ਬਰਨਾਲਾ ''ਚ ਭਾਜਪਾ ਨੂੰ ਮਿਲਿਆ ਵੱਡਾ ਸਮਰਥਨ, 100 ਦੇ ਕਰੀਬ ਪਰਿਵਾਰਾਂ ਨੂੰ ਕੇਵਲ ਢਿੱਲੋਂ ਨੇ BJP ''ਚ ਕੀਤਾ ਸ਼ਾਮਲ

03/14/2023 7:34:34 PM

ਬਰਨਾਲਾ : ਜਿਲ੍ਹੇ 'ਚ ਅੱਜ ਭਾਜਪਾ ਨੂੰ ਵੱਡਾ ਸਮਰਥਨ ਮਿਲਿਆ ਹੈ, ਜਿੱਥੋਂ ਦੇ ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਲੋਕ ਭਾਜਪਾ 'ਚ ਸ਼ਾਮਲ ਹੋਏ, ਜਿਨ੍ਹਾਂ ਨੂੰ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਆਪਣੇ ਨਿਵਾਸ ਸਥਾਨ ’ਤੇ ਸ਼ਾਮਲ ਕਰਵਾਇਆ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਹੰਡਿਆਇਆ ਅਤੇ ਹੋਰ ਲੀਡਰਸ਼ਿਪ ਵੀ ਹਾਜ਼ਰ ਸੀ। ਬੀਜੇਪੀ ਵਿੱਚ ਸ਼ਾਮਲ ਹੋਣ ਵਾਲਿਆਂ 'ਚ ਵੱਡੀ ਗਿਣਤੀ ਔਰਤਾਂ ਦੀ ਰਹੀ।

ਇਹ ਵੀ ਪੜ੍ਹੋ : ਆਲ ਇੰਡੀਆ ਗੁਰਦੁਆਰਾ ਐਕਟ ਦੇ ਹੱਕ 'ਚ ਆਏ ਲਾਲਪੁਰਾ, ਅਜਨਾਲਾ ਹਿੰਸਾ ਨੂੰ ਲੈ ਕੇ ਆਖੀ ਇਹ ਗੱਲ

ਇਸ ਮੌਕੇ ਕੇਵਲ ਢਿੱਲੋਂ ਨੇ ਕਿਹਾ ਕਿ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦਾ ਗ੍ਰਾਫ਼ ਦਿਨੋ-ਦਿਨ ਉੱਚਾ ਹੁੰਦਾ ਜਾ ਰਿਹਾ ਹੈ, ਜਿਸ ਤਹਿਤ ਲਗਾਤਾਰ ਲੋਕ ਵੱਡੀ ਗਿਣਤੀ 'ਚ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਨੂੰ ਇਕ ਸਾਲ ਦੇ ਕਰੀਬ ਹੋ ਚੁੱਕਾ ਹੈ। ਸਰਕਾਰ ਜੋ ਵਾਅਦੇ ਕਰਕੇ ਸੱਤਾ ਵਿੱਚ ਆਈ ਸੀ, ਉਹ ਪੂਰੇ ਕਰਨ ਵਿੱਚ ਨਾਕਾਮ ਰਹੀ ਹੈ। ਸੂਬੇ 'ਚ ਨਸ਼ੇ ਅਤੇ ਕਾਨੂੰਨ ਵਿਵਸਥਾ ਦੀ ਸਮੱਸਿਆ ਵੱਧਦੀ ਜਾ ਰਹੀ ਹੈ। ਦਿਨ-ਦਿਹਾੜੇ ਲੋਕਾਂ ਦੇ ਕਤਲ ਹੋ ਰਹੇ ਹਨ। ਕੋਈ ਵਿਅਕਤੀ ਆਪਣੇ-ਆਪ ਨੂੰ ਸੁਰੱਖਿਅਤ ਨਹੀਂ ਮੰਨ ਰਿਹਾ, ਜਿਸ ਕਰਕੇ ਭਾਜਪਾ ਇਸ ਵੇਲੇ ਪੰਜਾਬ ਦੇ ਲੋਕਾਂ ਦੀ ਇਕੋ-ਇਕ ਆਸ ਦੀ ਕਿਰਨ ਹੈ। ਉਨ੍ਹਾਂ ਕਿਹਾ ਕਿ ਅੱਜ ਵੱਡੀ ਗਿਣਤੀ ਵਿੱਚ ਬਰਨਾਲਾ ਦੇ ਲੋਕਾਂ ਨੇ ਭਾਜਪਾ ਵਿੱਚ ਸ਼ਮੂਲੀਅਤ ਕੀਤੀ ਹੈ, ਜਿਨ੍ਹਾਂ ਦਾ ਅਸੀਂ ਖੁੱਲ੍ਹੇ ਦਿਲ ਨਾਲ ਸਵਾਗਤ ਕਰ ਰਹੇ ਹਾਂ। ਇਹ ਕਾਫ਼ਲਾ ਆਉਣ ਵਾਲੇ ਦਿਨਾਂ ਵਿੱਚ ਹੋਰ ਵਧੇਗਾ।

