ਸਿਹਤ ਮਹਿਕਮੇ ਦੀ ਅਣਗਹਿਲੀ ਨੇ ਲੋਕਾਂ ਦੇ ਸਾਹ ਸੂਤੇ; ਹੁਣ ਸੜਕ ਕਿਨਾਰੇ ਪੀ.ਪੀ.ਈ. ਕਿੱਟਾਂ ਦੇ ਮਿਲੇ ਵੱਡੇ ਢੇਰ

08/26/2020 6:19:21 PM

ਭਵਾਨੀਗੜ੍ਹ (ਕਾਂਸਲ,ਵਿਕਾਸ, ਸੰਜੀਵ): ਸਥਾਨਕ ਸ਼ਹਿਰ ਨੇੜਲੇ ਪਿੰਡ ਨਦਾਮਪੁਰ ਵਿਖੇ ਅੱਜ ਸਵੇਰੇ ਉਸ ਸਮੇਂ ਲੋਕਾਂ 'ਚ ਡਰ ਅਤੇ ਖ਼ੌਫ਼ ਦਾ ਮਾਹੌਲ ਪਾਇਆ ਗਿਆ ਜਦੋਂ ਪਿੰਡ ਵਾਸੀਆਂ ਨੂੰ ਸਵੇਰੇ ਸੈਰ ਕਰਦੇ ਸਮੇਂ ਪਿੰਡ ਦੀ ਮੁੱਖ ਸੜਕ ਉਪਰ ਸਿਹਤ ਕਰਮਚਾਰੀਆਂ ਵਲੋਂ ਡਿਊਟੀ ਦੌਰਾਨ ਕੋਰੋਨਾ ਤੋਂ ਬਚਾਅ ਲਈ ਵਰਤੀਆਂ ਜਾਂਦੀਆਂ ਪੀ.ਪੀ.ਈ. ਕਿੱਟਾਂ ਜੋ ਕਿ ਵਰਤੋਂ 'ਚ ਲਿਆਉਣ ਤੋਂ ਬਾਅਦ ਨਸ਼ਟ ਕੀਤੀਆਂ ਜਾਣੀਆਂ ਚਾਹੀਦੀਆਂ ਸਨ ਦੇ ਵੱਡੇ-ਵੱਡੇ ਢੇਰ ਨਹਿਰ ਨੇੜਿਓ ਸੜਕ ਕਿਨਾਰੇ ਪਏ ਮਿਲੇ।ਇਸ ਦੀ ਸੂਚਨਾ ਨਦਾਮਪੁਰ ਦੇ ਬਲਾਕ ਸੰਮਤੀ ਮੈਂਬਰ ਰਾਧੇ ਸਿਆਮ ਨੇ ਸਥਾਨਕ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਨੂੰ ਦਿੱਤੀ।

ਇਹ ਵੀ ਪੜ੍ਹੋ: ਵਿਵਾਦਾਂ 'ਚ ਘਿਰਿਆ ਫਾਜ਼ਿਲਕਾ ਦਾ ਐੱਸ. ਐੱਚ.ਓ.,SSP ਦੀ ਗੁਰੂ ਨਾਨਕ ਦੇਵ ਜੀ ਨਾਲ ਕੀਤੀ ਤੁਲਨਾ

ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਸੰਮਤੀ ਮੈਂਬਰ ਰਾਧੇ ਸਿਆਮ ਅਤੇ ਨਿਰਮਲ ਸਿੰਘ ਭੜ੍ਹੋ ਸਾਬਕਾ ਮੈਂਬਰ ਐਸ.ਜੀ.ਪੀ.ਸੀ ਅਤੇ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਨਦਾਮਪੁਰ ਦੀ ਅੰਦਰਲੀ ਸੜਕ 
ਉਪਰ ਨਹਿਰ ਅਤੇ ਨਰਸਰੀ ਨੇੜੇ ਕੋਈ ਸ਼ਰਾਰਤੀ ਅਨਸਰ ਰਾਤ ਦੇ ਹਨੇਰੇ ਦਾ ਫਾਇਦਾ ਚੁੱਕਦੇ ਹੋਏ ਇਹ ਵਰਤੋਂ 'ਚ ਲਿਆਂਦੀਆਂ ਹੋਈਆਂ ਹਜ਼ਾਰਾਂ ਦੀ ਗਿਣਤੀ 'ਚ ਪੀ.ਪੀ.ਈ. ਕਿੱਟਾਂ ਇੱਥੇ ਸੜਕ ਕਿਨਾਰੇ ਸੁੱਟ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਜਿੱਥੇ ਬਹੁਤ ਦੁੱਖ ਦੀ ਗੱਲ ਹੈ ਉੱਥੇ ਇਹ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਦੀ ਵੱਡੀ ਨਲਾਇਕੀ ਵੀ ਹੈ ਕਿ ਇਨ੍ਹਾਂ ਵਰਤੋਂ 'ਚ ਲਿਆਂਦੀਆਂ ਗਈਆਂ ਕਿੱਟਾਂ ਜਿਨ੍ਹਾਂ ਨੂੰ ਨਸ਼ਟ ਕਰਨ ਦੀ ਥਾਂ ਇਸ ਤਰ੍ਹਾਂ ਇੱਥੇ ਸੜਕਾਂ ਕੰਢੇ ਸੁੱਟਿਆ ਗਿਆ ਹੈ, ਜਿੱਥੇ ਨਹਿਰ ਕਿਨਾਰੇ ਵੱਡੀ ਗਿਣਤੀ 'ਚ ਬਾਂਦਰ ਅਤੇ ਹੋਰ ਜਨਵਰ ਇਨ੍ਹਾਂ ਕਿੱਟਾਂ ਨੂੰ ਛੂਹ ਕੇ ਅੱਗੇ ਕੋਰੋਨਾ ਦੀ ਬੀਮਾਰੀ ਫਲਾ ਸਕਦੇ ਹਨ। ਜਿਸ ਨਾਲ ਇੱਥੇ ਪੂਰੇ ਇਲਾਕੇ 'ਚ ਹੁਣ ਲੋਕਾਂ 'ਚ ਕੋਰੋਨਾ ਮਹਾਮਾਰੀ ਫੈਲਣ ਦਾ ਖੌਫ਼ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਸਰਕਾਰ ਵਲੋਂ ਰਾਤ ਦੇ ਕਰਫਿਊ ਦਾ ਐਲਾਨ ਕੀਤਾ ਹੋਇਆ ਹੈ ਅਤੇ ਦੂਜੇ ਪਾਸੇ ਸ਼ਰਾਰਤੀ ਅਨਸਰ, ਚੋਰ, ਲੁਟੇਰੇ ਅਤੇ ਹੋਰ ਸਮਾਜ ਵਿਰੋਧੀ ਅਨਸਰ ਬੇਖ਼ੌਫ਼ ਰਾਤ ਨੂੰ ਸਰਕਾਰ ਦੇ ਕਰਫਿਊ ਦਾ ਫਾਇਦਾ ਚੁੱਕ ਕੇ ਵੱਖ-ਵੱਖ ਤਰ੍ਹਾਂ ਦੀਆਂ ਸਮਾਜ ਵਿਰੋਧੀ ਘਟਨਾਵਾਂ ਨੂੰ ਅੰਜ਼ਾਮ ਦੇ ਰਹੇ ਹਨ। ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਰਾਤ ਸਮੇਂ ਸ਼ਹਿਰਾਂ ਅਤੇ ਪਿੰਡਾਂ 'ਚ ਸੜਕਾਂ ਉਪਰ ਪੁਲਸ ਅਤੇ ਪ੍ਰਸ਼ਾਸਨ ਦੀ ਕੋਈ ਚੌਕਸੀ ਨਹੀਂ ਹੁੰਦੀ।

ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਨ੍ਹਾਂ ਕਿੱਟਾਂ ਨੂੰ ਇੱਥੇ ਸੁੱਟਣ ਵਾਲੇ ਸ਼ਰਾਰਤੀਆਂ ਦਾ ਜਲਦ ਪਤਾ ਲਗਾ ਕੇ ਇਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸੰਗਰੂਰ ਅਤੇ ਪਟਿਆਲਾ ਦੋਵੇਂ ਸਾਇਡਾਂ ਉਪਰ ਮੁੱਖ ਸੜਕ ਉਪਰ ਜਗ੍ਹਾ-ਜਗ੍ਹਾ ਕੈਮਰੇ ਲੱਗੇ ਹੋਏ ਹਨ। ਇਸ ਲਈ ਪ੍ਰਸ਼ਾਸਨ ਇਨ੍ਹਾਂ ਕੈਮਰਿਆਂ ਦੀ ਮਦਦ ਨਾਲ ਇਨ੍ਹਾਂ ਵਿਅਕਤੀਆਂ ਨੂੰ ਕਾਬੂ ਕਰਕੇ ਇਹ ਪਤਾ ਲਗਾਇਆ ਜਾਵੇ ਕਿ ਇਹ ਕਿੱਟਾਂ ਕਿਸ ਹਸਪਤਾਲ 'ਚੋਂ ਆਈਆਂ ਹਨ, ਜਿਨ੍ਹਾਂ ਆਪਣੇ ਥੋੜੇ ਜਹੇ ਪੈਸਿਆਂ ਦੀ ਬੱਚਤ ਲਈ ਆਮ ਜਨਤਾਂ ਦੀ ਸਿਹਤ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਕੀਤੀ ਹੈ ਉਸ ਹਸਪਤਾਲ ਦਾ ਲਾਇੰਸਸ ਰੱਦ ਕਰਕੇ ਉਸ ਵਿਰੁੱਧ ਸਖ਼ਤ ਕਾਰਵਾਈ ਅਮਲ 'ਚ ਲਿਆਂਦੀ ਜਾਵੇ ਤਾਂ ਜੋ ਭÎਵਿੱਖ 'ਚ ਕੋਈ ਦੁਬਾਰਾ ਇਸ ਤਰ੍ਹਾਂ ਦੀ ਗਲਤੀ ਕਰਨ ਬਾਰੇ ਸੋਚੇ ਵੀ ਨਹੀਂ। 

