ਕੈਪਟਨ ਨੇ ਸਿੱਧੂ ਨੂੰ ਸਾਡਾ ਸਿਆਸੀ ''ਸਾਂਢੂ'' ਬਣਾਇਆ : ਬੀਰ ਦਵਿੰਦਰ

07/16/2019 10:37:02 PM

ਲੁਧਿਆਣਾ (ਮੁੱਲਾਂਪੁਰੀ)-ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਬੀਰ ਦਵਿੰਦਰ ਸਿੰਘ ਸਾਬਕਾ ਡਿਪਟੀ ਸਪੀਕਰ ਨੇ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੀ ਕੈਬਨਿਟ ਤੋਂ ਜਿਸ ਤਰੀਕੇ ਨਾਲ ਨਵਜੋਤ ਸਿੰਘ ਸਿੱਧੂ ਨੂੰ ਹਠ ਕਰ ਕੇ ਕੈਪਟਨ ਅਮਰਿੰਦਰ ਸਿੰਘ ਨੇ ਪਾਸੇ ਕਰਨ ਦੀ ਖੇਡ ਖੇਡੀ ਹੈ, ਭਾਵੇਂ ਉਹ ਉਸ ਵਿਚ ਸਫਲ ਹੋ ਗਏ ਹਨ ਪਰ ਇਹ ਭਵਿੱਖ ਲਈ ਸਿਆਸੀ ਨੁਕਸਾਨ ਕਰੇਗੀ।

ਉਨ੍ਹਾਂ ਕਿਹਾ ਕਿ ਭਾਵੇਂ ਰਿਸ਼ਤੇ 'ਚ ਨਵਜੋਤ ਸਿੱਧੂ ਸਾਡਾ ਭਤੀਜਾ ਲਗਦਾ ਸੀ ਪਰ ਕੈਪਟਨ ਅਮਰਿੰਦਰ ਨੇ ਜ਼ਿੱਦ ਕਰ ਕੇ ਉਸ ਨੂੰ ਅਸਤੀਫਾ ਦੇਣ ਲਈ ਮਜਬੂਰ ਕਰ ਕੇ ਹੁਣ ਸਾਡਾ ਸਿਆਸੀ ਸਾਂਢੂ ਬਣਾ ਦਿੱਤਾ ਹੈ। ਭਾਵ ਜਿਵੇਂ ਮੈਨੂੰ ਕੱਢ ਕੇ ਬਾਹਰ ਕੀਤਾ ਸੀ, ਉਸੇ ਤਰ੍ਹਾਂ ਸਿੱਧੂ ਨਾਲ ਇਹ ਕਾਂਡ ਵਾਪਰ ਗਿਆ। ਬੀਰ ਦਵਿੰਦਰ ਨੇ ਨਵਜੋਤ ਸਿੰਘ ਸਿੱਧੂ ਨੂੰ ਸਲਾਹ ਦਿੱਤੀ ਕਿ ਉਹ ਹੁਣ ਸਾਡੇ ਵਰਗੇ ਗੈਰਤਮੰਦ ਸੱਜਣਾਂ ਨਾਲ ਆ ਜਾਣ ਅਤੇ ਉਸ ਦਾ ਅਸੀਂ ਤਾਂ ਇਕ ਪਾਸੇ, ਪੂਰਾ ਪੰਜਾਬ ਆਉਣ ਵਾਲੇ ਸਮੇਂ ਸਨਮਾਨ ਕਰੇਗਾ।

ਪੰਜਾਬ ਦੇ ਲੋਕ ਹੁਣ ਜਾਣ ਚੁੱਕੇ ਹਨ ਕਿ ਭਵਿੱਖ ਦੇ ਤੀਜੇ ਬਦਲ ਦਾ ਰਾਜਾ ਸਿੱਧੂ ਹੈ। ਇਸ ਲਈ ਸਿੱਧੂ ਨੂੰ ਹੁਣ ਅੱਗੇ ਆ ਜਾਣਾ ਚਾਹੀਦਾ ਹੈ ਕਿਉਂਕਿ ਅੱਜ ਜੋ ਕਾਂਗਰਸ ਅਤੇ ਅਕਾਲੀ ਫਰੈਂਡਲੀ ਮੈਚ ਖੇਡ ਰਹੇ ਹਨ ਉਸ ਬਾਰੇ ਬੱਚੇ-ਬੱਚੇ ਨੂੰ ਪਤਾ ਲੱਗ ਚੁੱਕਾ ਹੈ। ਬੀਰ ਦਵਿੰਦਰ ਸਿੰਘ ਨੇ ਆਖਰ ਵਿਚ ਕਿਹਾ ਕਿ ਲੋਕ 2022 ਵਿਚ ਇਕ ਨਵੇਂ ਪੰਜਾਬ ਦੀ ਸਿਰਜਣਾ ਕਰਨਗੇ ਅਤੇ ਨਵੀਂ ਬਣਨ ਵਾਲੀ ਸਰਕਾਰ ਨੂੰ ਮੌਕਾ ਦੇਣਗੇ, ਜੋ ਕਾਂਗਰਸ ਅਤੇ ਬਾਦਲਾਂ ਤੋਂ ਰਹਿਤ ਹੋਵੇਗੀ।..

Karan Kumar

This news is Content Editor Karan Kumar