ਬੱਸੀ ਪਠਾਣਾਂ ''ਚ ਆਵਾਰਾ ਕੁੱਤਿਆਂ, ਪਸ਼ੂਆਂ ਤੇ ਬਾਂਦਰਾਂ ਦਾ ਕਹਿਰ

09/05/2019 11:42:04 AM

ਬੱਸੀ ਪਠਾਣਾਂ (ਰਾਜਕਮਲ)— ਜਿੱਥੇ ਸ਼ਹਿਰ ਬੱਸੀ ਪਠਾਣਾਂ ਦੀ ਆਬਾਦੀ ਕਰੀਬ 20 ਹਜ਼ਾਰ ਦੱਸੀ ਜਾਂਦੀ ਹੈ ਉਥੇ ਸ਼ਹਿਰ 'ਚ ਆਵਾਰਾ ਪਸ਼ੂਆਂ, ਕੁੱਤਿਆਂ ਤੇ ਬਾਂਦਰਾਂ ਦੀ ਫੌਜ ਨੇ ਵੀ ਆਪਣਾ-ਆਪਣਾ ਰਾਜ ਸਥਾਪਤ ਕਰ ਲਿਆ ਹੈ ਜੋ ਅਕਸਰ ਗਲੀਆਂ 'ਚ ਘੁੰਮਦੇ ਦਿਖਾਈ ਦਿੰਦੇ ਹਨ ਤੇ ਆਏ ਦਿਨ ਲੋਕਾਂ 'ਤੇ ਹਮਲਾ ਕਰ ਕੇ ਉਨ੍ਹਾਂ ਨੂੰ ਜ਼ਖ਼ਮੀ ਕਰ ਰਹੇ ਹਨ। ਇਨ੍ਹਾਂ ਦੀ ਗਿਣਤੀ ਇਸ ਹੱਦ ਤੱਕ ਵਧ ਚੁੱਕੀ ਹੈ ਕਿ ਸ਼ਹਿਰ ਵਾਸੀ ਡਰ ਦੇ ਸਾਏ ਹੇਠ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਹੋ ਚੁੱਕੇ ਹਨ। ਇਸ ਸਬੰਧੀ ਕਈ ਵਾਰ ਨਗਰ ਕੌਂਸਲ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਜਾਣੂ ਕਰਵਾਇਆ ਜਾ ਚੁੱਕਿਆ ਹੈ ਪਰ ਹੁਣ ਡਿਪਟੀ ਕਮਿਸ਼ਨਰ ਦੇ ਹੁਕਮਾਂ 'ਤੇ ਵੀ ਆਵਾਰਾ ਪਸ਼ੂਆਂ ਤੋਂ ਸ਼ਹਿਰ ਨੂੰ ਰਾਹਤ ਦੁਆਉਣ ਦੀ ਸਮੱਸਿਆ ਪ੍ਰਤੀ ਵੀ ਸਥਾਨਕ ਪ੍ਰਸ਼ਾਸਨ ਗੰਭੀਰ ਨਜ਼ਰ ਨਹੀਂ ਆ ਰਿਹਾ ਹੈ ਤੇ ਮੌਜੂਦਾ ਸਮੇਂ 'ਚ ਸ਼ਹਿਰ ਦੇ ਹਾਲਾਤ ਇਹ ਹੋ ਚੁੱਕੇ ਹਨ ਕਿ ਸ਼ਹਿਰ ਵਾਸੀ ਸਵੇਰੇ ਸੈਰ ਕਰਨ ਤੋਂ ਵੀ ਗੁਰੇਜ਼ ਕਰ ਰਹੇ ਹਨ ਤੇ ਸ਼ਾਮ ਨੂੰ ਘਰ 'ਚੋਂ ਨਿਕਲਣ ਤੋਂ ਵੀ ਡਰਦੇ ਹਨ।