ਇਹ ਵੀ ਪੜ੍ਹੋ:  ਸੁਲਤਾਨਪੁਰ ਲੋਧੀ 'ਚ ਸ਼ਰਧਾ ਨਾਲ ਮਨਾਇਆ ਗਿਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ

ਇਸ ਘਟਨਾ ਦਾ ਪਤਾ ਚਲਦਿਆਂ ਹੀ ਜੀ.ਓ.ਜੀ ਰਘਵੀਰ ਸਿੰਘ ਨੇ ਇਸ ਦੀ ਸੂਚਨਾ ਪ੍ਰਸ਼ਾਸਨ ਨੂੰ ਦਿੱਤੀ ਅਤੇ ਪ੍ਰਸ਼ਾਸਨ ਤੁਰੰਤ ਹਰਕਤ 'ਚ ਆਇਆ ਅਤੇ ਐੱਸ.ਡੀ.ਐੱਮ. ਭਵਾਨੀਗੜ੍ਹ ਡਾ.ਕਰਮਜੀਤ ਸਿੰਘ, ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਪ੍ਰਵੀਨ ਗਰਗ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਦਾ ਜਾਇਜਾ ਲਿਆ ਅਤੇ ਤੁਰੰਤ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਮੌਕੇ 'ਤੇ ਬਲਾਇਆ, ਜਿੱਥੇ ਜਾਣਕਾਰੀ ਦਿੰਦਿਆਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਜੇ.ਈ. ਸਿਮਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਮੈਡੀਕੇਅਰ ਕੰਪਨੀ ਜਿਸ ਕੋਲ ਇਨ੍ਹਾਂ ਕਿੱਟਾਂ ਨੂੰ ਬਾਇਓ ਬੇਸ਼ਟ ਕਰਕੇ ਨਸ਼ਟ ਕਰਨ ਦਾ ਕੰਟਰੈਕਟ ਹੈ ਦੇ ਸਾਧਨਾਂ ਨੂੰ ਮੌਕੇ 'ਤੇ ਬੁਲਾ ਲਿਆ ਗਿਆ ਹੈ ਅਤੇ ਇਨ੍ਹਾਂ ਕਿੱਟਾਂ ਨੂੰ ਤੁਰੰਤ ਇੱਥੋਂ ਹਟਾਇਆ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਇਸ ਦੀ ਗੰਭੀਰਤਾ ਨਾਲ ਜਾਂਚ ਕਰਕੇ ਜਿੰਮੇਵਾਰ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਿੱਟਾਂ ਨੂੰ ਨਸ਼ਟ ਕਰਨ ਲਈ ਸਬੰਧਤ ਹਸਪਤਾਲ ਨੂੰ ਇਸ ਕੰਪਨੀ ਨੂੰ ਕੁਝ ਅਦਾਇਗੀ ਕਰਨੀ ਹੁੰਦੀ ਹੈ ਅਤੇ ਸ਼ਾਇਦ ਇਸ ਦੀ ਬਚਤ ਕਰਨ ਲਈ ਸਬੰਧਤ ਹਸਪਤਾਲ ਜਾਂ ਉਸ ਦੇ ਕਰਮਚਾਰੀਆਂ ਨੇ ਇਹ ਕਿੱਟਾਂ ਇੱਥੇ ਸੁੱਟ ਕੇ ਲੋਕਾਂ ਨੂੰ ਜਾਨ ਨੂੰ ਜੋਖ਼ਮ 'ਚ ਪਾ ਦਿੱਤਾ ਹੈ। ਜੋ ਬਖ਼ਸੇ ਨਹੀਂ ਜਾਣਗੇ।

Shyna

This news is Content Editor Shyna