ਭਾਰਤੀ ਕਿਸਾਨ ਯੂਨੀਅਨ ਨੇ ਬਰਨਾਲਾ-ਲੁਧਿਆਣਾ ਮੁੱਖ ਮਾਰਗ ਕੀਤਾ ਜਾਮ

01/24/2019 12:50:22 AM

ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)- ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਵੱਲੋਂ ਗੁਰਦੇਵ ਸਿੰਘ ਕਾਲਜ ਸੰਘੇਡ਼ਾ ਦੇ ਨਜ਼ਦੀਕ ਬਰਨਾਲਾ-ਲੁਧਿਆਣਾ ਮੁੱਖ ਮਾਰਗ ’ਤੇ ਟ੍ਰੈਫਿਕ ਜਾਮ ਕੀਤਾ ਗਿਆ। ਇਹ ਜਾਮ  ਸੰਘੇਡ਼ਾ ਤੋਂ ਕਰਮਗਡ਼੍ਹ ਵੱਲ ਜਾਂਦੇ ਸਰਕਾਰੀ ਪਹੇ ਦੇ ਕੁੱਝ ਹਿੱਸੇ ’ਤੇ ਹੋਏ ਨਾਜਾਇਜ਼ ਕਬਜ਼ਿਅਾਂ ਨੂੰ ਖ਼ਤਮ ਕਰਵਾਉਣ ਲਈ ਲਾਇਆ ਗਿਆ। ਪਿੰਡ ਸੰਘੇਡ਼ਾ ਦੇ ਦਰਜਨਾਂ ਕਿਸਾਨ ਪਰਿਵਾਰਾਂ ਨੂੰ ਆਪਣੇ ਖੇਤਾਂ ਵੱਲ ਜਾਣ-ਆਉਣ ਲਈ ਰੋਜ਼ਾਨਾ ਹੀ ਇਸ ਰਸਤੇ ਤੋਂ ਲੰਘਣਾ ਪੈਂਦਾ ਹੈ ਪਰ  ਕੁੱਝ ਹਿੱਸੇ ’ਤੇ ਹੋਏ ਕਬਜ਼ੇ ਦੇ ਕਾਰਨ ਪਹਾ ਭੀਡ਼ਾ ਹੋ ਚੁੱਕਾ ਹੈ, ਜਿਸ ਕਾਰਨ ਇਸ ਪਹੇ ਰਾਹੀਂ ਆਪਣੇ ਖੇਤਾਂ ਨੂੰ ਜਾਣ ਵਾਲੇ ਕਿਸਾਨਾਂ ਅਤੇ ਕਰਮਗਡ਼੍ਹ ਵੱਲ ਜਾਣ ਵਾਲੇ ਹੋਰ ਰਾਹਗੀਰਾਂ ਨੂੰ ਬਡ਼ੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਵਰਨਣਯੋਗ ਹੈ ਕਿ ਪਿੰਡ ਦੇ ਕਿਸਾਨ ਇਸ ਮਸਲੇ ਨੂੰ ਹੱਲ ਕਰਵਾਉਣ ਸਬੰਧੀ ਬੀ. ਕੇ. ਯੂ. (ਡਕੌਂਦਾ) ਦੀ ਅਗਵਾਈ ’ਚ ਵਾਰ-ਵਾਰ ਜ਼ਿਲੇ ਦੇ ਉੱਚ ਅਧਿਕਾਰੀਆਂ ਨੂੰ ਮਿਲ ਚੁੱਕੇ ਹਨ। ਇੱਥੋਂ ਤੱਕ ਕਿ ਡਿਪਟੀ ਕਮਿਸ਼ਨਰ ਬਰਨਾਲਾ ਦੇ ਹੁਕਮਾਂ ਅਤੇ ਐੱਸ. ਡੀ. ਐੱਮ. ਬਰਨਾਲਾ ਦੀਆਂ ਹਦਾਇਤਾਂ ਤਹਿਤ ਬਣੇ ਮਾਲ ਵਿਭਾਗ ਦੇ ਅਧਿਕਾਰੀਆਂ ਦੇ ਪੈਨਲ ਵੱਲੋਂ ਪਹੇ ਦੇ ਉਸ ਥਾਂ ਦੀ ਲੇਜ਼ਰ ਮਸ਼ੀਨ ਨਾਲ ਵੀ ਮਿਣਤੀ ਹੋ ਚੁੱਕੀ ਹੈ। ਇਸ ਪੈਨਲ, ਜਿਸ ’ਚ ਦੋ ਕਾਨੂੰਨਗੋ ਤੇ ਦੋ ਪਟਵਾਰੀ ਵੀ ਸ਼ਾਮਲ ਸਨ, ਵੱਲੋਂ ਦਿੱਤੀ ਰਿਪੋਰਟ ਅਨੁਸਾਰ ਪਹੇ ਦੇ ਉਸ ਹਿੱਸੇ ’ਤੇ ਨਾਜਾਇਜ਼ ਕਬਜ਼ਾ ਸਾਬਤ ਹੋ ਚੁੱਕਾ ਹੈ ਪਰ ਜ਼ਿਲਾ ਪ੍ਰਸ਼ਾਸਨ ਕਿਸਾਨਾਂ ਨਾਲ ਵਾਰ-ਵਾਰ ਵਾਅਦਾ ਕਰਨ ਦੇ ਬਾਵਜੂਦ ਅਜੇ ਤੱਕ ਪਹੇ ਦੇ ਉਸ ਹਿੱਸੇ ਤੋਂ ਨਾਜਾਇਜ਼ ਕਬਜ਼ਾ ਨਹੀਂ ਹਟਵਾ ਰਿਹਾ, ਜਿਸ ਕਾਰਨ ਅੱਜ ਕਿਸਾਨਾਂ ਨੂੰ ਇਸ ਮੁੱਖ ਮਾਰਗ ’ਤੇ ਟ੍ਰੈਫਿਕ ਜਾਮ ਕਰਨ ਲਈ ਮਜਬੂਰ ਹੋਣਾ ਪਿਆ। ਅੱਜ ਦੇ ਇਸ ਜਾਮ ਸਮੇਂ ਸਡ਼ਕ ’ਤੇ ਧਰਨਾ ਲਾਈ ਬੈਠੇ ਕਿਸਾਨਾਂ ਨੂੰ ਜਥੇਬੰਦੀ ਦੇ ਜ਼ਿਲਾ ਪ੍ਰਧਾਨ ਦਰਸ਼ਨ ਸਿੰਘ ਉੱਗੋਕੇ, ਜ਼ਿਲਾ ਜਥੇਬੰਦਕ ਸਕੱਤਰ ਸਾਹਿਬ ਸਿੰਘ ਬਡਬਰ, ਜ਼ਿਲਾ ਮੀਤ ਪ੍ਰਧਾਨ ਗੁਰਦੇਵ ਸਿੰਘ ਮਾਂਗੇਵਾਲ, ਦਰਸ਼ਨ ਸਿੰਘ ਮਹਿਤਾ, ਜਗਰਾਜ ਸਿੰਘ ਹਰਦਾਸਪੁਰਾ, ਪਰਮਿੰਦਰ ਸਿੰਘ ਹੰਡਿਆਇਆ, ਸੰਦੀਪ ਸਿੰਘ ਚੀਮਾ, ਬਲਵੀਰ ਸਿੰਘ ਸੰਘੇਡ਼ਾ, ਨੰਬਰਦਾਰ ਨਛੱਤਰ ਸਿੰਘ, ਲਖਵੀਰ ਸਿੰਘ ਦੁੱਲਮਸਰ, ਜਗਤਾਰ ਸਿੰਘ ਚੀਮਾ, ਭਿੰਦਰ ਸਿੰਘ ਸਹੌਰ, ਕਾਲਾ ਜੈਦ ਭਦੌਡ਼,  ਆਦਿ ਆਗੂਆਂ ਨੇ ਸੰਬੋਧਨ ਕੀਤਾ।