ਅੱਗ ਲੱਗਣ ਕਾਰਨ 150 ਏਕੜ ਤੋਂ ਵੱਧ ਕਣਕ ਦੀ ਫ਼ਸਲ ਸੜ ਕੇ ਸੁਆਹ

04/24/2019 11:46:33 AM

ਭਵਾਨੀਗੜ੍ਹ (ਕਾਂਸਲ) : ਸਥਾਨਕ ਸ਼ਹਿਰ ਨੇੜਲੇ ਪਿੰਡ ਮਾਂਝੀ ਤੋਂ ਬੀਬੜ ਨੂੰ ਜਾਂਦੀ ਸੜਕ ਨੇੜੇ ਅੱਜ ਖੇਤਾਂ ਵਿਚ ਅਚਾਨਕ ਅੱਗ ਲੱਗ ਜਾਣ ਕਾਰਨ ਦੋਵਾਂ ਪਿੰਡਾਂ ਦੇ ਕਿਸਾਨਾਂ ਦੀ 150 ਏਕੜ ਤੋਂ ਉਪਰ ਵਾਢੀ ਲਈ ਤਿਆਰ ਖੜੀ ਕਣਕ ਦੀ ਫ਼ਸਲ ਸੜ ਕੇ ਸੁਆਹ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਘਟਨਾ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ ਮੌਕੇ 'ਤੇ ਦੇਰੀ ਨਾਲ ਪਹੁੰਚਣ ਕਾਰਨ ਰੋਸ ਵੱਜੋਂ ਵੱਡੀ ਗਿਣਤੀ ਵਿਚ ਇਕੱਠੇ ਹੋਏ ਕਿਸਾਨਾਂ ਨੇ ਰੋਸ ਪ੍ਰਦਰਸ਼ਨ ਕਰਦਿਆਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬਲਕਾਰ ਸਿੰਘ ਸਾਬਕਾ ਸਰਪੰਚ ਬੀਬੜੀ, ਗੁਰਜਿੰਦਰ ਸਿੰਘ ਪੰਚ ਬੀਬੜੀ, ਨਿਰਮਲ ਸਿੰਘ ਬੀਬੜ ਆਦਿ ਸਮੇਤ ਹੋਰ ਕਿਸਾਨਾਂ ਨੇ ਦੱਸਿਆ ਕਿ ਅੱਜ ਉਨ੍ਹਾਂ ਦੇ ਪਿੰਡਾਂ ਦੇ ਖੇਤਾਂ ਵਿਚ ਅਚਾਨਕ ਅੱਗ ਲੱਗ ਗਈ, ਜਿਸ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਅੱਗ ਪਹਿਲਾਂ ਪਿੰਡ ਬੀਬੜ ਦੇ ਖੇਤਾਂ ਵਿਚ ਲੱਗੀ ਅਤੇ ਹਵਾ ਦਾ ਰੁੱਖ ਪਿੰਡ ਮਾਂਝੀ ਵੱਲ ਹੋਣ ਕਾਰਨ ਇਹ ਅੱਗ ਅੱਗੇ ਨੂੰ ਫੈਲਦੀ ਗਈ। ਇਸ ਘਟਨਾ ਵਿਚ ਕਈ ਕਿਸਾਨਾਂ ਦੀ ਤੂੜੀ ਬਣਾਉਣ ਯੋਗ ਨਾੜ ਵੀ ਸੜ ਕੇ ਸੁਆਹ ਹੋ ਗਈ ਹੈ।

ਇਲਾਕਾ ਨਿਵਾਸੀਆਂ ਨੇ ਇਹ ਵੀ ਰੋਸ ਜ਼ਾਹਰ ਕੀਤਾ ਹੈ ਕਿ ਭਵਾਨੀਗੜ੍ਹ ਨੂੰ ਸਬ ਡਿਵੀਜ਼ਨ ਦਾ ਦਰਜਾ ਤਾਂ ਮਿਲ ਗਿਆ ਹੈ ਪਰ ਅਜੇ ਤੱਕ ਇਥੇ ਲੋਕਾਂ ਲਈ ਸਬ ਡਿਵੀਜ਼ਨ ਵਾਲੀਆਂ ਸਹੂਲਤਾਂ ਪੂਰੀਆਂ ਨਹੀਂ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਹਰ ਵਾਰ ਫ਼ਸਲਾਂ ਦੇ ਸੀਜ਼ਨ ਦੌਰਾਨ ਅੱਗ ਲੱਗਣ ਦੀਆਂ ਘਟਨਾਵਾਂ ਵਿਚ ਕਿਸਾਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ ਵੀ ਦੇਰੀ ਨਾਲ ਪਹੁੰਚਣ ਕਾਰਨ ਉਨ੍ਹਾਂ ਦਾ ਕਾਫੀ ਨੁਕਸਾਨ ਹੁੰਦਾ ਹੈ। ਇਸ ਲਈ ਹਰ ਵਾਰ ਕਿਸਾਨ ਸਥਾਨਕ ਸ਼ਹਿਰ ਵਿਖੇ ਫਾਇਰ ਬ੍ਰਿਗੇਡ ਸਟੇਸ਼ਨ ਖੋਲ੍ਹਣ ਦੀ ਮੰਗ ਕਰਦੇ ਹਨ ਪਰ ਹਰ ਵਾਰ ਹੀ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਇਸ ਨੂੰ ਅਣਗੋਲਿਆ ਕੀਤਾ ਜਾਂਦਾ ਹੈ। ਇਲਾਕਾ ਨਿਵਾਸੀਆਂ ਨੇ ਮੰਗ ਕੀਤੀ ਕਿ ਸ਼ਹਿਰ ਵਿਚ ਜਲਦ ਫਾਇਰ ਬ੍ਰਿਗੇਡ ਸਟੇਸ਼ਟ ਦੀ ਸਥਾਪਨਾ ਕੀਤੀ ਜਾਵੇ ਅਤੇ ਇਸ ਅੱਗ ਘਟਨਾ ਵਿਚ ਹੋਏ ਨੁਕਸਾਨ ਲਈ ਕਿਸਾਨਾਂ ਨੂੰ ਵੱਧ ਤੋਂ ਵੱਧ ਮੁਆਵਜਾ ਦਿੱਤਾ ਜਾਵੇ।

cherry

This news is Content Editor cherry