ਬੇਸਹਾਰਾ ਪਸ਼ੂ ਕਰ ਰਹੇ ਹਨ ਹਮਲੇ
ਸ਼ਹਿਰ ਵਿਚ ਹਰ ਗਲੀ, ਚੌਂਕ 'ਤੇ ਘੁੰਮ ਰਹੇ ਬੇਸਹਾਰਾ ਪਸ਼ੂ ਹੁਣ ਭਿਆਨਕ ਰੂਪ ਅਖਤਿਆਰ ਕਰਦੇ ਜਾ ਰਹੇ ਹਨ। ਕਈ ਪਸ਼ੂ ਅਜਿਹੇ ਹਨ ਜੋ ਰੋਜ਼ਾਨਾ ਹੀ ਕਿਸੇ ਨਾ ਕਿਸੇ ਵਿਅਕਤੀ 'ਤੇ ਹਮਲਾ ਕਰ ਰਹੇ ਹਨ, ਜਿਸ ਕਾਰਣ ਲੋਕ ਇਨ੍ਹਾਂ ਪਸ਼ੂਆਂ ਤੋਂ ਦੂਰੀ ਬਣਾ ਕੇ ਹੀ ਨਿਕਲਣ 'ਚ ਆਪਣੀ ਭਲਾਈ ਸਮਝਦੇ ਹਨ। ਜਿੱਥੇ ਸਾਨ੍ਹ ਸੜਕ ਜਾਂ ਗਲੀ ਦੇ ਵਿਚਕਾਰ ਖੜ੍ਹੇ ਹੋਣ ਤਾਂ ਲੋਕ ਆਪਣਾ ਰਾਹ ਹੀ ਬਦਲ ਲੈਂਦੇ ਹਨ। ਕਈ ਸਕੂਲੀ ਬੱਚੇ ਪੈਦਲ ਸਕੂਲ ਜਾਂਦੇ ਹਨ, ਜਿਨ੍ਹਾਂ ਲਈ ਇਹ ਪਸ਼ੂ ਕਿਸੇ ਸਮੇਂ ਵੀ ਖਤਰਨਾਕ ਸਾਬਤ ਹੋ ਸਕਦੇ ਹਨ। ਗਡੌਲੀਆਂ 'ਚ ਬਣਾਈ ਗਈ ਸਰਕਾਰੀ ਗਊਸ਼ਾਲਾ ਹੋਣ ਦੇ ਬਾਵਜੂਦ ਸੜਕਾਂ 'ਤੇ ਘੁੰਮ ਰਹੇ ਇਨ੍ਹਾਂ ਪਸ਼ੂਆਂ ਨੂੰ ਉੱਥੇ ਪਹੁੰਚਾਉਣ ਦਾ ਕੋਈ ਇੰਤਜਾਮ ਨਹੀਂ ਕੀਤਾ ਜਾ ਰਿਹਾ ਤੇ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਇਸ ਤੋਂ ਇਲਾਵਾ ਇਹ ਪਸ਼ੂ ਸੜਕਾਂ 'ਤੇ ਆ ਕੇ ਹਾਦਸਿਆਂ ਦਾ ਕਾਰਣ ਵੀ ਬਣ ਰਹੇ ਹਨ।

