ਛਾਪੇਮਾਰੀ ਦੌਰਾਨ 81 ਹਜ਼ਾਰ ਨਸ਼ੇ ਦੀਆਂ ਗੋਲੀਆਂ ਬਰਾਮਦ

09/23/2019 7:36:38 PM

ਭਵਾਨੀਗੜ੍ਹ, (ਕਾਂਸਲ, ਵਿਕਾਸ, ਅੱਤਰੀ)- ਜ਼ਿਲਾ ਪੁਲਸ ਮੁਖੀ ਸੰਗਰੂਰ ਡਾਕਟਰ ਸੰਦੀਪ ਗਰਗ ਵੱਲੋਂ ਨਸ਼ੇ ਵੇਚਣ ਵਾਲੇ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਨ ਦੀ ਚਲਾਈ ਮੁਹਿੰਮ ਤਹਿਤ ਸੀ. ਆਈ. ਏ. ਸਟਾਫ ਬਹਾਦਰ ਸਿੰਘ ਵਾਲਾ ਦੀ ਪੁਲਸ ਪਾਰਟੀ ਨੇ ਇਕ ਗੁਪਤ ਸੂਚਨਾ ਦੇ ਆਧਾਰ 'ਤੇ 81 ਹਜ਼ਾਰ ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕਰ ਕੇ ਤਿੰਨ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ।

ਸੀ. ਆਈ. ਏ. ਸਟਾਫ ਬਹਾਦਰ ਸਿੰਘ ਵਾਲਾ ਦੇ ਸਬ-ਇੰਸਪੈਕਟਰ ਬਸੰਤ ਸਿੰਘ ਜਦੋਂ ਆਪਣੀ ਪੁਲਸ ਪਾਰਟੀ ਸਮੇਤ ਪਿੰਡ ਕਾਕੜਾ ਮੌਜੂਦ ਸਨ ਤਾਂ ਮੁਖਬਰ ਖਾਸ ਨੇ ਪੁਲਸ ਨੂੰ ਸੂਚਨਾ ਦਿੱਤੀ ਕਿ ਅਮਰ ਸਿੰਘ ਉਰਫ ਚੀਲਾ ਪੁੱਤਰ ਨਾਨਕ ਸਿੰਘ, ਹਰਮੇਸ਼ ਸਿੰਘ ਪੁੱਤਰ ਰਣਜੀਤ ਸਿੰਘ ਉਰਫ ਪੋਨੀ ਵਾਸੀਆਨ ਜੋਲੀਆਂ ਕਥਿਤ ਤੌਰ 'ਤੇ ਨਸ਼ੇ ਵਾਲੀਆਂ ਗੋਲੀਆਂ ਵੇਚਣ ਦਾ ਗੋਰਖ ਧੰਦਾ ਕਰਦੇ ਹਨ, ਅੱਜ ਇਕ ਕਾਰ 'ਚ ਉਹ ਸਵਾਰ ਹੋ ਕੇ ਪਰਦੀਪ ਵਾਸੀ ਸਹਾਰਨਪੁਰ ਯੂ. ਪੀ. ਤੋਂ ਭਾਰੀ ਮਾਤਰਾ 'ਚ ਨਸ਼ੇ ਵਾਲੀਆਂ ਗੋਲੀਆਂ ਲੈ ਕੇ ਭਵਾਨੀਗੜ੍ਹ ਹੁੰਦੇ ਹੋਏ ਵਾਇਆ ਬੱਖੋਪੀਰ-ਦਿਆਲਗੜ੍ਹ ਹੁੰਦੇ ਹੋਏ ਪਿੰਡ ਜੋਲੀਆਂ ਨੂੰ ਜਾਣਗੇ।

ਪੁਲਸ ਨੇ ਸੂਚਨਾ ਦੇ ਆਧਾਰ 'ਤੇ ਨਾਕਾਬੰਦੀ ਦੌਰਾਨ ਇਕ ਕਾਰ 'ਚੋਂ ਉਕਤ ਦੋਵੇਂ ਵਿਅਕਤੀਆਂ ਅਮਰ ਸਿੰਘ ਉਰਫ ਚੀਲਾ ਪੁੱਤਰ ਨਾਨਕ ਸਿੰਘ, ਹਰਮੇਸ਼ ਸਿੰਘ ਪੁੱਤਰ ਰਣਜੀਤ ਸਿੰਘ ਉਰਫ ਪੋਨੀ ਵਾਸੀਆਨ ਜੋਲੀਆਂ ਨੂੰ 81 ਹਜ਼ਾਰ ਨਸ਼ੇ ਵਾਲੀਆਂ ਗੋਲੀਆਂ ਸਮੇਤ ਕਾਬੂ ਕਰ ਕੇ ਇਨ੍ਹਾਂ ਦੋਵਾਂ ਸਮੇਤ ਇਨ੍ਹਾਂ ਨੂੰ ਕਥਿਤ ਤੌਰ 'ਤੇ ਨਸ਼ੇ ਵਾਲੀਆਂ ਗੋਲੀਆਂ ਦੀ ਸਪਲਾਈ ਕਰਨ ਵਾਲੇ ਪਰਦੀਪ ਵਾਸੀ ਸਹਾਰਨਪੁਰ ਯੂ. ਪੀ. ਵਿਰੁੱਧ ਨਸ਼ਾ ਵਿਰੋਧੀ ਐਕਟ ਦੀ ਧਾਰਾ ਅਧੀਨ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Bharat Thapa

This news is Content Editor Bharat Thapa