ਪੁਲਸ ਹਿਰਾਸਤ ''ਚ ਵਿਅਕਤੀ ਦੀ ਸਿਹਤ ਹੋਈ ਖਰਾਬ, ਪਰਿਵਾਰ ਨੇ ਲਗਾਏ ਲਾਪ੍ਰਵਾਹੀ ਦੇ ਦੋਸ਼

08/26/2019 5:14:26 PM

ਬਰਨਾਲਾ(ਮੱਘਰ ਪੁਰੀ) : ਬਰਨਾਲਾ ਪੁਲਸ 'ਤੇ ਇਕ ਪਰਿਵਾਰ ਵੱਲੋਂ ਲਾਪ੍ਰਵਾਹੀ ਵਰਤਣ ਦੇ ਦੋਸ਼ ਲਗਾਏ ਗਏ ਹਨ। ਦਰਅਸਲ ਬਰਨਾਲਾ ਪੁਲਸ ਨੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਸੀ ਜੋ ਕਿ ਹਾਰਟ ਦਾ ਮਰੀਜ਼ ਸੀ। ਮਿਲੀ ਜਾਣਕਾਰੀ ਮੁਤਾਬਕ ਉਹ ਐਤਵਾਰ ਸਵੇਰ ਤੋਂ ਹੀ ਠੀਕ ਨਹੀਂ ਸੀ ਅਤੇ ਇਸ ਸਬੰਧੀ ਉਸ ਨੇ ਪੁਲਸ ਪ੍ਰਸ਼ਾਸਨ ਨੂੰ ਵੀ ਕਿਹਾ ਸੀ ਪਰ ਇਸ ਦੇ ਬਾਵਜੂਦ ਉਸ ਦਾ ਕੋਈ ਡਾਕਟਰੀ ਇਲਾਜ ਨਹੀਂ ਕਰਵਾਇਆ ਗਿਆ, ਜਿਸ ਕਾਰਨ ਉਸ ਦੀ ਹਾਲਤ ਜ਼ਿਆਦਾ ਖਰਾਬ ਹੋ ਗਈ। ਫਿਰ ਜਦੋਂ ਪੁਲਸ ਨੇ ਵਿਅਕਤੀ ਨੂੰ ਸਰਕਾਰੀ ਹਸਪਤਾਲ ਬਰਨਾਲਾ ਵਿਖੇ ਦਾਖਲ ਕਰਾਉਣਾ ਚਾਹਿਆ ਤਾਂ ਡਾਕਟਰਾਂ ਨੇ ਉਸ ਦੀ ਹਾਲਤ ਨੂੰ ਦੇਖਦਿਆਂ ਉਸ ਨੂੰ ਲੁਧਿਆਣਾ ਰੈਫਰ ਕਰ ਦਿੱਤਾ।

ਇਲਾਜ ਅਧੀਨ ਵਿਅਕਤੀ ਦੀ ਧੀ ਨੇ ਪੁਲਸ ਪ੍ਰਸ਼ਾਸਨ 'ਤੇ ਲਾਪ੍ਰਵਾਹੀ ਦੇ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਪੁਲਸ ਦੀ ਨਾਲਾਇਕੀ ਕਾਰਨ ਹੀ ਉਸ ਦੇ ਪਿਤਾ ਦੀ ਜਾਨ ਖ਼ਤਰੇ ਵਿਚ ਹੈ। ਪੀੜਤ ਪਰਿਵਾਰਕ ਮੈਂਬਰਾਂ ਨੇ ਲਾਪ੍ਰਵਾਹੀ ਵਰਤਣ ਵਾਲੇ ਪੁਲਸ ਅਧਿਕਾਰੀਆਂ 'ਤੇ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ। ਉਥੇ ਹੀ ਦੂਜੇ ਪਾਸੇ ਪੁਲਸ ਮੁਲਾਜ਼ਮ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕੇ।

cherry

This news is Content Editor cherry