220 ਐੱਨ. ਆਰ. ਆਈਜ਼ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਜਾਰੀ ਕੀਤੇ ਏਅਰਪੋਰਟ ਪਾਸ

05/02/2020 11:08:40 PM

ਲੁਧਿਆਣਾ, (ਪੰਕਜ)— ਦੂਜੇ ਰਾਜਾਂ ਤੋਂ ਕੰਮਕਾਜ ਲਈ ਪੰਜਾਬ ਆ ਕੇ ਰਹਿਣ ਵਾਲੇ ਲੋਕਾਂ, ਖਾਸ ਕਰ ਕੇ ਪ੍ਰਵਾਸੀ ਮਜ਼ਦੂਰ ਵਾਪਸ ਆਪਣੇ-ਆਪਣੇ ਰਾਜਾਂ ਦੇ ਜਾਣ ਲਈ ਲਗਾਤਾਰ ਡੀ. ਸੀ. ਦਫਤਰ ਵਿਖੇ ਡੇਰੇ ਲਾਈ ਬੈਠੇ ਹਨ।

ਇਨ੍ਹਾਂ ਲੋਕਾਂ 'ਚ ਉੱਤਰ ਪ੍ਰਦੇਸ਼, ਬਿਹਾਰ ਸਮੇਤ ਜੰਮੂ-ਕਸ਼ਮੀਰ ਦੇ ਲੋਕ ਸ਼ਾਮਲ ਹਨ। ਉਧਰ ਵਿਦੇਸ਼ ਤੋਂ ਭਾਰਤ ਆਏ ਐੱਨ. ਆਰ. ਆਈ. ਜੋ ਲਾਕਡਾਊਨ ਲੱਗਣ ਕਾਰਨ ਇਥੇ ਹੀ ਫਸ ਗਏ ਸਨ, ਨੂੰ ਦਿੱਲੀ ਏਅਰਪੋਰਟ ਤਕ ਜਾਣ ਦੀ ਇਜਾਜ਼ਤ ਸਬੰਧੀ ਕਰਫਿਊ ਪਾਸ ਜ਼ਿਲ੍ਹਾ ਪ੍ਰਸ਼ਾਸਨ ਨੇ ਬਣਾਉਣੇ ਸ਼ੁਰੂ ਕਰ ਦਿੱਤੇ ਹਨ। ਲੁਧਿਆਣਾ ਵਿਚ ਲਾਕਡਾਊਨ ਕਰਫਿਊ ਦੌਰਾਨ ਫਸੇ ਕਈ ਵਿਦੇਸ਼ੀ ਨਾਗਰਿਕਾਂ ਸਮੇਤ ਐੱਨ. ਆਰ. ਆਈਜ਼ ਵੀ ਇਸ ਦੌਰਾਨ ਸ਼ਹਿਰ ਵਿਚ ਫਸ ਕੇ ਰਹਿ ਗਏ ਸਨ। ਕੇਂਦਰ ਸਰਕਾਰ ਦੇ ਹੁਕਮਾਂ ਉਪਰੰਤ ਜ਼ਿਲ੍ਹਾ ਪ੍ਰਸ਼ਾਸਨ ਨੇ ਜਿਨ੍ਹਾਂ ਲੋਕਾਂ ਦੇ ਪਾਸਪੋਰਟ 'ਤੇ ਵੀਜ਼ਾ ਲੱਗਾ ਹੋਇਆ ਸੀ ਅਤੇ ਏਅਰ ਟਿਕਟ ਕਨਫਰਮ ਸੀ, ਦੇ ਦਸਤਾਵੇਜ਼ ਚੈੱਕ ਕਰਨ ਤੋਂ ਬਾਅਦ ਦਿੱਲੀ ਏਅਰਪੋਰਟ ਤਕ ਦੇ ਕਰਫਿਊ ਪਾਸ ਬਣਾਉਣੇ ਸ਼ੁਰੂ ਕਰ ਦਿੱਤੇ ਹਨ। ਸ਼ਨੀਵਾਰ ਤਕ ਪ੍ਰਸ਼ਾਸਨ 220 ਦੇ ਕਰੀਬ ਅਜਿਹੇ ਪਾਸ ਬਣਾ ਕੇ ਜਾਰੀ ਕਰ ਚੁੱਕਾ ਹੈ।

ਵਿਦੇਸ਼ ਜਾਣ ਵਾਲਿਆਂ ਨੂੰ ਲੁਧਿਆਣਾ ਤੋਂ ਦਿੱਲੀ ਏਅਰਪੋਰਟ ਤਕ ਜਾਣ ਦੌਰਾਨ ਸੋਸ਼ਲ ਡਿਸਟੈਂਸ ਸਮੇਤ ਹੋਰਨਾਂ ਨਿਯਮਾਂ ਦਾ ਸਖਤੀ ਨਾਲ ਪਾਲਣ ਕਰਨ ਦੇ ਵੀ ਹੁਕਮ ਦਿੱਤੇ ਗਏ ਹਨ। ਇਸ ਤੋਂ ਇਲਾਵਾ 'ਜਗ ਬਾਣੀ' ਵੱਲੋਂ ਸਰਦੀਆਂ ਦੇ ਸ਼ੁਰੂ ਹੁੰਦੇ ਹੀ ਕਸ਼ਮੀਰ ਤੋਂ ਮਹਾਨਗਰ ਆ ਕੇ ਰੋਜ਼ੀ-ਰੋਟੀ ਦੀ ਭਾਲ ਕਰਨ ਵਾਲੇ ਕਸ਼ਮੀਰੀਆਂ ਨੂੰ ਵੀ ਵਾਪਸ ਭੇਜਣ ਸਬੰਧੀ ਖ਼ਬਰ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕਰਦੇ ਹੋਏ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਉਣ ਦਾ ਯਤਨ ਕੀਤਾ ਗਿਆ ਸੀ। ਇਨ੍ਹਾਂ ਕਸ਼ਮੀਰੀ ਮਜ਼ਦੂਰਾਂ ਦਾ ਕਹਿਣਾ ਸੀ ਕਿ ਇਕ ਤਾਂ ਉਨ੍ਹਾਂ ਦੇ ਰੋਜ਼ੇ ਸ਼ੁਰੂ ਹੋ ਚੁੱਕੇ ਹਨ, ਨਾਲ ਹੀ ਗਰਮੀ ਦਾ ਮੌਸਮ ਵੀ ਉਨ੍ਹਾਂ ਲਈ ਪ੍ਰੇਸ਼ਾਨੀ ਬਣ ਚੁੱਕਾ ਹੈ। ਜਿਸ 'ਤੇ ਪ੍ਰਸ਼ਾਸਨ ਨੇ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਉਨ੍ਹਾਂ ਦੇ ਕਸ਼ਮੀਰ ਵਾਪਸ ਆਪਣੇ ਘਰਾਂ ਵਿਚ ਜਾਣ ਦਾ ਪ੍ਰਬੰਧ ਕਰਦੇ ਹੋਏ ਬੱਸਾਂ ਦਾ ਪ੍ਰਬੰਧ ਕਰ ਦਿੱਤਾ ਹੈ। ਸ਼ਨੀਵਾਰ ਨੂੰ ਦੂਜਾ ਕਾਫਲਾ ਲਖਨਪੁਰ ਬਾਡਰ ਕਸ਼ਮੀਰੀਆਂ ਨੂੰ ਲੈ ਕੇ ਜਾਵੇਗਾ।

KamalJeet Singh

This news is Content Editor KamalJeet Singh