ਸੜਕ ਹਾਦਸੇ ''ਚ ਜ਼ਖਮੀ ਨੌਜਵਾਨ ਨੇ ਤੋੜਿਆ ਦਮ

06/17/2019 10:49:41 AM

ਭਵਾਨੀਗੜ੍ਹ(ਵਿਕਾਸ) : ਪਿਛਲੇ ਦਿਨੀਂ ਸ਼ਹਿਰ ਵਿਚ ਸੜਕ ਪਾਰ ਕਰਦਿਆਂ ਹਾਦਸੇ ਦਾ ਸ਼ਿਕਾਰ ਹੋਏ ਨੌਜਵਾਨ ਦੀ ਚੰਡੀਗੜ੍ਹ ਵਿਖੇ ਇਲਾਜ ਦੌਰਾਨ ਮੌਤ ਹੋ ਗਈ। ਇਸ ਸਬੰਧੀ ਪੁਲਸ ਨੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਹਾਦਸੇ ਸਬੰਧੀ ਚਰਨ ਸਿੰਘ ਵਾਸੀ ਸੰਘਰੇੜੀ ਨੇ ਪੁਲਸ ਨੂੰ ਦੱਸਿਆ ਕਿ ਬੀਤੀ 10 ਜੂਨ ਨੂੰ ਉਹ ਆਪਣੇ ਲੜਕੇ ਕੁਲਦੀਪ ਸਿੰਘ (15) ਨਾਲ ਭਵਾਨੀਗੜ੍ਹ ਵਿਖੇ ਰਾਮਪੁਰਾ ਮੌੜ ਨੇੜੇ ਪੈਦਲ ਸੰਗਰੂਰ-ਪਟਿਆਲਾ ਮੁੱਖ ਸੜਕ ਪਾਰ ਕਰ ਰਿਹਾ ਸੀ। ਇਸ ਦੌਰਾਨ ਇਕ ਤੇਜ਼ ਰਫ਼ਤਾਰ ਸੈਂਟਰੋ ਕਾਰ ਦੇ ਚਾਲਕ ਨੇ ਬੜੀ ਲਾਪਰਵਾਹੀ ਨਾਲ ਆਪਣੀ ਕਾਰ ਲਿਆ ਕੇ ਕੁਲਦੀਪ ਸਿੰਘ ਵਿਚ ਮਾਰ ਦਿੱਤੀ, ਜਿਸ ਨਾਲ ਕੁਲਦੀਪ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਇਸ ਹਾਦਸੇ ਤੋਂ ਤੁਰੰਤ ਬਾਅਦ ਕੁਲਦੀਪ ਨੂੰ ਇਲਾਜ ਲਈ ਭਵਾਨੀਗੜ੍ਹ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੋਂ ਡਾਕਟਰਾਂ ਨੇ ਉਸ ਨੂੰ ਪਹਿਲਾਂ ਰਾਜਿੰਦਰਾ ਹਸਪਤਾਲ ਪਟਿਆਲਾ ਤੇ ਬਾਅਦ ਵਿਚ ਪੀ.ਜੀ.ਆਈ. ਚੰਡੀਗੜ੍ਹ ਲਈ ਰੈਫਰ ਕਰ ਦਿੱਤਾ, ਜਿੱਥੇ ਬੀਤੇ ਕੱਲ ਕੁਲਦੀਪ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ। ਹਾਦਸੇ ਸਬੰਧੀ ਪੁਲਸ ਨੇ ਮ੍ਰਿਤਕ ਨੌਜਵਾਨ ਦੇ ਪਿਤਾ ਚਰਨ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਕਾਰ ਦੇ ਅਣਪਛਾਤੇ ਚਾਲਕ ਵਿਰੁੱਧ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

cherry

This news is Content Editor cherry