ਨਾਬਾਲਿਗ ਮੰਗੇਤਰ ਨਾਲ ਬਣਾਏ ਸਰੀਰਕ ਸੰਬੰਧ, ਜਾਣਾ ਪਵੇਗਾ ਜੇਲ

10/23/2018 12:28:47 AM

ਡੇਰਾਬੱਸੀ (ਅਨਿਲ)- ਡੇਰਾਬੱਸੀ ਵਿਚ ਇਕ 17 ਸਾਲ ਦੀ ਨਾਬਾਲਿਗ ਲੜਕੀ ਨਾਲ ਜਬਰ-ਜ਼ਨਾਹ ਕਰ ਕੇ ਉਸ ਨੂੰ 6 ਮਹੀਨੇ ਦੀ ਗਰਭਵਤੀ ਕਰਨ ਅਤੇ ਬਾਅਦ 'ਚ ਧਮਕਾਉਣ ਦੇ ਦੋਸ਼ 'ਚ ਪੁਲਸ ਨੇ ਲੁਧਿਆਣਾ ਵਿਖੇ ਰਹਿੰਦੇ ਉਸ ਦੇ ਮੰਗੇਤਰ ਖਿਲਾਫ ਕੇਸ ਦਰਜ ਕੀਤਾ ਹੈ। 7 ਮਹੀਨੇ ਪਹਿਲਾਂ ਹੀ ਦੋਸ਼ੀ ਨੌਜਵਾਨ ਦਾ ਲੜਕੀ ਨਾਲ ਰਿਸ਼ਤਾ ਤੈਅ ਹੋਇਆ ਸੀ, ਜਿਸ ਨੇ ਵਿਆਹ ਤੋਂ ਪਹਿਲਾਂ ਹੀ ਨਾਬਾਲਿਗ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਇਸ ਰਿਸ਼ਤੇ ਨੂੰ ਸਮਾਜਕ ਤੌਰ ਤੇ ਚਾਹੇ ਦੋਨਾਂ ਦੀ ਮਰਜ਼ੀ ਤੋਂ ਬਾਅਦ ਰਜ਼ਾਮੰਦੀ ਮਿਲ ਵੀ ਜਾਵੇ ਪਰ ਕਾਨੂੰਨੀ ਤੌਰ 'ਤੇ ਉਸ ਨੂੰ ਜੇਲ ਹੋਣੀ ਤੈਅ ਹੈ। ਡਲਿਵਰੀ ਹੋਣ ਦੀ ਸੂਰਤ 'ਚ ਬੱਚੇ ਨੂੰ ਲੈ ਕੇ ਸਮੱਸਿਆ ਹੋਰ ਵੱਧ ਜਾਵੇਗੀ। ਫਿਲਹਾਲ, ਗਭਰਵਤੀ ਨੂੰ ਪੀ.ਜੀ.ਆਈ. 'ਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਦਾ ਬੋਰਡ ਹੀ ਬੱਚੇ ਅਤੇ ਉਸ ਦੀ ਡਲਿਵਰੀ ਬਾਰੇ ਫੈਸਲਾ ਲਵੇਗਾ।
ਲੜਕੀ ਦਾ ਪਰਿਵਾਰ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਅਤੇ ਮਾਂ ਲੋਕਾਂ ਦੇ ਘਰਾਂ ਵਿਚ ਸਾਫ਼ ਸਫਾਈ ਦਾ ਕੰਮ ਕਰਦੀ ਹੈ। ਤਫ਼ਤੀਸ਼ੀ ਅਫ਼ਸਰ ਸਬ ਇੰਸਪੈਕਟਰ ਖੁਸ਼ਪ੍ਰੀਤ ਕੌਰ ਨੇ ਦੱਸਿਆ ਕਿ ਲੜਕੀ ਦਾ ਰਿਸ਼ਤਾ ਕਰੀਬ ਸੱਤ ਮਹੀਨੇ ਪਹਿਲਾਂ ਲੁਧਿਆਣਾ ਦੇ ਪ੍ਰਮੋਦ ਕੁਮਾਰ ਦੇ ਨਾਲ ਹੋਇਆ ਸੀ। ਰਿਸ਼ਤਾ ਹੋਣ ਤੋਂ ਬਾਅਦ ਵਿਆਹ ਹੁਣ ਤੱਕ ਤੈਅ ਨਹੀਂ ਹੋਇਆ ਸੀ ਪਰ ਨੌਜਵਾਨ ਦਾ ਲੜਕੀ ਦੇ ਘਰ ਆਉਣਾ ਜਾਣਾ ਹੋ ਗਿਆ ਅਤੇ ਉਸ ਨੇ ਵਿਆਹ ਤੋਂ ਪਹਿਲਾਂ ਹੀ ਲੜਕੀ ਨਾਲ ਸਰੀਰਕ ਸਬੰਧ ਬਣਾ ਲਏ। ਹਾਲਾਂਕਿ ਲੜਕੇ ਦੀ ਉਮਰ ਵੀ ਵਿਆਹ ਤੋਂ ਇਕ ਸਾਲ ਘੱਟ ਦੱਸੀ ਜਾ ਰਹੀ ਹੈ । ਅਜਿਹੇ ਵਿਚ ਰਜ਼ਾਮੰਦੀ ਦੇ ਬਾਵਜੂਦ ਦੋਨੋਂ ਕਾਨੂੰਨੀ ਤੌਰ 'ਤੇ ਵਿਆਹ ਨਹੀਂ ਕਰਵਾ ਸਕਦੇ। ਇੰਨਾ ਹੀ ਨਹੀਂ, ਨਾਬਾਲਿਗ ਨਾਲ ਸਰੀਰਕ ਸਬੰਧ ਬਣਾਉਣ ਦੇ ਦੋਸ਼ 'ਚ ਵਿਆਹ ਕਰਵਾਉਣ ਦੇ ਬਾਵਜੂਦ ਮੰਗੇਤਰ ਦਾ ਜੇਲ ਜਾਣਾ ਵੀ ਤੈਅ ਹੈ।

