ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਕਾਂਗਰਸ ਕਰ ਰਹੀ ਬੀ ਟੀਮਾਂ ਦਾ ਗਠਨ : ਬੀਬੀ ਬਾਦਲ

01/10/2019 10:54:36 PM

ਮਾਨਸਾ,(ਮਿੱਤਲ)— ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਆਪਣੀਆਂ ਬੀ ਟੀਮਾਂ ਦਾ ਗਠਨ ਕੀਤਾ। ਜਿਸ ਦੀ ਬਦੌਲਤ ਅੱਜ ਟਕਸਾਲੀ ਅਕਾਲੀ ਦਲ ਖਹਿਰਾ ਗਰੁੱਪ ਅਤੇ ਆਮ ਪਾਰਟੀਆਂ ਮੈਦਾਨ 'ਚ ਹਨ ਪਰ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਗੁਰੁ ਦਾ ਓਟ ਆਸਰਾ ਲੈ ਕੇ ਆਪਣੀਆਂ ਮੰਜ਼ਿਲਾਂ ਪੰਜਾਬ ਦੇ ਭਲੇ ਲਈ ਕਰ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਪਿੰਡ ਫਫੜੇ ਵਿਖੇ ਜਥੇਦਾਰ ਗੁਰਮੇਲ ਸਿੰਘ ਦੇ ਗ੍ਰਹਿ ਵਿਖੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਵਿਕਾਸ ਲਈ ਅਕਾਲੀ ਦਲ ਪੰਜਾਬ ਦੀ ਸਤ੍ਹਾ 'ਚ ਨਾ ਹੋਣ ਦੇ ਬਾਵਜੂਦ ਵੀ ਅੱਜ ਉਹ ਕੇਂਦਰੀ ਅਖਤਿਆਰੀ ਕੋਟੇ 'ਚੋਂ ਕਰੋੜਾਂ ਰੁਪਏ ਦੀਆਂ ਗ੍ਰਾਂਟਾ ਨਵ-ਨਿਯੁਕਤ ਪੰਚਾਇਤਾਂ ਨੂੰ ਵੰਡੀਆਂ ਅਤੇ ਕਾਂਗਰਸ ਨੇ ਇੱਕ ਨਵਾਂ ਪੈਸਾ ਵੀ ਪੰਚਾਇਤਾਂ ਨੂੰ ਨਹੀਂ ਦਿੱਤਾ। ਜਦ ਕਿ ਚੱਲ ਰਹੇ ਸਰਬ ਸਾਂਝੇ ਕੰਮਾਂ 'ਚ ਵੀ ਅੜਿੱਕੇ ਲਾਏ ਜਾ ਰਹੇ ਹਨ।

