ਬਰਨਾਲਾ 'ਚ ਡਾਕਟਰਾਂ ਨੇ ਹਸਪਤਾਲ ਬੰਦ ਕਰਕੇ ਕੀਤੀ ਹੜਤਾਲ

06/17/2019 5:05:00 PM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਇੰਡੀਅਨ ਮੈਡੀਕਲ ਐਸੋ. ਦੇ ਸੱਦੇ 'ਤੇ ਬਰਨਾਲਾ ਦੇ ਸਮੂਹ ਪ੍ਰਾਈਵੇਟ ਡਾਕਟਰਾਂ ਨੇ ਆਪਣੇ ਹਸਪਤਾਲ ਬੰਦ ਕਰ ਕੇ ਹੜਤਾਲ ਕੀਤੀ। ਇੰਡੀਅਨ ਮੈਡੀਕਲ ਐਸੋ. ਦੇ ਸਮਰਥਨ 'ਤੇ ਇੰਡੀਅਨ ਡੈਂਟਲ ਦੇ ਡਾਕਟਰ ਵੀ ਸਮਰਥਨ 'ਚ ਆ ਗਏ ਅਤੇ ਉਹ ਵੀ ਆਪਣੇ ਕਲੀਨਿਕ ਬੰਦ ਕਰ ਕੇ ਹੜਤਾਲ 'ਚ ਸ਼ਾਮਲ ਹੋਏ।

ਗੱਲਬਾਤ ਕਰਦਿਆਂ ਇੰਡੀਅਨ ਮੈਡੀਕਲ ਐਸੋ. ਦੇ ਪ੍ਰਧਾਨ ਡਾ. ਆਰ. ਸੀ. ਗਰਗ ਨੇ ਕਿਹਾ ਕਿ ਦੇਸ਼ 'ਚ ਡਾਕਟਰਾਂ 'ਤੇ ਲਗਾਤਾਰ ਹਮਲੇ ਹੋ ਰਹੇ ਹਨ। ਪਿਛਲੇ ਦਿਨੀਂ ਕੋਲਕਾਤਾ ਵਿਖੇ ਇਕ ਡਾਕਟਰ 'ਤੇ ਹਮਲਾ ਕਰ ਕੇ ਉਸ ਨੂੰ ਗੰਭੀਰ ਰੂਪ 'ਚ ਜ਼ਖਮੀ ਕਰ ਦਿੱਤਾ ਗਿਆ। ਜ਼ਖਮੀ ਡਾਕਟਰ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਦੇਸ਼ 'ਚ ਡਾਕਟਰਾਂ ਦੀ ਸੁਰੱਖਿਆ ਲਈ ਕੋਈ ਕਾਨੂੰਨ ਨਹੀਂ। ਇਸ ਲਈ ਡਾਕਟਰਾਂ 'ਤੇ ਹਮਲੇ ਹੋ ਰਹੇ ਹਨ। ਬਿਨਾਂ ਸੁਰੱਖਿਆ ਤੋਂ ਡਾਕਟਰ ਕੰਮ ਨਹੀਂ ਕਰ ਸਕਦੇ। ਸਾਡੀ ਮੰਗ ਹੈ ਕਿ ਕੇਂਦਰ ਸਰਕਾਰ ਇਸ ਲਈ ਸਖਤ ਆਈ. ਪੀ. ਸੀ. ਕਾਨੂੰਨ ਬਣਾਵੇ ਤਾਂ ਜੋ ਡਾਕਟਰਾਂ 'ਤੇ ਹਮਲੇ ਹੋਣੇ ਬੰਦ ਹੋਣ। ਕੋਲਕਾਤਾ ਦੇ ਡਾਕਟਰ 'ਤੇ ਹੋਏ ਹਮਲੇ ਦੇ ਵਿਰੋਧ 'ਚ ਅੱਜ ਅਸੀਂ 24 ਘੰਟੇ ਦੀ ਹੜਤਾਲ ਕੀਤੀ ਹੈ। ਸਵੇਰੇ 6 ਵਜੇ ਤੋਂ ਮੰਗਲਵਾਰ ਸਵੇਰੇ 6 ਵਜੇ ਤੱਕ ਸਾਡੀਆਂ ਸੇਵਾਵਾਂ ਪੂਰਨ ਤੌਰ 'ਤੇ ਬੰਦ ਰਹਿਣਗੀਆਂ।