ਇਹ ਵੀ ਪੜ੍ਹੋ : ਅਜਬ-ਗਜ਼ਬ : ਪਤੀ ਨੇ ਬਣਵਾਇਆ ਪਤਨੀ ਦਾ ਟੈਟੂ, ਆਪਣਾ ਹੀ ਚਿਹਰਾ ਵੇਖ ਭੜਕੀ ਔਰਤ

ਇਸ ਮੌਕੇ ਪਰਮਜੀਤ ਕੌਰ ਚੀਮਾ ਦੀ ਪ੍ਰੇਰਨਾ ਸਦਕਾ ਮੱਖਣ ਸਿੰਘ ਧਨੌਲਾ ਆਪਣੇ ਸਾਥੀਆਂ ਨਾਲ ਬੀਜੇਪੀ ਵਿੱਚ ਸ਼ਾਮਲ ਹੋਏ। ਉਥੇ ਸਰਪੰਚ ਬਲਦੀਪ ਸਿੰਘ ਮਹਿਲ ਖੁਰਦ ਦੀ ਅਗਵਾਈ 'ਚ ਵੱਡੀ ਗਿਣਤੀ ਲੋਕਾਂ ਨੇ ਭਾਜਪਾ ਵਿੱਚ ਸ਼ਮੂਲੀਅਤ ਕੀਤੀ। ਕੇਵਲ ਸਿੰਘ ਢਿੱਲੋਂ ਨੇ ਇੰਦਰਜੀਤ ਸਿੰਘ ਸਰਪੰਚ ਜਵੰਧਾ ਕੋਠੇ ਅਤੇ ਸਰਪੰਚ ਹਰਜਿੰਦਰ ਸਿੰਘ ਪੱਖੋਕੇ ਨੂੰ ਵੀ ਭਾਜਪਾ ਵਿੱਚ ਸ਼ਾਮਲ ਕੀਤਾ। ਇਸ ਮੌਕੇ ਉਨ੍ਹਾਂ ਨਾਲ ਨਰਿੰਦਰ ਗਰਗ ਨੀਟਾ ਮੀਤ ਪ੍ਰਧਾਨ ਨਗਰ ਕੌਂਸਲ, ਗੁਰਜੰਟ ਸਿੰਘ ਕਰਮਗੜ੍ਹ, ਜੱਗਾ ਸਿੰਘ ਮਾਨ, ਧਰਮ ਸਿੰਘ ਫੌਜੀ, ਯਾਦਵਿੰਦਰ ਸ਼ੰਟੀ, ਐਡਵੋਕੇਟ ਵਿਸ਼ਾਲ, ਗੁਰਜਿੰਦਰ ਸਿੰਘ ਸਿੱਧੂ, ਅਸ਼ਵਨੀ ਆਸ਼ੂ ਹੰਡਿਆਇਆ, ਜੀਵਨ ਬਾਂਸਲ ਚੇਅਰਮੈਨ, ਹਰਿੰਦਰ ਸਿੰਘ, ਹਰਕੇਸ਼ ਸਿੰਘ, ਰਾਜਵਿੰਦਰ ਕੌਰ ਪ੍ਰਧਾਨ ਮਹਿਲਾ ਵਿੰਗ, ਰੂਪੀ ਕੌਰ ਹੰਡਿਆਇਆ, ਬਲਕਰਨ ਸਿੰਘ ਠੇਕੇਦਾਰ, ਕੁਲਦੀਪ ਸਿੰਘ ਧਾਲੀਵਾਲ, ਗੁਰਪ੍ਰੀਤ ਸਿੰਘ ਚੀਮਾ, ਗੁਰਲਵਲੀਨ ਧਨੌਲਾ, ਸੰਦੀਪ ਜੇਠੀ, ਮੰਗਲ ਦੇਵ ਧਨੌਲਾ, ਗੁਲਾਬ ਸਿੰਘ ਝਲੂਰ, ਦੀਪ ਸੰਘੇੜਾ, ਹੈਪੀ ਢਿੱਲੋਂ, ਗੁਰਸ਼ਰਨ ਢੀਂਡਸਾ, ਮਨਸ਼ਿੰਦਰ ਸਿੰਘ ਸਰਪੰਚ, ਸਤਨਾਮ ਸਿੰਘ ਸਰਪੰਚ, ਅਮਨਦੀਪ ਸਿੰਘ ਨੰਬਰਦਾਰ, ਹਰਵਿੰਦਰ ਕੌਰ ਅਤੇ ਹੋਰ ਭਾਜਪਾ ਆਗੂ ਤੇ ਵਰਕਰ ਵੀ ਹਾਜ਼ਰ ਸਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

Mukesh

This news is Content Editor Mukesh