕ ਕੁਝ ਨਹੀਂ ਕੀਤਾ ਹੈ। 

ਪੁਲਸ ਮੁਤਾਬਕ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਕੋਟਕਪੂਰਾ ਰੋਡ 'ਤੇ ਚੱਲ ਰਹੇ ਮਸਾਜ ਸੈਂਟਰ ਐਮਜੇ ਮਸਾਜ ਐਂਡ ਵੈਲਨੈਸ ਸੈਂਟਰ ਵਿਖੇ ਦੇਹ ਵਪਾਰ ਦਾ ਧੰਦਾ ਹੁੰਦਾ ਹੈ। ਪੁਲਸ ਨੇ ਆਪਣੇ ਵਲੋਂ ਇਕ ਡੰਮੀ ਨੌਜਵਾਨ ਨੂੰ ਉਥੇ ਭੇਜ ਦਿੱਤਾ। ਜਿਸ ਨੇ ਪੂਰਾ ਰੇਟ ਨਿਪਟਾ ਕੇ ਉਥੇ ਅੰਦਰ ਗਿਆ ਤਾਂ ਉਸਨੇ ਪੁਲਿਸ ਨੂੰ ਸੂਚਨਾ ਦੇ ਦਿੱਤੀ। ਜਿਸ 'ਤੇ ਪੁਲਸ ਨੇ ਛਾਪੇਮਾਰੀ ਕੀਤੀ ਤਾਂ ਅੰਦਰੋਂ ਇਕ ਨੌਜਵਾਨ ਅਤੇ ਲੜਕੀ ਨੂੰ ਨਗਨ ਹਾਲਤ ਵਿਚ ਕਾਬੂ ਕੀਤਾ ਗਿਆ। ਜਦਕਿ ਚਾਰ ਹੋਰ ਲੜਕੀਆਂ ਗ੍ਰਾਹਕ ਦਾ ਇੰਤਜਾਰ ਕਰ ਰਹੀਆਂ ਸਨ। ਜਿਹਨਾਂ ਨੂੰ ਕਾਬੂ ਕਰ ਲਿਆ ਗਿਆ ਹੈ, ਇਹਨਾਂ ਪਾਸੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਮਸਾਜ ਸੈਂਟਰ ਕਿਤੇ ਵੀ ਚੱਲ ਨਹੀਂ ਸਕਦਾ । ਇਹ ਆਦੇਸ਼ ਦੋ ਮਹੀਨੇ ਪਹਿਲਾਂ ਜਾਰੀ ਹੋਏ ਹਨ ਪਰ ਪੁਲਿਸ ਨੇ ਇਸ ਕਾਰਵਾਈ ਨੂੰ ਦੋ ਮਹੀਨੇ ਬਾਅਦ ਅੰਜਾਮ ਦਿੱਤਾ ਹੈ। ਇੰਨਾ ਹੀ ਨਹੀਂ ਇਸ ਤੋਂ ਇਲਾਵਾ ਸ਼ਹਿਰ ਵਿਚ ਅਜਿਹੇ ਹੋਰ ਵੀ ਮਸਾਜ ਸੈਂਟਰ ਚੱਲ ਰਹੇ ਹਨ। ਇਸ ਸੰਬੰਧ ਵਿਚ ਪੁਲਿਸ ਨੇ ਕੋਈ ਕਾਰਵਾਈ ਤੱਕ ਨਹੀਂ ਕੀਤੀ ਹੈ।