ਪੁਲਸ ਪਾਰਟੀ ’ਤੇ ਜਾਨਲੇਵਾ ਹਮਲਾ ਕਰ ਕੇ ਏ. ਕੇ. 47 ਖੋਹਣ ਦੇ ਮਾਮਲੇ ’ਚ 5 ਕਾਬੂ

12/09/2020 2:21:08 AM

ਮੋਗਾ, (ਅਜ਼ਾਦ)- ਮੋਗਾ ਪੁਲਸ ਨੇ ਧਰਮਕੋਟ ਪੁਲਸ ਪਾਰਟੀ ’ਤੇ ਬੀਤੀ 5 ਦਸੰਬਰ ਦੀ ਰਾਤ ਨੂੰ ਜਾਨਲੇਵਾ ਹਮਲਾ ਕਰ ਕੇ ਉਨ੍ਹਾਂ ਨੂੰ ਜ਼ਖਮੀ ਕਰਨ ਦੇ ਬਾਅਦ ਏ.ਕੇ 47 ਖੋਹਣ ਦੇ ਮਾਮਲੇ ਵਿਚ 5 ਕਥਿਤ ਦੋਸ਼ੀਆਂ ਨੂੰ ਕਾਬੂ ਕਰ ਕੇ ਖੋਹੀ ਗਈ ਏ.ਕੇ. 47 ਅਤੇ ਇਕ 315 ਬੋਰ ਪਿਸਟਲ ਅਤੇ ਕਾਰਤੂਸ ਬਰਾਮਦ ਕਰਨ ਵਿਚ ਸਫਲਤਾ ਹਾਸਿਲ ਕੀਤੀ। ਇਸ ਸਬੰਧ ਵਿਚ ਧਰਮਕੋਟ ਪੁਲਸ ਵੱਲੋਂ ਹਮਲੇ ’ਚ ਜ਼ਖਮੀ ਥਾਣਾ ਧਰਮਕੋਟ ਦੇ ਅਡੀਸ਼ਨਲ ਥਾਣਾ ਮੁਖੀ ਮੇਜਰ ਸਿੰਘ ਦੀ ਸ਼ਿਕਾਇਤ ’ਤੇ ਇੰਦਰਜੀਤ ਸਿੰਘ ਉਰਫ ਵਿੱਕੀ, ਗੁਰਪ੍ਰੀਤ ਸਿੰਘ ਉਰਫ ਗੋਪੀ, ਜਸਪ੍ਰੀਤ ਸਿੰਘ ਉਰਫ ਜੱਸਾ, ਜਗਜੀਤ ਸਿੰਘ ਉਰਫ ਬੱਬੂ ਸਾਰੇ ਨਿਵਾਸੀ ਪਿੰਡ ਜਲਾਲਾਬਾਦ ਪੁਰਬੀ ਦੇ ਖਿਲਾਫ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਕੇ ਹਮਲਾਵਰਾਂ ਦੀ ਤਲਾਸ਼ ਲਈ ਅੱਧੀ ਰਾਤ ਨੂੰ ਪਿੰਡ ਜਲਾਲਾਬਾਦ ਨੂੰ ਘੇਰਿਆ ਗਿਆ ਅਤੇ ਸ਼ੱਕ ਦੇ ਆਧਾਰ ’ਤੇ ਕਈ ਵਿਅਕਤੀਆਂ ਨੂੰ ਪੁੱ-ਛਗਿੱਛ ਲਈ ਹਿਰਾਸਤ ’ਚ ਲਿਆ ਗਿਆ। ਜਾਣਕਾਰੀ ਦਿੰਦੇ ਹੋਏ ਐੱਸ.ਪੀ.ਆਈ. ਜਗਤਪ੍ਰੀਤ ਸਿੰਘ ਨੇ ਦੱਸਿਆ ਕਿ ਬੀਤੀ 5 ਦਸੰਬਰ ਦੀ ਰਾਤ ਨੂੰ ਥਾਣਾ ਧਰਮਕੋਟ ਦੇ ਐਡੀਸ਼ਨਲ ਥਾਣਾ ਮੁਖੀ ਥਾਣੇਦਾਰ ਮੇਜਰ ਸਿੰਘ ਆਪਣੇ ਨਾਲ ਹੋਮਗਾਰਡ ਦੇ ਜਵਾਨ ਸੁਖਵਿੰਦਰ ਸਿੰਘ ਨੂੰ ਨਾਲ ਲੈ ਕੇ ਪਿੰਡ ਜਲਾਲਾਬਾਦ ਪੁਲਸ ਹੈਲਪ ਲਾਈਨ 112 ਤੇ ਆਈ ਸ਼ਿਕਾਇਤ ਦੇ ਸਬੰਧ ਵਿਚ ਜਾਂਚ ਲਈ ਜਾ ਰਹੇ ਸਨ, ਜਦ ਉਹ ਪਿੰਡ ਦੇ ਨਜ਼ਦੀਕ ਪੁੱਜੇ ਤਾਂ 4-5 ਅਣਪਛਾਤੇ ਲੜਕੇ ਜੋ ਮਿਲਟਰੀ ਦੀ ਵਰਦੀ ’ਚ ਸਨ ਉਥੇ ਮਿਲੇ ਜਦੋਂ ਹੀ ਪੁਲਸ ਮੁਲਾਜ਼ਮਾਂ ਨੇ ਉਕਤ ਵਿਅਕਤੀਆਂ ਦਾ ਨਾਂ ਪੁੱਛਿਆ ਉਨ੍ਹਾਂ ਕੋਈ ਜਵਾਬ ਨਹੀਂ ਦਿੱਤਾ ਅਤੇ ਝਗੜਾ ਕਰਨ ਲੱਗੇ ਅਤੇ ਪੁਲਸ ਪਾਰਟੀ ’ਤੇ ਹਮਲਾ ਕਰ ਕੇ ਦੋਵਾਂ ਨੂੰ ਜ਼ਖਮੀ ਕਰ ਦਿੱਤਾ ਅਤੇ ਏ.