ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਵਿਰੁੱਧ ਕਾਂਗਰਸੀਆਂ ਨੇ ਦਿੱਤਾ ਧਰਨਾ

11/15/2019 4:19:13 PM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਵਿਰੁੱਧ ਜ਼ਿਲਾ ਕਾਂਗਰਸ ਕਮੇਟੀ ਵਲੋਂ ਪੰਜਾਬ ਕਾਂਗਰਸ ਕਮੇਟੀ ਦੇ ਸੱਦੇ 'ਤੇ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਧਰਨਾ ਲਾਇਆ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਨਗਰ ਸੁਧਾਰ ਟੱਰਸਟ ਦੇ ਚੈਅਰਮੇਨ ਮੱਖਣ ਸ਼ਰਮਾ ਅਤੇ ਬਰਨਾਲਾ ਕਲੱਬ ਦੇ ਸੱਕਤਰ ਰਾਜੀਵ ਲੂਬੀ ਨੇ ਕਿਹਾ ਕਿ ਇਸ ਸਮੇਂ ਦੇਸ਼ ਦੀ ਅਰਥ-ਵਿਵਸਥਾ ਬਹੁਤ ਮਾੜੇ ਦੌਰ ਵਿਚੋਂ ਲੰਘ ਰਹੀ ਹੈ ਜੋ ਮੋਦੀ ਸਰਕਾਰ ਦੀ ਦੇਣ ਹੈ। ਉਨ੍ਹਾਂ ਕਿਹਾ ਦੇਸ਼ ਦੀ ਵਿਕਾਸ ਦਰ ਦੇ ਹੋਰ ਹੇਠਾਂ ਆਉਣ ਦੇ ਵੀ ਅੰਦਾਜੇ ਲੱਗ ਰਹੇ ਹਨ। ਉਨ੍ਹਾਂ ਕਿਹਾ ਕੇਂਦਰ ਸਰਕਾਰ ਵਲੋਂ ਕੀਤੇ ਜਾ ਰਹੇ ਰੀਜ਼ਨਲ ਕੰਪਰੀਹੈਂਸਿਵ ਇਕਨਾਮਿਕ ਪਾਰਟਨਰਸ਼ਿਪ ਸਮਝੌਤੇ ਤੋਂ ਬਾਅਦ ਦੇਸ਼ ਦਾ ਕਿਸਾਨ ਪੂਰੀ ਤਰ੍ਹਾਂ ਨਾਲ ਬਰਬਾਦ ਹੋ ਜਾਵੇਗਾ। ਦੇਸ਼ ਅੰਦਰ ਦੁੱਧ, ਸਬਜ਼ੀਆ ਆਦਿ ਵਿਦੇਸ਼ਾਂ ਤੋਂ ਆਉਣਗੀਆਂ, ਜਿਸ ਨਾਲ ਪਹਿਲਾਂ ਹੀ ਮੰਦੀ ਦੀ ਮਾਰ ਝੱਲ ਰਿਹਾ ਕਿਸਾਨ ਹੋਰ ਦੱਬ ਜਾਵੇਗਾ।

ਸਿਟੀ ਪ੍ਰਧਾਨ ਮਨੀਸ਼ ਕਾਕਾ ਅਤੇ ਯੂਥ ਕਾਂਗਰਸ ਦੇ ਪ੍ਰਧਾਨ ਡਿੰਪਲ ਉਪਲੀ ਨੇ ਕਿਹਾ ਕਿ ਇਸ ਵੇਲੇ ਦੇਸ਼ ਵਿਚ ਬੇਰੁਜ਼ਗਾਰੀ ਲਗਾਤਾਰ ਵੱਧ ਰਹੀ ਹੈ ਤੇ ਲੋਕਾਂ ਦੀਆਂ ਨੌਕਰੀਆਂ ਜਾ ਰਹੀਆਂ ਹਨ। ਦੇਸ਼ ਵਿਚ ਇਸ ਵੇਲੇ ਬੇਰੁਜ਼ਗਾਰੀ ਦੀ ਦਰ 8.1 ਫੀਸਦੀ ਤੋਂ ਪਾਰ ਜਾ ਚੁੱਕੀ ਹੈ। ਸਾਬਕਾ ਸਰਪੰਚ ਗੁਰਦਰਸ਼ਨ ਸਿੰਘ ਬਰਾੜ ਤੇ ਜ਼ਿਲਾ ਪ੍ਰੀਸ਼ਦ ਦੇ ਮੈਂਬਰ ਕੁਲਦੀਪ ਸਿੰਘ ਧਾਲੀਵਾਲ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਵੇਲੇ ਹਰੇਕ ਵਿਅਕਤੀ ਦਾ ਵਪਾਰ ਚੌਪਟ ਹੋ ਗਿਆ ਹੈ ਤੇ ਹਰ ਸੈਕਟਰ ਵਿਚ ਮੰਦੀ ਦਾ ਆਲਮ ਹੈ। ਦੇਸ਼ ਵਿਚ ਉਦਯੋਗ ਬੰਦ ਹੋ ਰਹੇ ਹਨ, ਕਿਸਾਨ ਕਰਜ਼ਾਈ ਹੋ ਰਹੇ ਹਨ। ਧਰਨੇ ਵਿਚ ਸਾਬਕਾ ਵਿਧਾਇਕ ਬੀਬੀ ਹਰਚੰਦ ਕੌਰ, ਨਗਰ ਸੁਧਾਰ ਟੱਰਸਟਨ ਦੇ ਚੈਅਰਮੇਨ ਮੱਖਣ ਸ਼ਰਮਾ, ਜ਼ਿਲਾ ਪ੍ਰਧਾਨ ਰੂਪੀ ਕੌਰ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿਚ ਕਾਂਗਰਸੀ ਵਰਕਰ ਹਾਜ਼ਰ ਸਨ।

cherry

This news is Content Editor cherry