ਬਹਿਬਲ ਕਲਾਂ ਕਾਂਡ ਦੀ ਜਾਂਚ ਲਈ ਬਣੀ ‘ਸਿਟ’ ਦਾ ਹੋਇਆ ਰਾਜਨੀਤੀਕਰਨ : ਸੁਖਬੀਰ

03/21/2019 4:56:25 AM

ਬਰਨਾਲਾ,(ਵਿਵੇਕ ਸਿੰਧਵਾਨੀ, ਰਵੀ)- ਬਹਿਬਲ ਕਲਾਂ ਕਾਂਡ ਦੀ ਜਾਂਚ ਲਈ ਬਣੀ ‘ਸਿਟ’ ਦਾ ਰਾਜਨੀਤੀਕਰਨ ਹੋ ਗਿਆ।  ਇਸ   ਦੇ ਮੁਖੀ ਖੁਦ ਕਾਨਫਰੰਸਾਂ ਕਰਦੇ ਹਨ। ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪ੍ਰੈੱਸ ਕਾਨਫਰੰਸ ’ਚ  ਕਹੇ। ਉਨ੍ਹਾਂ ਕਿਹਾ ਕਿ ‘ਸਿਟ’ ਦੇ ਮੁਖੀ ਕੁੰਵਰ ਵਿਜੈਪ੍ਰਤਾਪ ਪ੍ਰੈੱਸ ਕਾਨਫਰੰਸ ਕਰ ਕੇ ਇਹ ਕਹਿੰਦੇ ਹਨ ਕਿ ਹੁਣ ਫਲਾਣੇ ਅਧਿਕਾਰੀ ਨੂੰ ਫਡ਼ਿਆ ਜਾਵੇਗਾ  ਤੇ ਹੁਣ ਫਲਾਣੇ ਅਧਿਕਾਰੀ ਨੂੰ ਤੇ ਫਿਰ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖਡ਼ ਬਿਆਨ ਦਿੰਦੇ ਹਨ ਕਿ ਜਾਂਚ ਦੀ ਸੂਈ ਹੁਣ ਇਸ ਵਿਅਕਤੀ ਵੱਲ ਵਧ ਰਹੀ ਹੈ। ਜੇਕਰ ਕਾਂਗਰਸ ਦਾ ਮੰਤਰੀ ਕੋਈ ਬਿਆਨ ਦੇ ਦਿੰਦਾ ਹੈ ਕਿ ਇਸ ਅਧਿਕਾਰੀ ਨੂੰ ਫਡ਼ਿਆ ਜਾਵੇਗਾ ਤਾਂ ‘ਸਿਟ’ ਵੱਲੋਂ ਉਸ ਅਧਿਕਾਰੀ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਤੁਹਾਡੇ ’ਤੇ ਦੋਸ਼ ਲਗਦਾ ਹੈ ਕਿ ਤੁਹਾਡੇ ਵੱਲੋਂ ‘ਸਿਟ’ ਦੇ ਅਧਿਕਾਰੀਆਂ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਹਨ ਤਾਂ ਉਨ੍ਹਾਂ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਮੈਂ ਖੁਦ ‘ਸਿਟ’ ਅੱਗੇ ਪੇਸ਼ ਹੋਇਆ ਹਾਂ। 
ਮੇਰੇ ਪਿਤਾ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ‘ਸਿਟ’ ਅੱਗੇ ਪੇਸ਼ ਹੋਏ ਹਨ। ਮੇਰੇ ਵੱਲੋਂ ਤਾਂ ਇੰਨਾ ਹੀ ਕਿਹਾ ਗਿਆ ਹੈ ਕਿ ‘ਸਿਟ’ ਨਿਰਪੱਖ ਹੋ ਕੇ ਕੰਮ ਕਰੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਤਾਂ ਕਿਸੇ ਨੂੰ ਮਿਲਦੇ ਵੀ ਨਹੀਂ, ਹਰ ਫਰੰਟ ’ਤੇ ਉਹ ਫੇਲ ਹੋ ਚੁੱਕੇ ਹਨ। ਸੰਗਰੂਰ ਲੋਕ ਸਭਾ ਸੀਟ ਤੋਂ ਅਕਾਲੀ ਦਲ ਦੇ ਉਮੀਦਵਾਰ ਸਬੰਧੀ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸੰਗਰੂਰ ਹੀ ਨਹੀਂ ਪੰਜਾਬ ਦੀਆਂ ਸਾਰੀਆਂ ਸੀਟਾਂ ’ਤੇ ਅਕਾਲੀ ਦਲ ਦੇ ਉਮੀਦਵਾਰਾਂ ਦਾ ਨਾਂ ਜਲਦੀ ਹੀ ਐਲਾਨ ਕਰ ਦਿੱਤਾ ਜਾਵੇਗਾ। ਵੰਸ਼ਵਾਦ ’ਤੇ  ਉਨ੍ਹਾਂ ਕਿਹਾ ਕਿ ਡਾਕਟਰ ਦਾ ਲਡ਼ਕਾ ਡਾਕਟਰ ਬਣ ਸਕਦਾ ਹੈ ਤਾਂ ਰਾਜਨੀਤਕ ਦਲਾਂ ਦੇ ਪਰਿਵਾਰਾਂ ਦੇ ਵਿਅਕਤੀ ਵੀ ਰਾਜਨੀਤੀ ’ਚ ਆ ਸਕਦੇ ਹਨ, ਉਨ੍ਹਾਂ ’ਚ ਕਾਬਲੀਅਤ ਹੋਣੀ ਚਾਹੀਦੀ ਹੈ। ਬਿਨਾਂ ਕਾਬਲੀਅਤ ਵਾਲੇ ਵਿਅਕਤੀ ਨੂੰ ਰਾਜਨੀਤੀ ’ਚ ਨਹੀਂ ਆਉਣਾ ਚਾਹੀਦਾ। ਮੇਰੇ ਪਿਤਾ ਜੀ ਵੀ ਰਾਜਨੀਤੀ ’ਚ ਹਨ, ਮੈਂ ਵੀ ਰਾਜਨੀਤੀ ’ਚ ਹਾਂ ਪਰ ਮੈਨੂੰ ਲੋਕਾਂ ਨੇ ਪਾਸ ਕੀਤਾ ਹੈ। 
ਇਸ ਮੌਕੇ  ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ, ਗੁਰਜਿੰਦਰ ਸਿੱਧੂ ਪ੍ਰਧਾਨ ਸਾਬਕਾ ਸੈਨਿਕ ਵਿੰਗ, ਕੌਂਸਲਰ ਯਾਦਵਿੰਦਰ ਬਿੱਟੂ, ਮਨੂੰ ਜਿੰਦਲ ਪ੍ਰਧਾਨ ਵਪਾਰ ਵਿੰਗ, ਜ਼ਿਲਾ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਰੰਮੀ ਢਿੱਲੋਂ, ਰਾਜੀਵ ਵਰਮਾ, ਰਾਜੀਵ ਲੂਬੀ, ਹਨੀ ਸ਼ਰਮਾ, ਸਾਬਕਾ ਚੇਅਰਮੈਨ ਰੁਪਿੰਦਰ ਸੰਧੂ, ਨਗਰ ਕੌਂਸਲ ਦੇ ਪ੍ਰਧਾਨ ਸੰਜੀਵ, ਹਿੰਦੂ ਵਿੰਗ ਦੇ ਪ੍ਰਧਾਨ ਰਾਜ ਧੌਲਾ, ਜਤਿੰਦਰ ਜਿੰਮੀ, ਧਰਮ ਸਿੰਘ ਫੌਜੀ, ਦਰਸ਼ਨ ਸਿੰਘ ਨੈਣੇਵਾਲ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਢਿੱਲੋਂ, ਸ਼ਹਿਰੀ ਪ੍ਰਧਾਨ ਜਸਪ੍ਰੀਤ ਸਿੰਘ ਜੱਸਾ ਸਿੱਧੂ, ਯੂਥ ਵਿੰਗ ਦੇ ਜ਼ਿਲਾ ਪ੍ਰਧਾਨ ਨੀਰਜ ਗਰਗ, ਯੂਥ ਵਿੰਗ ਦਿਹਾਤੀ ਦੇ ਜ਼ਿਲਾ ਪ੍ਰਧਾਨ ਰੂੁਬਲ ਗਿੱਲ ਕੈਨੇਡਾ, ਨਗਰ ਕੌਂਸਲਰ ਜੁਗਰਾਜ ਪੰਡੋਰੀ, ਸੋਨੂੰ ਸੰਘੇਡ਼ਾ ਤੋਂ ਇਲਾਵਾ ਭਾਰੀ ਗਿਣਤੀ ’ਚ ਅਕਾਲੀ ਵਰਕਰ ਹਾਜ਼ਰ ਸਨ। 
 

Bharat Thapa

This news is Content Editor Bharat Thapa