ਪੀ. ਸੀ ਐਂਡ ਪੀ. ਐਨ. ਡੀ. ਟੀ ਐਕਟ ਦੀ ਉਲੰਘਣਾ ਕਰਨ ਵਾਲਿਆਂ ਦੀ ਹੋਵੇਗੀ ਕਾਰਵਾਈ

02/23/2018 5:27:04 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਜ਼ਿਲਾ ਸਿਹਤ ਵਿਭਾਗ ਵੱਲੋਂ ਪੀ. ਸੀ. ਐਂਡ ਪੀ. ਐਨ. ਡੀ. ਟੀ ਐਕਟ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਬਣਾਈ ਜ਼ਿਲਾ ਅਡਵਾਈਜਰੀ ਕਮੇਟੀ ਦੀ ਮੀਟਿੰਗ ਕਰਵਾਈ ਗਈ। ਇਹ ਮੀਟਿੰਗ ਡਾ. ਸੁਖਪਾਲ ਸਿੰਘ ਬਰਾੜ ਸਿਵਲ ਸਰਜਨ ਦੀ ਪ੍ਰਧਾਨਗੀ ਹੇਠ ਸਥਾਨਕ ਦਫਤਰ ਸਿਵਲ ਸਰਜਨ ਵਿਖੇ ਹੋਈ, ਜਿਸ 'ਚ ਡਾ. ਰੰਜੂ ਸਿੰਗਲਾ ਜ਼ਿਲਾ ਪਰਿਵਾਰ ਭਲਾਈ ਅਫ਼ਸਰ, ਡਾ. ਸ਼ਤੀਸ ਗੋਇਲ ਡਿਪਟੀ ਮੈਡੀਕਲ ਕਮਿਸ਼ਨਰ, ਡਾ. ਸੁਮਨ ਵਧਾਵਨ ਸੀਨੀਅਰ ਮੈਡੀਕਲ ਅਫ਼ਸਰ ਆਦਿ ਹਾਜ਼ਰ ਸਨ। ਇਸ ਮੀਟਿੰਗ 'ਚ ਸਿਹਤ ਵਿਭਾਗ ਵਲੋਂ ਪੀ. ਸੀ ਐਂਡ ਪੀ. ਐਨ. ਡੀ. ਟੀ ਸਬੰਧੀ ਕੀਤੀਆਂ ਗਤੀਵਿਧੀਆਂ ਤੇ ਵਿਚਾਰ-ਵਟਾਂਦਰਾ ਕੀਤਾ ਅਤੇ ਟੀਮਾਂ ਬਣਾ ਕੇ ਅਲਟਰਾ ਸਾਊਂਡ ਸੈਂਟਰਾਂ ਦੀ ਅਚਨਚੇਤ ਚੈਕਿੰਗ ਕਰਨ ਦਾ ਫੈਸਲਾ ਲਿਆ। ਡਾ ਸੁਖਪਾਲ ਸਿੰਘ ਨੇ ਕਿਹਾ ਕਿ ਜੇ ਕੋਈ ਅਲਟਰਾ ਸਾਊਂਡ ਸੈਂਟਰ ਐਕਟ ਦੀ ਉਲੰਘਣਾ ਕਰਦਾ ਹੈ ਤਾਂ ਉਸ ਸੈਂਟਰ ਦੀ ਰਜਿਸ਼ਟ੍ਰੇਸ਼ਨ ਰੱਦ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਮੀਡੀਆ ਨੂੰ ਅਪੀਲ ਕੀਤੀ ਕਿ ਉਹ ਪੀ . ਸੀ ਐਂਡ ਪੀ. ਐਨ. ਡੀ. ਟੀ. ਐਕਟ ਬਾਰੇ ਲੋਕਾਂ ਨੂੰ ਜਾਗਰੂਕ ਕਰਨ। ਇਸ ਐਕਟ ਨੂੰ ਇੰਨਬਿਨ ਲਾਗੂ ਕਰਨ ਲਈ ਆਮ ਜਨਤਾ ਦੇ ਸਹਿਯੌਗ ਦੀ ਬੇਹੱਦ ਜਰੂਰਤ ਹੈ। ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਅਣ-ਅਧਿਕਾਰਿਤ ਮਸ਼ੀਨ ਦੀ ਵਰਤੋਂ, ਲਿੰਗ ਜਾਂਚ ਜਾਂ ਬੱਚੀ ਭਰੂਣ ਹੱਤਿਆ ਕਰ ਰਿਹਾ ਹੈ ਤਾਂ ਇਸਦੀ ਸੂਚਨਾ ਸਿਹਤ ਵਿਭਾਗ ਨੂੰ ਤੁਰੰਤ ਦਿੱਤੀ ਜਾਵੇ। ਸੂਚਨਾ ਦੇਣ ਵਾਲੇ ਨੂੰ ਸਰਕਾਰ ਵੱਲੋਂ ਇੱਕ ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ ਅਤੇ ਉਸਦਾ  ਨਾਮ ਗੁਪਤ ਰੱਖਿਆ ਜਾਵੇਗਾ ।