ਕਮੇਟੀ ਦੇ ਨਾਮ ''ਤੇ ਲੋਕਾਂ ਤੋਂ 80 ਲੱਖ ਦੀ ਠੱਗੀ ਮਾਰ ਕੇ ਫਰਾਰ

07/16/2019 1:18:13 AM

ਚੰਡੀਗੜ੍ਹ (ਸੁਸ਼ੀਲ)— ਲੋਕਾਂ ਨੇ ਖੂਨ ਪਸੀਨੇ ਦੀ ਕਮਾਈ ਕਰਕੇ ਰੁਪਏ ਜੋੜਨ ਲਈ ਡੱਡੂਮਾਜਰਾ ਕਲੋਨੀ 'ਚ ਵਿਜੈ ਕੁਮਾਰ ਕੋਲ ਕਮੇਟੀ ਪਾਈ।ਵਿਜੇ ਨੇ ਲੋਕਾਂ ਤੋਂ ਕਰੀਬ 80 ਲੱਖ ਰੁਪਏ ਇਕੱਠੇ ਕੀਤੇ ਅਤੇ ਖੁਦ ਦੀ ਜਾਇਦਾਦ ਬਣਾਈ। ਜਦੋਂ ਰੁਪਏ ਦੇਣੇ ਆਏ ਤਾਂ ਵਿਜੈ ਕੁਮਾਰ ਆਪਣੇ ਪਰਿਵਾਰ ਸਮੇਤ ਘਰ ਛੱਡਕੇ ਫਰਾਰ ਹੋ ਗਿਆ। ਲੋਕਾਂ ਨੇ ਮਾਮਲੇ ਦੀ ਸ਼ਿਕਾਇਤ ਐੱਸ.ਐੱਸ. ਪੀ. ਨਿਲਾਂਬਰੀ ਵਿਜੈ ਜਗਦਲੇ ਅਤੇ ਮਲੋਆ ਥਾਣਾ ਇੰਚਾਰਜ ਨੂੰ ਦਿੱਤੀ। ਇਸਤੋਂ ਇਲਾਵਾ ਠੱਗੀ ਦਾ ਸ਼ਿਕਾਰ ਹੋਏ ਕਲੋਨੀ ਦੇ ਲੋਕਾਂ ਨੇ ਡੱਡੂਮਾਜਰਾ ਸਥਿਤ ਕਲੋਨੀ 'ਚ ਵਿਜੈ ਕੁਮਾਰ ਦੇ ਘਰ ਦੇ ਬਾਹਰ ਨਾਅਰੇਬਾਜ਼ੀ ਕੀਤੀ। ਲੋਕਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਮਿਹਨਤ ਦੀ ਕਮਾਈ ਵਾਪਿਸ ਨਹੀਂ ਮਿਲੀ ਤਾਂ ਉਹ ਮੁਲਜ਼ਿਮ ਦੇ ਘਰ ਦੇ ਬਾਹਰ ਖੁਦਕੁਸ਼ੀ ਕਰ ਲੈਣਗੇ। ਡੱਡੂਮਾਜਰਾ ਕਲੋਨੀ ਨਿਵਾਸੀ ਨਕੁਲ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਨ੍ਹਾਂ ਦੀ ਕਲੋਨੀ 'ਚ ਵਿਜੈ ਕੁਮਾਰ ਕਮੇਟੀ ਪਾਉਂਦਾ ਸੀ। ਕਲੋਨੀ ਦੇ ਗਰੀਬ ਲੋਕ ਥੋੜ੍ਹੇ-ਥੋੜ੍ਹੇ ਰੁਪਏ ਇਕੱਠੇ ਕਰਕੇ ਮਹੀਨੇ ਵਿਜੈ ਕੁਮਾਰ 'ਤੇ ਕਮੇਟੀ ਪਾਉਣ ਲੱਗੇ। ਉਸਨੇ ਦੱਸਿਆ ਕਿ ਆਰੋਪੀ ਕੋਲ ਕਰੀਬ 50 ਲੋਕਾਂ ਨੇ ਇੱਕ ਤੋਂ ਲੈਕੇ ਤਿੰਨ-ਤਿੰਨ ਤੱਕ ਕਮੇਟੀ ਪਾਈ ਹੋਈ ਹੈ। ਜਦੋਂ ਕਮੇਟੀ ਪੂਰੀ ਹੋਈ ਤਾਂ ਵਿਜੈ ਕੁਮਾਰ ਪਰਿਵਾਰ ਸਮੇਤ ਫਰਾਰ ਹੋ ਗਿਆ। ਉਸਨੇ ਦੱਸਿਆ ਕਿ ਵਿਜੈ ਕੁਮਾਰ ਤੋਂ ਉਸਨੇ ਇੱਕ ਲੱਖ 65 ਹਜ਼ਾਰ ਰੁਪਏ ਲੈਣੇ ਹਨ। ਇਸੇ ਤਰ੍ਹਾਂ ਸੁਨੀਲ ਗੁਪਤਾ ਨੇ ਸੱਤ ਲੱਖ, ਰਾਜੂ ਨੇ ਪੰਜ ਲੱਖ, ਸੁਰਜੀਤ ਨੇ ਤਿੰਨ ਲੱਖ 50 ਹਜ਼ਾਰ, ਅਰਜੁਨ ਸੈਣੀ ਨੇ ਡੇਢ ਲੱਖ, ਹਰੀ ਪ੍ਰਸਾਦ ਨੇ ਇੱਕ ਲੱਖ 32 ਹਜ਼ਾਰ ਅਤੇ ਧਰਮਬੀਰ ਨੇ ਦੋ ਲੱਖ 75 ਹਜ਼ਾਰ ਰੁਪਏ ਕਮੇਟੀ ਦੇ ਲੈਣੇ ਹਨ।

