ਰਾਜਧਾਨੀ ਦਿੱਲੀ ''ਚ ਕੇਜਰੀਵਾਲ ਦੇ ਸਾਰੇ ਉਮੀਦਵਾਰ ਹਾਰਨਗੇ : ਸਿਰਸਾ

05/21/2019 8:34:41 PM

ਚੰਡੀਗੜ੍ਹ (ਅਸ਼ਵਨੀ)-ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਤੇ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਨੂੰ ਕਤਲ ਕਰਾਉਣ ਦਾ ਦੋਸ਼ ਲਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਦਨਾਮੀ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਅਸਲੀਅਤ ਇਹ ਹੈ ਕਿ ਦਿੱਲੀ ਦੇ ਲੋਕਾਂ ਨੇ ਰਾਸ਼ਟਰੀ ਰਾਜਧਾਨੀ ਵਿਚ ਉਸ ਦੇ ਸਾਰੇ ਲੋਕ ਸਭਾ ਉਮੀਦਵਾਰ ਠੁਕਰਾ ਕੇ ਪਹਿਲਾਂ ਹੀ ਉਸ ਦਾ ਸਿਆਸੀ ਕਤਲ ਕਰ ਦਿੱਤਾ ਹੈ। ਸਿਰਸਾ ਨੇ ਕਿਹਾ ਕਿ ਕੇਜਰੀਵਾਲ ਨੇ ਆਪਣਾ ਸਿਆਸੀ ਕਰੀਅਰ ਬਚਾਉਣ ਵਾਸਤੇ ਬਹੁਤ ਹੇਠਲੇ ਪੱਧਰ ਦੀ ਰਾਜਨੀਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਸਿਰੇ ਦੇ ਡਰਾਮੇਬਾਜ਼ ਵਜੋਂ ਮਸ਼ਹੂਰ ਰਹੇ ਹਨ, ਜੋ ਕਿ ਮਾਨਸਿਕ ਤੇ ਨੈਤਿਕ ਤੌਰ 'ਤੇ ਭ੍ਰਿਸ਼ਟ ਹੋ ਚੁੱਕੇ ਹਨ ਅਤੇ ਸਰਕਾਰ ਚਲਾਉਣ ਤੋਂ ਅਸਮਰੱਥ ਹਨ। ਉਨ੍ਹਾਂ ਕਿਹਾ ਕਿ ਉਹ ਜਾਣਦੇ ਹਨ ਕਿ ਰਾਸ਼ਟਰੀ ਰਾਜਧਾਨੀ ਵਿਚ ਉਨ੍ਹਾਂ ਦੇ ਸਾਰੇ 7 ਉਮੀਦਵਾਰ ਚੋਣ ਹਾਰ ਜਾਣਗੇ ਅਤੇ ਕੁਝ ਦੀ ਤਾਂ ਜ਼ਮਾਨਤ ਵੀ ਜ਼ਬਤ ਹੋ ਸਕਦੀ ਹੈ। ਸਿਰਸਾ ਨੇ ਕਿਹਾ ਕਿ ਕਤਲ ਬਾਰੇ ਟਵੀਟ ਕੇਜਰੀਵਾਲ ਵੱਲੋਂ ਬੁਰੀ ਤਰ੍ਹਾਂ ਮਿਲਣ ਵਾਲੀ ਹਾਰ ਤੋਂ ਬਚਾਅ ਲਈ ਲੋਕਾਂ ਦੀ ਹਮਦਰਦੀ ਹਾਸਲ ਕਰਨ ਦਾ ਕੋਝਾ ਯਤਨ ਹੈ। ਉਨ੍ਹਾਂ ਕਿਹਾ ਕਿ ਆਪਣੇ ਕਾਰਜਕਾਲ ਦੌਰਾਨ ਕੇਜਰੀਵਾਲ ਨੇ ਲੋਕਾਂ ਦੀ ਭਲਾਈ ਵਾਸਤੇ ਇਕ ਵੀ ਕੰਮ ਨਹੀਂ ਕੀਤਾ ਤੇ ਹਮੇਸ਼ਾ ਖਬਰਾਂ ਵਿਚ ਰਹਿਣ ਵਾਸਤੇ ਡਰਾਮੇਬਾਜ਼ੀ ਕੀਤੀ।

Karan Kumar

This news is Content Editor Karan Kumar