ਚੋਰੀ ਦੇ 15 ਮੋਬਾਇਲਾਂ ਸਮੇਤ 3 ਗ੍ਰਿਫਤਾਰ, 1 ਫਰਾਰ

12/12/2018 3:12:03 AM

ਮਾਨਸਾ, (ਜੱਸਲ)- ਕੁਝ ਦਿਨ ਪਹਿਲਾਂ ਬਰੇਟਾ ਵਿਖੇ ਇਕ ਮੋਬਾਇਲਾਂ ਦੀ ਦੁਕਾਨ ’ਚ ਹੋਈ ਚੋਰੀ ਦੀ ਸ਼ਿਕਾਇਤ ਮਿਲਣ ’ਤੇ ਪੁਲਸ ਨੇ ਚਾਰ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਨ ਉਪਰੰਤ ਉਨ੍ਹਾਂ ’ਚੋਂ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ 15 ਮੋਬਾਇਲ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਪੁਲਸ ਦਾ ਕਹਿਣਾ ਹੈ ਕਿ ਇਨ੍ਹਾਂ ਵਿਅਕਤੀਆਂ ਦੇ ਪੁਲਸ ਰਿਮਾਂਡ ਤੋਂ ਬਾਅਦ ਉਨ੍ਹਾਂ ਤੋਂ ਹੋਰ ਵੀ ਬਰਾਮਦਗੀ ਹੋ ਸਕਦੀ ਹੈ। ਜਦੋਂ ਕਿ ਇਨ੍ਹਾਂ ’ਚੋਂ ਇਕ ਫਰਾਰ ਵਿਅਕਤੀ ਦੀ ਗ੍ਰਿਫਤਾਰੀ ਲਈ ਪੁਲਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਅੱਜ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਜ਼ਿਲਾ ਪੁਲਸ ਮੁਖੀ ਮਨਧੀਰ ਸਿੰਘ, ਅਨਿਲ ਕੁਮਾਰ ਐੱਸ. ਪੀ. ਮਾਨਸਾ, ਕਰਨਵੀਰ ਸਿੰਘ ਡੀ. ਐੱਸ. ਪੀ. ਮਾਨਸਾ ਤੇ ਇੰਸ. ਬਲਜੀਤ ਸਿੰਘ ਇੰਚਾਰਜ ਸੀ. ਆਈ. ਏ. ਸਟਾਫ ਮਾਨਸਾ ਨੇ ਦੱਸਿਆ ਕਿ ਵਰਿੰਦਰ ਕੁਮਾਰ ਪੁੱਤਰ ਕ੍ਰਿਸ਼ਨ ਚੰਦ ਵਾਸੀ ਬਰੇਟਾ ਨੇ ਬਿਆਨ ਦਰਜ ਕਰਵਾਇਆ ਸੀ ਕਿ 2 ਤੇ 3 ਸਤੰਬਰ ਦੀ ਦਰਮਿਆਨੀ ਰਾਤ ਨੂੰ ਕੁਝ ਅਣਪਛਾਤੇ ਵਿਅਕਤੀਆਂ ਨੇ ਉਸ ਦੀ ਦੁਕਾਨ ’ਚੋਂ 63 ਮੋਬਾਇਲ ਚੋਰੀ ਕਰ ਲਏ। ਪੁਲਸ ਵਲੋਂ ਦਰਜ ਕੀਤੇ ਗਏ ਮਾਮਲੇ ’ਚ ਕੀਤੀ ਗਈ ਤਫਤੀਸ਼ ਦੌਰਾਨ ਮਿਲੇ ਸਬੂਤਾਂ ਦੇ ਅਾਧਾਰ ’ਤੇ ਲਖਵਿੰਦਰ ਸਿੰਘ ਉਰਫ ਲੱਖਾ  ਵਾਸੀ ਸਸਪਾਲੀ, ਸੁਖਜਿੰਦਰ ਸਿੰਘ ਵਾਸੀ ਅਚਾਨਕ, ਸੋਨੀ ਪੁੱਤਰ ਗੁਰਮੇਲ ਸਿੰਘ ਤੇ ਜਗਤਾਰ ਸਿੰਘ ਉਰਫ ਤਾਰੀ ਵਾਸੀਆਨ ਅਚਾਨਕ ਨੂੰ ਇਸ ਮਾਮਲੇ ’ਚ ਨਾਮਜ਼ਦ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਦੌਰਾਨੇ ਤਫਤੀਸ਼ ਮੁਲਜ਼ਮ ਸੁਖਜਿੰਦਰ ਸਿੰਘ ਵਾਸੀ ਅਚਾਨਕ, ਲਖਵਿੰਦਰ ਸਿੰਘ ਉਰਫ ਲੱਖਾ ਵਾਸੀ ਸਸਪਾਲੀ ਤੇ ਜਗਤਾਰ ਸਿੰਘ ਉਰਫ ਤਾਰੀ ਨੂੰ ਗ੍ਰਿਫਤਾਰ ਕਰ ਕੇ ਇਨ੍ਹਾਂ ਦੇ ਕਬਜ਼ੇ ’ਚੋਂ ਚੋਰੀ ਕੀਤੇ ਮੋਬਾਇਲਾਂ ’ਚੋਂ 15 ਮੋਬਾਇਲ ਜੋ ਵੱਖ-ਵੱਖ ਕੰਪਨੀਆਂ ਦੇ ਹਨ, ਬਰਾਮਦ ਕੀਤੇ ਗਏ ਤੇ ਦੋਸ਼ੀਅਾਂ ਨੂੰ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ਹਾਸਲ ਕਰ ਕੇ ਹੋਰ ਵੀ ਪੁੱਛਗਿੱਛ ਕੀਤੀ ਜਾਵੇਗੀ। ਜਿਨ੍ਹਾਂ ਕੋਲੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਅਖੀਰ ’ਚ ਉਨ੍ਹਾਂ ਦੱਸਿਆ ਕਿ ਇਸ ਮਾਮਲੇ ’ਚ ਸ਼ਾਮਲ ਇਕ ਹੋਰ ਵਿਅਕਤੀ ਸੋਨੀ ਪੁੱਤਰ ਗੁਰਮੇਲ ਸਿੰਘ ਦੀ ਗ੍ਰਿਫਤਾਰੀ ਲਈ ਪੁਲਸ ਵਲੋਂ ਲਗਾਤਾਰ ਛਾਪੇਮਾਰੀ ਜਾਰੀ ਹੈ। ਜਿਸ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ ਤੇ ਕਿਸੇ ਵੀ ਮਾਡ਼ੇ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ।

KamalJeet Singh

This news is Content Editor KamalJeet Singh