ਬਾਂਦਰਾਂ ਨੇ ਪਾਇਆ ਭੜਥੂ :
ਸ਼ਹਿਰ ਦੇ ਸਿਵਲ ਹਸਪਤਾਲ ਦੇ ਨੇੜੇ ਸੈਂਕੜਿਆਂ ਦੀ ਗਿਣਤੀ ਵਿਚ ਬਾਂਦਰਾਂ ਨੇ ਭੜਥੂ ਪਾਇਆ ਹੋਇਆ ਹੈ ਜੋ ਥਾਣਾ, ਕਚਹਿਰੀ ਤੇ ਐੱਸ. ਡੀ. ਐੱਮ. ਦਫ਼ਤਰ ਵਿਚ ਆਉਣ ਜਾਣ ਵਾਲਿਆਂ 'ਤੇ ਕਈ ਵਾਰ ਹਮਲਾ ਵੀ ਕਰ ਚੁੱਕੇ ਹਨ। ਇਨਾਂ ਹੀ ਨਹੀਂ ਹਸਪਤਾਲ 'ਚ ਦਾਖਲ ਮਰੀਜ਼ਾਂ ਲਈ ਜੇਕਰ ਕੋਈ ਖਾਣ-ਪੀਣ ਦਾ ਸਾਮਾਨ ਕਿਸੇ ਥੈਲੇ ਜਾਂ ਲਿਫਾਫੇ 'ਚ ਲੈ ਕੇ ਆਉਂਦੇ ਹਨ ਤਾਂ ਬਾਂਦਰ ਉਸ 'ਤੇ ਹਮਲਾ ਕਰ ਕੇ ਖੋਹ ਲੈਂਦੇ ਹਨ। ਡਰ ਦੇ ਕਾਰਣ ਲੋਕ ਬਚ-ਬਚਾ ਕੇ ਹਸਪਤਾਲ 'ਚ ਆਉਂਦੇ ਜਾਂਦੇ ਹਨ। ਬਾਂਦਰਾਂ ਨੂੰ ਭਜਾਉਣ ਲਈ ਕੁਝ ਸਮਾਂ ਪਹਿਲਾਂ ਨਗਰ ਕੌਂਸਲ ਵੱਲੋਂ ਅਜਿਹੇ ਵਿਅਕਤੀ ਬੁਲਾਏ ਗਏ ਸੀ ਜੋ ਲੰਗੂਰ ਦੀਆਂ ਆਵਾਜ਼ਾਂ ਕੱਢਦੇ ਸੀ ਤੇ ਉਨ੍ਹਾਂ ਦੀ ਆਵਾਜ਼ ਸੁਣ ਕੇ ਬਾਂਦਰ ਭੱਜ ਜਾਂਦੇ ਸਨ ਤੇ ਪ੍ਰਸ਼ਾਸਨ ਵੱਲੋਂ ਬਾਂਦਰ ਫੜਨ ਲਈ ਜੰਗਲਾਤ ਕਰਮਚਾਰੀਆਂ ਨੂੰ ਵੀ ਭੇਜਿਆ ਗਿਆ ਸੀ ਪਰ ਇਹ ਕਰਮਚਾਰੀ ਵੀ ਤਿੰਨ ਚਾਰ ਦਿਨ ਹੀ ਇੱਥੇ ਆਏ ਤੇ ਸਿਰਫ਼ ਖਾਨਾਪੂਰਤੀ ਕਰ ਕੇ ਚਲਦੇ ਬਣੇ। ਮੌਜੂਦਾ ਸਮੇਂ 'ਚ ਸੈਂਕੜਿਆਂ ਦੀ ਗਿਣਤੀ ਵਿਚ ਬਾਦਰਾਂ ਨੇ ਫਿਰ ਤੋਂ ਇਸ ਰੋਡ 'ਤੇ ਸਥਿਤ ਸਰਕਾਰੀ ਡਾਕਟਰਾਂ ਦੇ ਰਹਿਣ ਲਈ ਬਣਾਏ ਗਏ ਖੰਡਰ ਹੋ ਚੁੱਕੇ ਕੁਆਰਟਰਾਂ 'ਚ ਆਪਣਾ ਡੇਰਾ ਲਾਇਆ ਹੋਇਆ ਹੈ, ਜੋ ਕਚਹਿਰੀ ਤੇ ਥਾਣੇ 'ਚ ਆਉਣ ਵਾਲੀਆਂ ਗੱਡੀਆਂ ਦੇ ਸ਼ੀਸ਼ੇ ਵੀ ਤੋੜ ਦਿੰਦੇ ਹਨ। ਇਸ ਰੋਡ 'ਤੇ ਬੱਚਿਆਂ ਦੇ ਦੋ ਸਕੂਲ ਵੀ ਹਨ ਤੇ ਇਹ ਬਾਂਦਰ ਉਨ੍ਹਾਂ ਲਈ ਵੀ ਖਤਰਾ ਬਣੇ ਹੋਏ ਹਨ।

