ਪੰਜਾਬ ਦੇ ਆਪ ਵਿਧਾਇਕਾਂ ਨੂੰ ਬੁਲਾਇਆ ਦਿੱਲੀ, ਕੇਜਰੀਵਾਲ ਨਾਲ ਹੋਵੇਗੀ ਬੈਠਕ

03/17/2018 10:56:34 PM

ਚੰਡੀਗੜ੍ਹ— ਆਮ ਆਦਮੀ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਨੇ ਐਤਵਾਰ ਨੂੰ ਕੌਮੀ ਕਨਵੀਨਰ ਅਰਵਿੰਦਰ ਕੇਜਰੀਵਾਲ ਨਾਲ ਬੈਠਕ ਲਈ ਪੰਜਾਬ ਦੇ ਵਿਧਾਇਕਾਂ ਅਤੇ ਆਗੂਆਂ ਨੂੰ ਸੱਦਾ ਦਿੱਤਾ ਹੈ। ਇਹ ਬੈਠਕ ਅਜਿਹੇ ਸਮੇਂ 'ਚ ਬੁਲਾਈ ਗਈ ਹੈ, ਜਦੋਂ ਪੰਜਾਬ ਦੇ ਜ਼ਿਆਦਾਤਰ ਆਪ ਵਿਧਾਇਕਾਂ ਨੇ ਕੱਲ ਪਾਰਟੀ ਨਾਲੋਂ ਨਾਤਾ ਤੋੜਨ ਅਤੇ ਇਕ ਵੱਖਰੀ ਇਕਾਈ ਬਣਾਉਣ ਦੇ ਵਿਕਲਪ 'ਤੇ ਚਰਚਾ ਕੀਤੀ ਸੀ।
ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿਧਾਨਸਭਾ ਦੀਆਂ ਪਿਛਲੀਆਂ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ (ਐੱਸ. ਏ. ਡੀ.) ਦੇ ਆਗੂ ਅਤੇ ਪੰਜਾਬ ਸਰਕਾਰ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠਿਆ 'ਤੇ ਨਸ਼ੇ ਦੇ ਕਾਰੋਬਾਰ 'ਚ ਸ਼ਾਮਲ ਹੋਣ ਦਾ ਦੋਸ਼ ਲਾਇਆ ਸੀ ਪਰ ਪਿਛਲੇ ਦਿਨੀਂ ਕੇਜਰੀਵਾਲ ਨੇ ਆਪਣੇ ਲਾਏ ਹੋਏ ਦੋਸ਼ਾਂ 'ਤੇ ਮਜੀਠਿਆ ਤੋਂ ਮੁਆਫੀ ਮੰਗ ਲਈ ਹੈ। ਜਿਸ ਤੋਂ ਬਾਅਦ ਪਾਰਟੀ ਦੀ ਪ੍ਰਦੇਸ਼ ਇਕਾਈ 'ਚ ਸੰਕਟ ਪੈਦਾ ਹੋ ਗਿਆ ਹੈ। ਆਪ ਦੀ ਪੰਜਾਬ ਇਕਾਈ ਦੇ ਪ੍ਰਧਾਨ ਭਗਵੰਤ ਮਾਨ ਅਤੇ ਉਪ ਪ੍ਰਧਾਨ ਅਮਨ ਅਰੋੜਾ ਨੇ ਸ਼ੁੱਕਰਵਾਰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।
ਰਾਜ ਦੀ ਲੀਡਰਸ਼ਿਪ ਨੇ ਕਿਹਾ ਕਿ ਚੁੱਪ ਚਾਪ ਸਮਰਪਣ ਕਰਨਾ ਬਹੁਤ ਮੰਦਭਾਗਾ ਹੈ। ਆਪ ਨੂੰ ਇਕ ਹੋਰ ਝਟਕਾ ਦਿੰਦੇ ਹੋਏ ਉਸ ਦੇ ਗਠਜੋੜ ਸਹਿਯੋਗੀ ਲੋਕ ਇਨਸਾਫ ਪਾਰਟੀ (ਐਲ. ਆਈ. ਪੀ.) ਨੇ ਕੇਜਰੀਵਾਲ ਵਲੋਂ ਮਜੀਠਿਆ ਤੋਂ ਮੁਆਫੀ ਮੰਗਣ ਤੋਂ ਬਾਅਦ ਆਪਣਾ ਗਠਜੋੜ ਤੋੜਨ ਦਾ ਐਲਾਨ ਕੀਤਾ।
ਸੀਨੀਅਰ ਆਗੂ ਅਤੇ ਆਪ ਦੇ ਵਿਧਾਇਕ ਕੰਵਰ ਸੰਧੂ ਨੇ ਅੱਜ ਕਿਹਾ ਕਿ ਅਸੀਂ ਦਿੱਲੀ ਦੇ ਸਿੱਖਿਆ ਮੰਤਰੀ ਤੋਂ ਸਾਨੂੰ ਸੰਦੇਸ਼ ਮਿਲਿਆ ਹੈ ਅਤੇ ਫੋਨ ਆਇਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਦੱਸਿਆ ਗਿਆ ਹੈ ਕਿ ਅਰਵਿੰਦ  ਕੇਜਰੀਵਾਲ ਵੀ ਇਸ ਬੈਠਕ 'ਚ ਮੌਜੂਦ ਹੋਣਗੇ। ਹਾਲਾਂਕਿ ਸੰਧੂ ਨੇ ਕਿਹਾ ਕਿ ਉਹ ਬੈਠਕ 'ਚ ਹਿੱਸਾ ਨਹੀਂ ਲੈਣਗੇ। ਉਨ੍ਹਾਂ ਨੇ ਕਿਹਾ ਕਿ ਕੱਲ ਜ਼ਿਆਦਾਤਰ ਵਿਧਾਇਕਾਂ ਨੇ ਫੈਸਲਾ ਕੀਤਾ ਸੀ ਕਿ ਕੇਂਦਰੀ ਲੀਡਰਸ਼ਿਪ ਨਾਲ ਭਵਿੱਖ ਦੀ ਮੀਟਿੰਗ ਚੰਡੀਗੜ੍ਹ 'ਚ ਹੋਣੀ ਚਾਹੀਦੀ ਹੈ।