ਪੁਲਸ ਦੱਸੇ ਕਿ ਸੰਨੀ ਜੇਲ 'ਚ ਰਹਿ ਕੇ ਦੁਬਈ ਜਾਂ UK ਕਿਵੇਂ ਜਾਂਦਾ ਰਿਹੈ : ਐਡਵੋਕੇਟ ਖਾਰਾ

11/26/2019 11:44:13 AM

ਬਠਿੰਡਾ (ਜ. ਬ.) : ਬਠਿੰਡਾ ਦੇ ਰਮਨਦੀਪ ਸਿੰਘ ਸੰਨੀ ਵਿਰੁੱਧ ਪੰਜਾਬ 'ਚ ਦਹਿਸ਼ਤਗਰਦੀ ਫੈਲਾਉਣ ਅਤੇ ਪਾਕਿਸਤਾਨ ਨਾਲ ਸਬੰਧ ਹੋਣ ਦੇ ਸ਼ੱਕ 'ਤੇ ਪੁਲਸ ਨੇ ਮੁਕੱਦਮਾ ਦਰਜ ਕੀਤਾ ਹੈ, ਜਿਸਦਾ ਵਿਰੋਧ ਕਰਦਿਆਂ ਐਡਵੋਕੇਟ ਹਰਪਾਲ ਸਿੰਘ ਖਾਰਾ ਨੇ ਪੁੱਛਿਆ ਕਿ ਹੁਣ ਪੁਲਸ ਦੱਸੇ ਕਿ ਸੰਨੀ ਜੇਲ 'ਚ ਬੰਦ ਹੋਣ ਦੇ ਬਾਵਜੂਦ ਦੁਬਈ ਜਾਂ ਯੂ. ਕੇ. ਕਿਵੇਂ ਜਾਂਦਾ ਰਿਹਾ ਹੈ।

ਐਡਵੋਕੇਟ ਖਾਰਾ ਅਨੁਸਾਰ ਰਮਨਦੀਪ ਸਿੰਘ ਸੰਨੀ ਵਾਸੀ ਬਠਿੰਡਾ ਨੂੰ ਕੋਤਵਾਲੀ ਪੁਲਸ ਬਠਿੰਡਾ ਨੇ 2014 ਦੌਰਾਨ ਗ੍ਰਿਫ਼ਤਾਰ ਕੀਤਾ ਸੀ, ਜਿਸ 'ਤੇ ਦੋਸ਼ ਸੀ ਕਿ ਉਸਦੇ ਅੱਤਵਾਦੀ ਜਥੇਬੰਦੀਆਂ ਨਾਲ ਸਬੰਧ ਹਨ, ਪਰ ਪੁਲਸ ਵੱਲੋਂ ਕੋਈ ਠੋਸ ਸਬੂਤ ਨਾ ਦਿੱਤੇ ਜਾ ਸਕੇ, ਜਿਸ ਕਾਰਨ ਅਦਾਲਤ ਨੇ ਉਸ ਨੂੰ ਫਰਵਰੀ 2019 'ਚ ਬਰੀ ਕਰ ਦਿੱਤਾ ਸੀ। ਇਸੇ ਦੌਰਾਨ 2017 ਵਿਚ ਸੰਨੀ ਜ਼ਮਾਨਤ 'ਤੇ ਜੇਲ 'ਚੋਂ ਬਾਹਰ ਆਇਆ ਸੀ ਤਾਂ ਮੋਹਾਲੀ ਪੁਲਸ ਨੇ ਉਸ ਨੂੰ ਤਿੰਨ ਕਾਰਤੂਸਾਂ ਸਣੇ ਗ੍ਰਿਫ਼ਤਾਰ ਕਰ ਲਿਆ ਸੀ। ਸੰਨੀ ਉਦੋਂ ਤੋਂ ਹੀ ਜੇਲ 'ਚ ਬੰਦ ਹੈ।

ਬੀਤੀ 4 ਨਵੰਬਰ ਨੂੰ ਮੋਹਾਲੀ ਪੁਲਸ ਨੇ ਸੰਨੀ ਤੋਂ ਇਲਾਵਾ ਲਖਵੀਰ ਸਿੰਘ ਵਾਸੀ ਦੁਬਈ, ਪਰਮਜੀਤ ਸਿੰਘ ਵਾਸੀ ਯੂ. ਕੇ. ਅਤੇ ਸੁਰਿੰਦਰ ਕੌਰ ਵਾਸੀ ਸਾਦਿਕ (ਫਰੀਦਕੋਟ) ਵਿਰੁੱਧ ਵੀ ਇਕ ਹੋਰ ਮੁਕੱਦਮਾ ਦਰਜ ਕੀਤਾ ਹੈ। ਜਿਸ ਰਾਹੀਂ ਦੋਸ਼ ਲਾਏ ਗਏ ਹਨ ਕਿ ਸੰਨੀ ਉਕਤ ਨਾਲ ਮਿਲ ਕੇ ਪੰਜਾਬ ਵਿਚ ਦਹਿਸ਼ਤਗਰਦੀ ਫੈਲਾਉਣ ਦੀਆਂ ਯੋਜਨਾਵਾਂ ਬਣਾ ਰਿਹਾ ਹੈ। ਦੋਸ਼ ਲੱਗੇ ਹਨ ਕਿ ਸੰਨੀ ਲਗਾਤਾਰ ਇਨ੍ਹਾਂ ਲੋਕਾਂ ਦੇ ਲਿੰਕ ਵਿਚ ਹੈ। ਜਦੋਂ ਕਿ ਇਨ੍ਹਾਂ ਨੂੰ ਪਾਕਿਸਤਾਨੀ ਜਥੇਬੰਦੀਆਂ ਦੀ ਵੀ ਸ਼ਹਿ ਹੈ, ਜੋ ਲਗਾਤਾਰ ਇਨ੍ਹਾਂ ਦੀ ਮੱਦਦ ਕਰ ਰਹੇ ਹਨ।

ਵਕੀਲ ਖਾਰਾ ਦਾ ਕਹਿਣਾ ਹੈ ਕਿ ਜਿਹੜਾ ਬੰਦਾ ਢਾਈ ਸਾਲਾਂ ਤੋਂ ਜੇਲ 'ਚ ਬੰਦ ਹੈ, ਫਿਰ ਉਹ ਕਿਵੇਂ ਦੁਬਈ ਜਾਂ ਯੂ. ਕੇ. ਵਾਲੇ ਬੰਦਿਆਂ ਦੇ ਲਿੰਕ ਵਿਚ ਹੈ। ਉਨ੍ਹਾਂ ਕਿਹਾ ਕਿ ਦਰਅਸਲ ਪੁਲਸ ਦਾ ਕਾਰਤੂਸਾਂ ਵਾਲਾ ਮਾਮਲਾ ਕਮਜ਼ੋਰ ਹੈ, ਪਰ ਪੁਲਸ ਸੰਨੀ ਨੂੰ ਬਾਹਰ ਨਹੀਂ ਆਉਣਾ ਦੇਣਾ ਚਾਹੁੰਦੀ। ਇਸ ਲਈ ਹੀ ਇਹ ਮੁਕੱਦਮਾ ਬੇ-ਬੁਨਿਆਦ ਦਰਜ ਕੀਤਾ ਗਿਆ ਹੈ। ਜੋ ਕਿ ਸ਼ਰੇਆਮ ਝੂਠਾ ਹੈ। ਉਹ ਇਸ ਮਾਮਲੇ ਨੂੰ ਅਦਾਲਤ ਵਿਚ ਚੈਲੰਜ ਕਰਨਗੇ।

cherry

This news is Content Editor cherry