ਖਤਰਨਾਕ ਕੁੱਤਿਆਂ ਦਾ ਗੈਂਗ ਵੀ ਫੈਲਾ ਰਿਹੈ ਦਹਿਸ਼ਤ :
ਬੱਸੀ ਪਠਾਣਾਂ 'ਚ ਆਵਾਰਾ ਤੇ ਖਤਰਨਾਕ ਕੁੱਤਿਆਂ ਦਾ ਗੈਂਗ ਵੀ ਲੋਕਾਂ 'ਚ ਦਹਿਸ਼ਤ ਫੈਲਾ ਰਿਹਾ ਹੈ। ਹਰ ਗਲੀ ਵਿਚ 7-8 ਕੁੱਤੇ ਅਕਸਰ ਗੈਂਗ ਦੇ ਰੂਪ 'ਚ ਦਿਖਾਈ ਦਿੰਦੇ ਹਨ ਤੇ ਕਈ ਕੁੱਤਿਆਂ ਨੇ ਲੋਕਾਂ 'ਤੇ ਹਮਲਾ ਕਰ ਕੇ ਉਨ੍ਹਾਂ ਨੂੰ ਜ਼ਖ਼ਮੀ ਵੀ ਕੀਤਾ ਹੈ। ਇਨ੍ਹਾਂ ਦੀ ਲਗਾਤਾਰ ਵਧਦੀ ਜਾ ਰਹੀ ਗਿਣਤੀ ਸ਼ਹਿਰ ਵਾਸੀਆਂ ਲਈ ਗੰਭੀਰ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ, ਕਿਉਂਕਿ ਜਦੋਂ ਉਹ ਆਉਂਦੇ ਜਾਂਦੇ ਹਨ ਤਾਂ ਉਨ੍ਹਾਂ ਨੂੰ ਇਸ ਸਬੰਧੀ ਪਤਾ ਹੀ ਨਹੀਂ ਹੁੰਦਾ ਕਿ ਕਦੋਂ ਅਤੇ ਕਿਹੜਾ ਕੁੱਤਾ ਉਨ੍ਹਾਂ 'ਤੇ ਹਮਲਾ ਕਰ ਦੇਵੇ। ਕੁੱਤਿਆਂ ਦੇ ਡਰ ਦੇ ਕਾਰਣ ਲੋਕ ਹੁਣ ਸਵੇਰੇ ਸੈਰ ਕਰਨ ਤੋਂ ਵੀ ਕਤਰਾ ਰਹੇ ਹਨ। ਪਿਛਲੇ ਦਿਨਾਂ ਸਿਹਤ ਵਿਭਾਗ ਵਲੋਂ ਕੁੱਤਿਆਂ ਦੀ ਗਿਣਤੀ ਨੂੰ ਕੰਟਰੋਲ ਕਰਨ ਲਈ ਮੰਡੀ ਗੋਬਿੰਦਗੜ੍ਹ 'ਚ ਹਜ਼ਾਰਾਂ ਹੀ ਕੁੱਤਿਆਂ ਨੂੰ ਫੜ ਕੇ ਨਸਬੰਦੀ ਕੀਤੀ ਗਈ ਸੀ ਪਰ ਬੱਸੀ ਪਠਾਣਾਂ 'ਚ ਅਜਿਹੀ ਕੋਈ ਮੁਹਿੰਮ ਨਹੀਂ ਚਲਾਈ ਗਈ, ਜਿਸ ਕਾਰਣ ਇਨ੍ਹਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ਅਤ ਪ੍ਰਸ਼ਾਸਨ ਦੀ ਚੁੱਪੀ ਕਾਰਣ ਲੋਕਾਂ 'ਚ ਭਾਰੀ ਮਾਯੂਸੀ ਪਾਈ ਜਾ ਰਹੀ ਹੈ।

