ਡੀ. ਐੱਸ. ਪੀ. ਦੇ ਪੁੱਤਰ ਨੇ ਜੱਜ ਬਣ ਰੌਸ਼ਨ ਕੀਤਾ ਪੰਜਾਬ ਦਾ ਨਾਂ (ਵੀਡੀਓ)

02/16/2020 1:04:25 PM

ਬਠਿੰਡਾ (ਵਰਮਾ,ਕੁਨਾਲ) : ਬਠਿੰਡਾ 'ਚ ਤਾਇਨਾਤ ਡੀ. ਐੱਸ. ਪੀ. ਅਮਰਜੀਤ ਸਿੰਘ ਸਿੱਧੂ ਦਾ ਬੇਟਾ ਜੱਜ ਦੀ ਪ੍ਰੀਖਿਆ ਪਾਸ ਕਰਕੇ ਸਿਵਲ ਜੱਜ ਅਤੇ ਜੁਡੀਸ਼ੀਅਲ ਮੈਜਿਸਟ੍ਰੇਟ ਬਣ ਗਿਆ ਹੈ। ਸ਼ਨੀਵਾਰ ਨੂੰ ਨਤੀਜੇ ਐਲਾਨੇ ਗਏ, ਜਿਸ 'ਚ ਉਸ ਨੇ 6ਵਾਂ ਰੈਂਕ ਹਾਸਲ ਕੀਤਾ, ਜਦਕਿ ਪੰਜਾਬ ਭਰ 'ਚੋਂ 7 ਹਜ਼ਾਰ ਵਿਦਿਆਰਥੀ ਪ੍ਰੀਖਿਆ ਕੇਂਦਰ 'ਚ ਬੈਠੇ ਸਨ। ਕੁੱਲ 28 ਦੀ ਚੋਣ ਹੋਈ, ਜਿਸ 'ਚ ਚੰਗੇ ਅੰਕ ਪ੍ਰਾਪਤ ਕਰ ਕੇ ਸੁਖਮਨਦੀਪ ਸਿੰਘ ਨੇ ਇਹ ਮੰਜ਼ਿਲ ਹਾਸਲ ਕੀਤੀ।

ਉਸ ਨੇ ਇਸ ਦਾ ਸਿਹਰਾ ਆਪਣੇ ਮਾਪਿਆਂ ਨੂੰ ਦਿੱਤਾ, ਜਿਨ੍ਹਾਂ ਨੇ ਚੰਗੇ ਸੰਸਕਾਰ ਦਿੱਤੇ ਅਤੇ ਪੜ੍ਹਾਈ 'ਚ ਮਦਦ ਕੀਤੀ। ਵਿਸ਼ੇਸ਼ ਮਿਲਣੀ ਦੌਰਾਨ ਜੱਜ ਬਣੇ ਸਿੱਧੂ ਨੇ ਕਿਹਾ ਕਿ ਉਸ ਨੇ ਨਵੰਬਰ 'ਚ ਰਾਜਸਥਾਨ ਜੱਜ ਲਈ ਪ੍ਰੀਖਿਆ ਦਿੱਤੀ ਸੀ, ਉਸ 'ਚ ਵੀ ਸਿਲੈਕਟ ਹੋਇਆ, ਜਦਕਿ ਦਿੱਲੀ 'ਚ ਵੀ ਜੱਜ ਦੀ ਪ੍ਰੀਖਿਆ ਪਾਸ ਕੀਤੀ। 3 ਸੂਬਿਆਂ 'ਚ ਜੱਜ ਬਣਨ ਦੇ ਬਾਵਜੂਦ ਉਸ ਨੇ ਪੰਜਾਬ ਨੂੰ ਪਹਿਲ ਦਿੱਤੀ ਅਤੇ ਕਿਹਾ ਕਿ ਉਹ ਆਪਣੀ ਜਨਮ ਭੂਮੀ ਪੰਜਾਬ 'ਚ ਹੀ ਸੇਵਾ ਨਿਭਾਉਣਾ ਚਾਹੁੰਦਾ ਹੈ। ਮਿਸ਼ਨ ਬਾਰੇ ਉਸ ਨੇ ਦੱਸਿਆ ਕਿ ਉਹ ਗਰੀਬ ਅਤੇ ਜ਼ਰੂਰਤਮੰਦਾਂ ਨੂੰ ਇਨਸਾਫ ਦੇਣਾ ਪਸੰਦ ਕਰੇਗਾ।