ਕੇ. 47 ਰਾਈਫਲ ਅਤੇ ਮੋਬਾਇਲ ਫੋਨ ਲੈ ਕੇ ਫਰਾਰ ਹੋ ਗਏ। ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲਾ ਪੁਲਸ ਮੁਖੀ ਦੇ ਨਿਰਦੇਸ਼ ’ਤੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮੋਗਾ ਪੁਲਸ ਉਕਤ ਮਾਮਲੇ ਵਿਚ 5 ਕਥਿਤ ਦੋਸ਼ੀਆਂ ਇੰਦਰਜੀਤ ਸਿੰਘ ਉਰਫ ਵਿੱਕੀ, ਗੁਰਪ੍ਰੀਤ ਸਿੰਘ ਉਰਫ ਗੋਪੀ, ਜਸਪ੍ਰੀਤ ਸਿੰਘ ਉਰਫ ਜੱਸਾ, ਜਗਜੀਤ ਸਿੰਘ, ਗੁਰਦੀਪ ਸਿੰਘ ਸਾਰੇ ਨਿਵਾਸੀ ਪਿੰਡ ਜਲਾਲਾਬਾਦ ਪੁਰਬੀ ਨੂੰ ਕਾਬੂ ਕੀਤਾ ਗਿਆ। ਉਨ੍ਹਾਂ ਤੋਂ ਪੁਲਸ ਮੁਲਾਜ਼ਮਾਂ ਤੋਂ ਖੋਹੀ ਗਈ ਏ.ਕੇ 47 ਰਾਈਫਲ ਦੇ ਇਲਾਵਾ ਇਕ ਦੇਸੀ 315 ਬੋਰ ਪਿਸਟਲ ਅਤੇ 5 ਕਾਰਤੂਸ ਬਰਾਮਦ ਕਰ ਲਏ ਗਏ ਹਨ ਜਦਕਿ ਉਕਤ ਮਾਮਲੇ ਵਿਚ ਤਿੰਨ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ, ਜਿੰਨਾਂ ਨੂੰ ਕਾਬੂ ਕਰਨ ਦੇ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ। ਪੁਲਸ ਸੂਤਰਾਂ ਦੇ ਅਨੁਸਾਰ ਇੰਦਰਜੀਤ ਸਿੰਘ, ਗੁਰਪ੍ਰੀਤ ਸਿੰਘ ਉਰਫ ਗੋਪੀ, ਜਸਪ੍ਰੀਤ ਸਿੰਘ ਉਰਫ ਜੱਸਾ ਦੇ ਖਿਲਾਫ਼ ਮੋਗਾ ਜ਼ਿਲੇ ਦੇ ਵੱਖ-ਵੱਖ ਥਾਣਿਆਂ ’ਚ ਕਈ ਮਾਮਲੇ ਦਰਜ ਹਨ, ਜਦ ਇਸ ਸਬੰਧ ਵਿਚ ਥਾਣਾ ਧਰਮਕੋਟ ਦੇ ਇੰਚਾਰਜ ਗੁਲਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਾਬੂ ਕੀਤੇ ਗਏ ਪੰਜ ਕਥਿਤ ਦੋਸ਼ੀਆਂ ਨੂੰ ਪੁੱਛ-ਗਿੱਛ ਦੇ ਬਾਅਦ ਅੱਜ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ,ਜਦਕਿ ਫਰਾਰ ਤਿੰਨ ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਦੇ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ।

Bharat Thapa

This news is Content Editor Bharat Thapa