ਕੀ ਆਖਣਾ ਹੈ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾ 'ਮਿਸ਼ਨ ਕਲੀਨ' ਦਾ :
ਇਸ ਸਬੰਧੀ ਮਿਸ਼ਨ ਕਲੀਨ ਦੇ ਚੇਅਰਮੈਨ ਅਮਰਜੀਤ ਸਿੰਘ ਕੋਹਲੀ, ਖੁਸ਼ਦੀਪ ਮਲਹੋਤਰਾ, ਕਮਲ ਵਧਵਾ, ਅਮਿਤ ਵਰਮਾ, ਗੁਰਪਾਲ ਸਿੰਘ ਅਤੇ ਹੋਰ ਅਹੁਦੇਦਾਰਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਬੇਸਹਾਰਾ ਪਸ਼ੂਆਂ, ਕੁੱਤਿਆਂ ਤੇ ਖਤਰਨਾਕ ਬਾਂਦਰਾਂ ਤੋਂ ਰਾਹਤ ਦੁਆਉਣ 'ਚ ਸਥਾਨਕ ਪ੍ਰਸ਼ਾਸਨ ਡਿਪਟੀ ਕਮਿਸ਼ਨਰ ਦੇ ਹੁਕਮਾਂ ਨੂੰ ਵੀ ਟਿੱਚ ਸਮਝ ਨਹੀਂ ਮੰਨਦਾ। ਇਹੋ ਕਾਰਣ ਹੈ ਕਿ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤੋਂ ਬਾਅਦ ਵੀ ਸਥਾਨਕ ਪ੍ਰਸ਼ਾਸਨ ਆਵਾਰਾ ਕੁੱਤਿਆਂ ਨੂੰ ਫੜਨ ਦੀ ਥਾਂ ਕੁੰਭਕਰਨੀ ਨੀਂਦ ਸੌ ਰਿਹਾ ਹੈ ਤੇ ਕਿਸੇ ਦੁਰਘਟਨਾ ਤੋਂ ਬਾਅਦ ਹੀ ਬੇਸਹਾਰਾ ਪਸ਼ੂਆਂ ਨੂੰ ਫੜ ਕੇ ਗਊਸ਼ਾਲਾ 'ਚ ਭੇਜੇ ਜਾਣ ਦੀ ਮੁਹਿੰਮ ਦਾ ਸਵਾਗਤ ਕਰਦਿਆਂ ਕਿਹਾ ਕਿ ਜੇਕਰ ਸਥਾਨਕ ਪ੍ਰਸ਼ਾਸਨ ਉਨ੍ਹਾਂ ਦਾ ਸਾਥ ਦੇਵੇ ਤਾਂ ਮਿਸ਼ਨ ਕਲੀਨ ਦੇ ਸਮੁੱਚੇ ਮੈਂਬਰ ਇਸ ਮੁਹਿੰਮ 'ਚ ਹਿੱਸਾ ਲੈਂਦਿਆਂ 'ਪਸ਼ੂ ਪਕੜੋ' ਮੁਹਿੰਮ 'ਚ ਸਹਿਯੋਗ ਕਰਨ ਨੂੰ ਤਿਆਰ ਹਨ।

ਗਊਸ਼ਾਲਾ ਤੇ ਪ੍ਰਸ਼ਾਸਨ ਦੇ ਧਿਆਨ 'ਚ ਲਿਆ ਕੇ ਸਮੱਸਿਆਵਾਂ ਦਾ ਕਰਵਾਇਆ ਜਾਵੇਗਾ ਹੱਲ : ਈ. ਓ. ਸੁਰਜੀਤ ਸਿੰਘ
ਜਦੋਂ ਇਸ ਸਬੰਧੀ ਕਾਰਜਕਾਰੀ ਅਧਿਕਾਰੀ ਸੁਰਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਆਵਾਰਾ ਕੁੱਤਿਆਂ ਤੇ ਬਾਂਦਰਾਂ ਦੀ ਗੰਭੀਰ ਸਮੱਸਿਆ ਨੂੰ ਛੇਤੀ ਹੀ ਪ੍ਰਸ਼ਾਸਨ ਦੇ ਧਿਆਨ 'ਚ ਲਿਆ ਕੇ ਸਮੱਸਿਆ ਦਾ ਹੱਲ ਕੀਤਾ ਜਾਵੇਗਾ। ਇਸ ਤੋਂ ਇਲਾਵਾ ਬੇਸਹਾਰਾ ਪਸ਼ੂਆਂ ਨੂੰ ਗਊਸ਼ਾਲਾ ਪ੍ਰਬੰਧਕਾਂ ਤੇ ਗਡੌਲੀਆਂ ਦੀ ਸਰਕਾਰੀ ਗਊਸ਼ਾਲਾ 'ਚ ਛੇਤੀ ਹੀ ਭੇਜਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ਤੇ ਸਮੁੱਚੀਆਂ ਸਮੱਸਿਆਵਾਂ ਪ੍ਰਸ਼ਾਸਨ ਦੇ ਧਿਆਨ 'ਚ ਲਿਆ ਕੇ ਛੇਤੀ ਇਨ੍ਹਾਂ ਦਾ ਹੱਲ ਕਰਵਾਉਣ ਦਾ ਯਤਨ ਕੀਤਾ ਜਾਵੇਗਾ।

Shyna

This news is Content Editor Shyna