ਆਮ ਆਦਮੀ ਪਾਰਟੀ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਫੂਕਿਆ ਪੁਤਲਾ

06/29/2020 1:22:07 PM

ਤਪਾ ਮੰਡੀ (ਸ਼ਾਮ,ਗਰਗ) - ਵਾਲਮੀਕ ਚੌਂਕ ਤਪਾ 'ਚ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਕੇਂਦਰ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਪ੍ਰਗਟਾਇਆ ਗਿਆ। ਇਸ ਮੌਕੇ ਆਪ ਦੇ ਸੀਨੀਅਰ ਆਗੂ ਲਾਭ ਸਿੰਘ ਉਗੋਕੇ ਨੇ ਕਿਹਾ ਕਿ ਕਾਰਪੋਰੇਟ ਘਰਾਣਿਆਂ ਦੀ ਹਮਾਇਤੀ ਮੋਦੀ ਸਰਕਾਰ ਵੱਲੋਂ ਖੇਤੀਬਾੜੀ ਨਾਲ ਸਬੰਧਿਤ ਜੋ ਆਰਡੀਨੈਂਸ ਲਿਆਂਦੇ ਜਾ ਰਹੇ ਹਨ, ਉਹ ਕਿਸਾਨ ਵਿਰੋਧੀ ਹਨ ਕਿਉਂਕਿ ਇਨ੍ਹਾਂ ਜ਼ਰੀਏ ਘੱਟੋ-ਘੱਟ ਸਮਰਥਨ ਮੁੱਲ ਖ਼ਤਮ ਹੋਣ ਕਿਨਾਰੇ ਹੈ। ਦੂਜੇ ਪਾਸੇ ਕਿਸਾਨਾਂ ਦੀ ਹਿਤੈਸ਼ੀ ਅਖਵਾਉਣ ਵਾਲੀ ਸ਼੍ਰੋਮਣੀ ਅਕਾਲੀ ਦਲ ਕੇਂਦਰ ਵਿਚ ਵਜ਼ਾਰਤ ਬਚਾਉਣ ਲਈ ਕਿਸਾਨਾਂ ਦੀ ਇਸ ਲੁੱਟ ਖ਼ਿਲਾਫ਼ ਚੁੱਪ ਬੈਠੀ ਹੈ। 

ਜਿਸ ਦੇ ਵਿਰੋਧ 'ਚ ਅੱਜ ਸ੍ਰੋ.ਅ.ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਪੁੱਤਲਾ ਫੂਕ ਕੇ ਰੋਸ ਪ੍ਰਗਟ ਕੀਤਾ ਗਿਆ। ਉਨ੍ਹਾਂ ਕਿਹਾ ਕਿ ਦੇਸ਼ ਦੀ ਜਨਤਾ ਤਾਂ ਪਹਿਲਾਂ ਹੀ ਕੋਰੋਨਾ ਮਹਾਮਾਰੀ ਦੀ ਮਾਰ ਝੱਲ ਰਹੀ ਹੈ, ਹਰ ਕੋਈ ਕੰਮਕਾਜ ਨਾ ਹੋਣ ਕਾਰਨ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਿਹਾ ਹੈ। ਪਰ ਅਜਿਹੇ ਹਾਲਤਾਂ ਵਿਚ ਤੇਲ ਦੀਆਂ ਕੀਮਤਾਂ 'ਚ ਵਾਧਾ ਕਰਕੇ ਕੋਰੋਨਾ ਮਹਾਮਾਰੀ ਦੇ ਸਤਾਏ ਹਰ ਵਰਗ ਨੂੰ ਮੋਦੀ ਨੇ ਅੰਬਾਨੀ ਤੇ ਅਡਾਨੀ ਨੂੰ ਖੁਸ਼ ਕਰਨ ਲਈ ਤਬਾਹੀ ਵੱਲ ਧੱਕਿਆ ਹੈ। ਇਸ ਮੌਕੇ ਮੁਨੀਸ਼ ਗਰਗ, ਹਰਦੀਪ ਸਿੰਘ ਪੋਪਲ, ਜਸਵਿੰਦਰ ਸਿੰਘ ਚੱਠਾ, ਤੇਜਿੰਦਰ ਸਿੰਘ ਢਿਲਵਾਂ,ਤਰਸੇਮ ਸਿੰਘ,ਜੱਗਾ ਸਿੰਘ,ਬੁੱਧ ਰਾਮ ਢਿਲਵਾਂ,ਨਰਾਇਣ ਸਿੰਘ,ਦਲੀਪ ਸਿੰਘ ਢਿਲਵਾਂ,ਕੁਲਵਿੰਦਰ ਬਰਾੜ,ਦੀਪ ਸਿੰਘ ਮਹਿਤਾ ਆਦਿ ਵੱਡੀ ਗਿਣਤੀ 'ਚ ਵਰਕਰਾਂ ਨੇ ਹੱਥਾਂ 'ਚ ਤਖਤੀਆਂ ਫੜ੍ਹ ਕੇ ਸਾਰੇ ਬਾਜ਼ਾਰਾਂ ਵਿਚੋਂ ਦੀ ਰੋਸ ਪ੍ਰਰਦਰਸ਼ਨ ਕਰਕੇ ਮੋਦੀ ਅਤੇ ਬਾਦਲ ਖਿਲਾਫ ਨਾਅਰੇਬਾਜੀ ਕੀਤੀ ਗਈ। 

 

Harinder Kaur

This news is Content Editor Harinder Kaur