ਕਿਸਾਨ ਦੀ ਜ਼ਮੀਨ ਕੁਰਕੀ ਕਰਨ ਗਏ ਮਾਲ ਅਧਿਕਾਰੀ ਦਾ ਘਿਰਾਓ

12/26/2019 5:18:17 PM

ਭਵਾਨੀਗੜ੍ਹ (ਅੱਤਰੀ) : ਇੱਥੋਂ ਦੇ ਨੇੜਲੇ ਪਿੰਡ ਪੰਨਵਾਂ ਵਿਖੇ ਇਕ ਕਿਸਾਨ ਦੀ ਜ਼ਮੀਨ ਦੀ ਕੁਰਕੀ ਕਰਨ ਗਏ ਮਾਲ ਅਧਿਕਾਰੀ (ਨਾਇਬ ਤਹਿਸੀਲਦਾਰ) ਕਰਮਜੀਤ ਸਿੰਘ ਖੱਟੜਾ ਭਵਾਨੀਗੜ੍ਹ ਦਾ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੀ ਅਗਵਾਈ ਹੇਠ ਕਿਸਾਨਾਂ ਨੇ ਘਿਰਾਓ ਕੀਤਾ, ਜਿਸ ਕਾਰਨ ਮਾਲ ਅਧਿਕਾਰੀ ਵਾਪਸ ਚਲਾ ਗਿਆ।

ਇੱਥੇ ਦੱਸਣਯੋਗ ਹੈ ਕਿ ਪਿੰਡ ਪੰਨਵਾਂ ਦੇ ਕਿਸਾਨ ਰਾਜ ਕੁਮਾਰ ਪੱਤਰ ਸਰੂਪ ਦਾਸ ਨੇ ਭਵਾਨੀਗੜ੍ਹ ਦੇ ਇਕ ਵਿਅਕਤੀ ਤੋਂ ਕਰਜਾ ਲਿਆ ਸੀ, ਪਰ ਇਹ ਕਰਜਾ ਵਾਪਸ ਨਾ ਹੋਣ ਕਾਰਨ ਕਰਜਾ ਦੇਣ ਵਾਲੇ ਵਿਅਕਤੀ ਨੇ ਅਦਾਲਤ ਵਿਚ ਕੇਸ ਕਰ ਦਿੱਤਾ। ਇਸੇ ਦੌਰਾਨ ਕਿਸਾਨ ਰਾਜ ਕੁਮਾਰ ਦੀ ਕੁੱਝ ਸਮਾਂ ਪਹਿਲਾਂ ਮੌਤ ਹੋ ਗਈ ਸੀ। ਅੱਜ ਮਾਲ ਅਧਿਕਾਰੀ ਕਿਸਾਨ ਦੀ ਜ਼ਮੀਨ ਦੀ ਕੁਰਕੀ ਕਰਨ ਪਿੰਡ ਪੰਨਵਾਂ ਗਿਆ ਸੀ। ਦੂਜੇ ਪਾਸੇ ਯੂਨੀਅਨ ਦੇ ਬਲਾਕ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ, ਗਮਦੂਰ ਸਿੰਘ ਦਿਆਲਗੜ੍ਹ, ਜੋਗਿੰਦਰ ਸਿੰਘ ਆਲੋਅਰਖ ਆਦਿ ਨੇ ਮਾਲ ਅਧਿਕਾਰੀ ਦਾ ਘਿਰਾਓ ਕਰਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਐਲਾਨ ਕੀਤਾ ਕਿ ਉਹ ਕਿਸੇ ਵੀ ਕੀਮਤ 'ਤੇ ਜ਼ਮੀਨ ਦੀ ਕੁਰਕੀ ਨਹੀਂ ਹੋਣ ਦੇਣਗੇ। ਕਿਸਾਨਾਂ ਦੇ ਵਿਰੋਧ ਕਾਰਨ ਮਾਲ ਅਧਿਕਾਰੀ ਵਾਪਸ ਮੁੜ ਗਿਆ।

ਕਰਮਜੀਤ ਸਿੰਘ ਖੱਟੜਾ ਨੇ ਦੱਸਿਆ ਕਿ ਉਹ ਮਾਨਯੋਗ ਅਦਾਲਤ ਦੇ ਹੁਕਮ 'ਤੇ ਕਿਸਾਨ ਦੀ ਜ਼ਮੀਨ ਦੀ ਕੁਰਕੀ ਕਰਨ ਗਏ ਸੀ, ਪਰ ਕਿਸਾਨ ਯੂਨੀਅਨ ਦੇ ਵਿਰੋਧ ਕਾਰਨ ਵਾਪਸ ਆ ਗਏ। ਉਨ੍ਹਾਂ ਕਿਹਾ ਕਿ ਇਨ੍ਹਾਂ ਹੁਕਮਾਂ ਨੂੰ ਲਾਗੂ ਕਰਨ ਲਈ ਉਹ ਦੁਬਾਰਾ ਪੁਲਸ ਦੀ ਟੁਕੜੀ ਨਾਲ ਲੈ ਕੇ ਜਾਣਗੇ।

cherry

This news is Content Editor cherry