ਆਰੋਪੀ ਨੇ ਬਣਾਈ ਲੱਖਾਂ ਦੀ ਪ੍ਰਾਪਰਟੀ
ਸੁਨੀਲ ਗੁਪਤਾ ਨੇ ਦੱਸਿਆ ਕਿ ਲੋਕਾਂ ਦੇ ਪੈਸਿਆਂ ਨਾਲ ਵਿਜੈ ਕੁਮਾਰ ਨੇ ਡੱਡੂਮਾਜਰਾ 'ਚ ਦੋ ਮਕਾਨ, ਨਵਾਂਗਰਓਂ 'ਚ ਇੱਕ ਕੋਠੀ ਅਤੇ 15 ਆਟੋ ਖਰੀਦਕੇ ਕਿਰਾਏ 'ਤੇ ਦਿੱਤੇ ਹੋਏ ਹਨ। ਸੁਰਜੀਤ ਨੇ ਦੱਸਿਆ ਕਿ ਜਦੋਂ ਲੋਕਾਂ ਦੀ ਕਮੇਟੀ ਪੂਰੀ ਹੋਣ ਵਾਲੀ ਸੀ, ਉਸਤੋਂ ਪਹਿਲਾਂ ਹੀ ਵਿਜੇ ਆਪਣੇ ਮਕਾਨ ਛੱਡਕੇ ਫਰਾਰ ਹੋ ਗਿਆ। ਧਰਮਬੀਰ ਨੇ ਦੱਸਿਆ ਕਿ ਉਨ੍ਹਾਂ ਨੇ ਕਮੇਟੀ ਆਪਣੇ ਬੱਚਿਆਂ ਦੀ ਪੜ੍ਹਾਈ ਦਾ ਖਰਚ ਪੂਰਾ ਕਰਨ ਲਈ ਪਾਈ ਸੀ। ਵਿਜੇ ਉਸਦੀ ਸਾਰੀ ਮਿਹਨਤ ਦੀ ਕਮਾਈ ਲੈਕੇ ਫਰਾਰ ਹੋ ਗਿਆ। ਸੋਨੂੰ ਨੇ ਦੱਸਿਆ ਕਿ ਉਸਨੇ ਆਪਣੀ ਭੈਣ ਦੇ ਵਿਆਹ ਲਈ ਰੁਪਏ ਇਕੱਠੇ ਕਰਨ ਲਈ ਕਮੇਟੀ ਪਾਈ ਸੀ। ਕਮੇਟੀ ਪੂਰੀ ਹੋਣ ਤੋਂ ਪਹਿਲਾਂ ਹੀ ਵਿਜੇ ਰੁਪਏ ਲੈਕੇ ਫਰਾਰ ਹੋ ਗਿਆ।

KamalJeet Singh

This news is Content Editor KamalJeet Singh