ਅਬਾਰਸ਼ਨ ਕਰਵਾਉਣ ਪਹੁੰਚੀ ਲੜਕੀ ਤੋਂ ਹੋਇਆ ਖੁਲਾਸਾ
ਲੜਕੇ ਨਾਲ ਸਬੰਧ ਬਣਾ ਕੇ ਲੜਕੀ ਗਰਭਵਤੀ ਹੋ ਗਈ। ਜਿਵੇਂ ਤਿਵੇਂ ਗੱਲ ਮਾਂ ਨੂੰ ਪਤਾ ਲੱਗੀ ਜੋ ਛੇ ਮਹੀਨੇ ਦੀ ਗਰਭਵਤੀ ਧੀ ਨੂੰ ਅਬਾਰਸ਼ਨ ਲਈ ਡੇਰਾਬੱਸੀ ਸਿਵਲ ਹਸਪਤਾਲ ਵਿਚ ਡਾਕਟਰ ਅਰਚਨਾ ਦੇ ਕੋਲ ਸੋਮਵਾਰ ਨੂੰ ਪਹੁੰਚੀ। ਹਸਪਤਾਲ ਦੇ ਸਟਾਫ ਨੇ ਇਸ ਦੀ ਸੂਚਨਾ ਤੁਰੰਤ ਡੇਰਾਬੱਸੀ ਪੁਲਸ ਨੂੰ ਦਿੱਤੀ ਜਿਸ 'ਤੇ ਪੁਲਸ ਨੇ ਲੜਕੀ ਅਤੇ ਉਸ ਦੀ ਮਾਂ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ। ਥੋੜ੍ਹੀ ਸਖਤੀ ਵਿਖਾਉਣ ਉੱਤੇ ਲੜਕੀ ਅਤੇ ਉਸਦੀ ਮਾਂ ਨੇ ਅਸਲੀਅਤ ਬਿਆਨ ਕੀਤੀ ।

ਮੰਗੇਤਰ 'ਤੇ ਰੇਪ ਅਤੇ ਧਮਕਾਉਣ ਦਾ ਕੇਸ ਦਰਜ
ਪੁਲਸ ਨੇ ਲੜਕੀ ਦੇ ਬਿਆਨ 'ਤੇ ਪ੍ਰਮੋਦ ਖਿਲਾਫ ਆਈ.ਪੀ.ਸੀ. ਦੀ 376 ਅਤੇ 506 ਦੇ ਤਹਿਤ ਕੇਸ ਦਰਜ ਕਰ ਲਿਆ ਹੈ। ਫਿਲਹਾਲ, ਉਸ ਨੂੰ ਡੇਰਾਬੱਸੀ ਸਿਵਲ ਹਸਪਤਾਲ ਤੋਂ ਪੀ. ਜੀ. ਆਈ.ਚੰਡੀਗੜ੍ਹ ਦਾਖਲ ਕਰਵਾ ਦਿੱਤਾ ਗਿਆ ਹੈ ਜਿੱਥੇ ਲੜਕੀ ਦੀ ਉਮਰ ਬਾਰੇ ਪ੍ਰਮਾਣ ਪੱਤਰ ਦੇ ਇਲਾਵਾ ਡਾਕਟਰਾਂ ਦਾ ਬੋਰਡ ਰਿਪੋਰਟ ਤਿਆਰ ਕਰੇਗਾ। ਇਸ ਦੇ ਇਲਾਵਾ ਬੱਚੇ ਦੀ ਸਿਹਤ ਅਤੇ ਹਾਲਤ ਬਾਰੇ ਵੀ ਬੋਰਡ ਹੀ ਰਿਪੋਰਟ ਕਰੇਗਾ। ਉਮਰ 18 ਸਾਲ ਤੋਂ ਘੱਟ ਹੋਈ ਤਾਂ ਨਾਬਾਲਿਗ ਨਾਲ ਸਰੀਰਕ ਸੰਬੰਧ ਬਣਾਉਣ ਦੇ ਦੋਸ਼ 'ਚ ਮੰਗੇਤਰ ਖਿਲਾਫ ਪੋਕਸੋ ਐਕਟ ਦੇ ਤਹਿਤ ਵੀ ਚਾਰਜਿਸ ਫਰੇਮ ਕੀਤੇ ਜਾਣਗੇ ।