ਭਗਵੰਤ ਮਾਨ ਹੈ ਸਿਰੇ ਦਾ ਗੱਪੀ: ਕੇਵਲ ਢਿੱਲੋਂ

04/26/2019 12:05:16 AM

ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ) - ਭਗਵੰਤ ਮਾਨ ਸਿਰੇ ਦਾ ਗੱਪੀ ਹੈ। ਚੁਟਕੁਲੇ ਸੁਣਾ ਕੇ ਹੀ ਇਸ ਨੇ ਪੰਜ ਸਾਲ ਦਾ ਸਮਾਂ ਬਰਬਾਦ ਕਰ ਦਿੱਤਾ। ਇਹ ਸ਼ਬਦ ਕੇਵਲ ਸਿੰਘ ਢਿੱਲੋਂ ਨੇ ਗੱਲਬਾਤ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਆਪਣੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਇਸ ਵਲੋਂ ਕੁਲ 56 ਪ੍ਰਸ਼ਨ ਹੀ ਪੁੱਛੇ ਗਏ ਪਰ ਸੰਗਰੂਰ ਅਤੇ ਬਰਨਾਲਾ ਜ਼ਿਲੇ ਦੇ ਲਈ ਇਕ ਵੀ ਸਵਾਲ ਨਹੀਂ ਕੀਤਾ ਕਿ ਇਥੇ ਕੋਈ ਪ੍ਰਾਜੈਕਟ ਲਾਇਆ ਜਾਵੇ। ਇਕ ਯੂਨੀਵਰਸਿਟੀ ਇਥੋਂ ਲਈ ਪਾਸ ਹੋਈ ਸੀ ਪਰ ਇਸ ਯੂਨੀਵਰਸਿਟੀ ਨੂੰ ਵੀ ਬਾਦਲ ਆਪਣੇ ਇਲਾਕੇ ਬਠਿੰਡਾ ਲਈ ਲੈ ਗਏ। ਭਗਵੰਤ ਮਾਨ ਨੇ ਉਸ ਦਾ ਵਿਰੋਧ ਨਹੀਂ ਕੀਤਾ। ਜਦੋਂ ਕਿ ਸੰਸਦ ਮੈਂਬਰ ਦਾ ਫਰਜ਼ ਹੁੰਦਾ ਹੈ ਕਿ ਉਹ ਆਪਣੇ ਇਲਾਕੇ ਦੇ ਲਈ ਲਡ਼ਾਈ ਲਡ਼ੇ। ਕੇਂਦਰ ਸਰਕਾਰ ਵਲੋਂ ਪੂਰੇ ਦੇਸ਼ ਵਿਚ 120 ਯੂਨੀਵਰਸਿਟੀਆਂ ਅਲਾਟ ਕੀਤੀਆਂ ਗਈਆਂ ਸਨ ਪਰ ਸਾਡੇ ਇਲਾਕੇ ਵਿਚ ਇਕ ਵੀ ਯੂਨੀਵਰਸਿਟੀ ਨਹੀਂ ਆਈ। ਜਦੋਂ ਕਿ ਹੋਰ ਜ਼ਿਲਿਆਂ ਵਿਚ ਤਿੰਨ ਤਿੰਨ ਯੂਨੀਵਰਸਿਟੀਆਂ ਹਨ। ਇਥੇ ਕੋਈ ਵਧੀਆ ਸਿੱਖਿਆ ਅਦਾਰਾ ਨਾ ਹੋਣ ਕਾਰਨ ਸਾਡੇ ਬੱਚਿਆਂ ਨੂੰ ਪਟਿਆਲਾ, ਜਲੰਧਰ ਤੇ ਹੋਰ ਸ਼ਹਿਰਾਂ ਵਿਚ ਜਾਣਾ ਪੈਂਦਾ ਹੈ। ਹੁਣ ਵੀ ਇਹ ਲੋਕਾਂ ਨੂੰ ਚੁਟਕਲੇ ਹੀ ਸੁਣਾ ਰਿਹਾ ਹੈ। ਕੋਈ ਵੀ ਕੰਮ ਦੀ ਗੱਲ ਉਸ ਵਲੋਂ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਆਮ ਲੋਕਾਂ ਵਿਚ ਇਸਦਾ ਆਧਾਰ ਕਾਫੀ ਧੁੰਦਲਾ ਹੈ।