ਨੌਜਵਾਨਾਂ ਨੂੰ ਸੰਦੇਸ਼ ਦਿੰਦਿਆਂ ਉਸ ਨੇ ਕਿਹਾ ਕਿ ਲਗਨ ਅਤੇ ਮਿਹਨਤ ਨਾਲ ਪੜ੍ਹਾਈ ਕਰਨ ਨਾਲ ਕੋਈ ਵੀ ਮੰਜ਼ਿਲ ਹਾਸਲ ਕੀਤੀ ਜਾ ਸਕਦੀ ਹੈ। ਨਸ਼ਿਆਂ ਤੋਂ ਨੌਜਵਾਨ ਪੀੜ੍ਹੀ ਨੂੰ ਦੂਰ ਰਹਿਣਾ ਚਾਹੀਦਾ ਹੈ ਅਤੇ ਆਪਣੇ ਸੂਬੇ ਦੀ ਖੁਸ਼ਹਾਲੀ ਲਈ ਕੰਮ ਕਰਨਾ ਚਾਹੀਦਾ ਹੈ। ਮਾਪਿਆਂ ਤੋਂ ਉਸ ਨੂੰ ਵਿਰਾਸਤ 'ਚ ਇਹੀ ਸੰਦੇਸ਼ ਮਿਲਿਆ ਕਿ ਆਪਣੇ ਦੇਸ਼ ਅਤੇ ਸੂਬੇ ਦੀ ਸੇਵਾ ਅਤੇ ਗਰੀਬਾਂ ਨੂੰ ਇਨਸਾਫ ਮਿਲੇ।

ਕੀ ਕਹਿਣਾ ਹੈ ਪਿਤਾ ਦਾ
ਪਿਤਾ ਅਮਰਜੀਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਕਿ ਬੇਟੇ ਨੇ 3-3 ਸੂਬਿਆਂ 'ਚ ਜੱਜ ਦੀ ਪ੍ਰੀਖਿਆ ਪਾਸ ਕੀਤੀ, ਜਦਕਿ ਪਹਿਲ ਪੰਜਾਬ ਨੂੰ ਦਿੱਤੀ। ਉਨ੍ਹਾਂ ਕਿਹਾ ਕਿ ਆਪਣੇ ਦੇਸ਼ 'ਚ ਉਸ ਨੇ ਗਰੀਬਾਂ ਅਤੇ ਜ਼ਰੂਰਤਮੰਦਾਂ ਨੂੰ ਇਨਸਾਫ ਦੇਣ ਦੀ ਗੱਲ ਕਹੀ ਇਹ ਸਭ ਤੋਂ ਅਹਿਮ ਕੜੀ ਹੈ। ਡੀ. ਐੱਸ. ਪੀ. ਸਿੱਧੂ ਨੇ ਕਿਹਾ ਕਿ ਉਹ ਵੀ ਨੌਕਰੀ ਦੌਰਾਨ ਸਾਫ-ਸੁਥਰਾ ਅਕਸ ਬਣਾਉਣ 'ਚ ਸਫਲ ਰਹੇ ਅਤੇ ਉਨ੍ਹਾਂ ਨੇ ਬੇਟੇ ਨੂੰ ਵੀ ਇਹ ਪ੍ਰੇਰਣਾ ਦਿੱਤੀ ਹੈ ਕਿ ਈਮਾਨਦਾਰੀ ਨਾਲ ਨਾਂ ਕਮਾਓ। ਪੜ੍ਹਾਈ ਬਾਰੇ ਉਨ੍ਹਾਂ ਕਿਹਾ ਕਿ ਉਹ ਸਾਰੀ-ਸਾਰੀ ਰਾਤ ਪੜ੍ਹਦਾ ਸੀ, ਉਸ ਨੂੰ ਨਾ ਖਾਣ ਦੀ ਚਿੰਤਾ ਨਾ ਹੀ ਪਾਉਣ ਦੀ ਚਿੰਤਾ ਸੀ। ਵਾਹਿਗੁਰੂ ਨੇ ਉਸ ਦੀ ਮਿਹਨਤ ਨੂੰ ਫਲ ਲਾਇਆ।

cherry

This news is Content Editor cherry