ਬੀਬਾ ਬਾਦਲ ਨੇ ਆਪਣੇ 10 ਸਾਲ ਨੰਨ੍ਹੀ ਛਾਂ ਮੁੰਹਿਮ ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਅੱਜ ਹਜ਼ਾਰਾਂ ਬੱਚੀਆਂ ਸਿਲਾਈ ਸੈਂਟਰਾਂ 'ਚੋਂ ਸਿੱਖਿਆ ਹਾਸਲ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੀਆਂ ਹਨ। ਸਿੱਖਿਆ ਹਾਸਲ ਕਰਨ ਵਾਲੀਆਂ ਲੜਕੀਆਂ ਨੂੰ ਮੁਫਤ ਸਿਲਾਈ ਮਸ਼ੀਨਾਂ ਦਿੱਤੀਆਂ ਜਾ ਰਹੀਆਂ ਹਨ। ਇੱਕ ਸਵਾਲ ਦੇ ਜਵਾਬ 'ਚ ਬੀਬਾ ਬਾਦਲ ਨੇ ਕਿਹਾ ਕਿ ਜਸਟਿਸ ਜੋਰਾ ਸਿੰਘ ਆਪ ਪਾਰਟੀ ਦੀ ਟਿਕਟ ਦੀ ਲਾਲਸਾ ਨੂੰ ਮੁੱਖ ਰੱਖ ਕੇ ਅਕਾਲੀ ਆਗੂਆਂ ਵਿਰੁੱਧ ਕੂੜ ਪ੍ਰਚਾਰ ਕਰ ਰਿਹਾ ਹੈ। ਇਸ ਤੋਂ ਪਹਿਲਾਂ ਕਾਂਗਰਸ ਪਾਰਟੀ ਵੱਲੋਂ ਬਣਾਏ ਕਮਿਸ਼ਨ ਦੇ ਇੰਚਾਰਜ ਨੇ ਆਪਣੀ ਧੀ ਨੂੰ ਸਰਕਾਰੀ ਐਡਵੋਕੇਟ ਨਿਯੁਕਤ ਕਰਵਾਉਣ ਲਈ ਕੈਪਟਨ ਸਰਕਾਰ ਵਲੋਂ ਤਿਆਰ ਕੀਤੀ ਗਈ ਰਿਪੋਰਟ 'ਤੇ ਆਪਣੀ ਮੋਹਰ ਲਾਈ ਹੈ। ਜਿਸ ਦੇ ਨਤੀਜੇ ਲੋਕਾਂ ਸਾਹਮਣੇ ਆਉਣੇ ਆਰੰਭ ਹੋ ਗਏ ਹਨ। ਇਸੇ ਦੌਰਾਨ ਬਲਾਕ ਭੀਖੀ ਅਤੇ ਮਾਨਸਾ ਦੀਆਂ ਪੰਚਾਇਤਾਂ ਨੂੰ 1 ਕਰੋੜ 16 ਲੱਖ ਰੁਪਏ ਦੀਆਂ ਗ੍ਰਾਂਟਾ ਵੰਡੀਆਂ। ਇਸ ਮੌਕੇ ਸਾਬਕਾ ਸੰਸਦੀ ਸਕੱਤਰ ਜਗਦੀਪ ਸਿੰਘ ਨਕੱਈ, ਜਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਫਫੜੇ ਭਾਈਕੇ, ਹਲਕਾ ਇੰਚਾਰਜ ਬੁਢਲਾਡਾ ਡਾ: ਨਿਸ਼ਾਨ ਸਿੰਘ, ਪ੍ਰੇਮ ਕੁਮਾਰ ਅਰੋੜਾ, ਹਰਵਿੰਦਰ ਸਿੰਘ ਧਲੇਵਾਂ, ਅਵਤਾਰ ਸਿੰਘ ਰਾੜਾ, ਰਵੀ ਕੈਨੇਡਾ, ਰਘੁਵੀਰ ਸਿੰਘ ਮਾਨਸਾ, ਮੁਨੀਸ਼ ਬੱਬੀ ਦਾਨੇਵਾਲੀਆ, ਤਰਸੇਮ ਮਿੱਢਾ, ਹਰਭਜਨ ਖਿਆਲਾ, ਗੁਰਮੇਲ ਠੇਕੇਦਾਰ, ਸੁਰਿੰਦਰ ਪਿੰਟਾ, ਆਤਮਜੀਤ ਸਿੰਘ ਕਾਲਾ, ਗੁਰਪ੍ਰੀਤ ਸਿੰਘ, ਜਗਸੀਰ ਸਿੰਘ ਅੱਕਾਂਵਾਲੀ, ਬੱਲਮ ਕਲੀਪੁਰ, ਗੁਰਦੀਪ ਟੋਡਰਪੁਰ, ਗੁਰਸੇਵਕ ਸਿੰਘ ਜਵੰਧਾ ਅਹਿਮਦਪੁਰ, ਸ਼੍ਰੋਮਣੀ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਤੋਂ ਇਲਾਵਾ ਹੋਰ ਵੀ ਮੌਜੂਦ ਸਨ।