ਸੀਨੀਅਰ ਡਾਕਟਰ ਕੇ. ਕੇ. ਗੋਇਲ ਨੇ ਕਿਹਾ ਕਿ ਕੋਈ ਵੀ ਡਾਕਟਰ ਅਜਿਹਾ ਨਹੀਂ ਚਾਹੁੰਦਾ ਕਿ ਉਸ ਦੇ ਮਰੀਜ਼ ਦਾ ਕੋਈ ਨੁਕਸਾਨ ਹੋਵੇ, ਡਾਕਟਰ ਆਪਣੇ ਮਰੀਜ਼ ਨੂੰ ਬਚਾਉਣ ਲਈ ਦਿਨ-ਰਾਤ ਇਕ ਕਰ ਦਿੰਦਾ ਹੈ ਪਰ ਜੇਕਰ ਕਿਸੇ ਗੰਭੀਰ ਹਾਲਤ ਵਿਚ ਮਰੀਜ਼ ਦੀ ਮੌਤ ਹੋ ਜਾਂਦੀ ਹੈ ਤਾਂ ਇਸ ਲਈ ਡਾਕਟਰ ਨੂੰ ਜ਼ਿੰਮੇਵਾਰ ਠਹਿਰਾ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ 'ਤੇ ਹਮਲੇ ਕਰ ਦਿੱਤੇ ਜਾਂਦੇ ਹਨ। ਦੇਸ਼ 'ਚ ਡਾਕਟਰਾਂ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ ਕਿਉਂਕਿ ਡਾਕਟਰਾਂ ਨੂੰ ਧਰਤੀ 'ਤੇ ਭਗਵਾਨ ਦਾ ਦਰਜਾ ਦਿੱਤਾ ਜਾਂਦਾ ਹੈ। ਜੇਕਰ ਕੋਈ ਡਾਕਟਰ ਕੋਈ ਗਲਤੀ ਵੀ ਕਰਦਾ ਹੈ ਤਾਂ ਸਰਕਾਰ ਨੂੰ ਉਸ ਡਾਕਟਰ ਵਿਰੁੱਧ ਜਾਂਚ ਬਿਠਾਏ ਨਾ ਕਿ ਡਾਕਟਰਾਂ 'ਤੇ ਹਮਲੇ ਹੋਣ। ਜੇਕਰ ਦੇਸ਼ 'ਚ ਡਾਕਟਰਾਂ 'ਤੇ ਅਜਿਹੇ ਹਮਲੇ ਹੁੰਦੇ ਰਹੇ ਤਾਂ ਮਜਬੂਰੀਵਸ਼ ਡਾਕਟਰਾਂ ਨੂੰ ਆਪਣਾ ਕੰਮ ਬੰਦ ਕਰਨਾ ਪਵੇਗਾ, ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਪੱਛਮੀ ਬੰਗਾਲ ਸਰਕਾਰ ਡਾਕਟਰਾਂ ਨਾਲ ਵਧੀਆ ਵਰਤਾਰਾ ਨਹੀਂ ਕਰ ਰਹੀ ਜੋ ਕਿ ਨਿੰਦਣਯੋਗ ਹੈ। ਇਸ ਮੌਕੇ ਸੀਨੀਅਰ ਡਾ. ਸੁਰੇਸ਼ ਸਿੰਘਲ, ਪ੍ਰਸ਼ਾਂਤ ਮਿੱਤਲ, ਡਾ. ਰਾਜੇਸ਼, ਡਾ. ਨਰੇਸ਼ ਗੋਇਲ, ਡਾ. ਰੁਪੇਸ਼ ਸਿੰਗਲਾ ਆਦਿ ਤੋਂ ਇਲਾਵਾ ਭਾਰੀ ਗਿਣਤੀ 'ਚ ਇੰਡੀਅਨ ਮੈਡੀਕਲ ਐਸੋ. ਅਤੇ ਡੈਂਟਲ ਐਸੋ. ਦੇ ਡਾਕਟਰ ਹਾਜ਼ਰ ਸਨ।

cherry

This news is Content Editor cherry