66 ਕੇ. ਵੀ. ਗਰਿੱਡ ਨੂੰ ਲੱਗੀ ਭਿਆਨਕ ਅੱਗ, 9 ਪਿੰਡਾਂ ਦੀ ਬਿਜਲੀ ਸਪਲਾਈ ਹੋਈ ਬੰਦ

03/25/2023 10:46:53 PM

ਮੌੜ ਮੰਡੀ (ਭੂਸ਼ਣ)-ਪਿੰਡ ਜੋਧਪੁਰ ਪਾਖਰ ਵਿਖੇ ਦਾਣਾ ਮੰਡੀ ਦੇ ਨਜ਼ਦੀਕ ਬਣੇ 66 ਕੇ. ਵੀ. ਗਰਿੱਡ ਨੂੰ ਦੁਪਹਿਰ ਦੇ ਤਕਰੀਬਨ 12.55 ਵਜੇ ਅਚਾਨਕ ਭਿਆਨਕ ਅੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਅੱਗ ਦੀਆਂ ਲਪਟਾਂ 100 ਫੁੱਟ ਉੱਚੀਆਂ ਉੱਠ ਗਈਆਂ ਅਤੇ ਅੱਗ ਲੱਗਣ ਕਾਰਨ ਚਾਰੇ ਪਾਸੇ ਧੂੰਆਂ ਹੀ ਧੂੰਆਂ ਫੈਲ ਗਿਆ। ਗਰਿੱਡ ’ਚ ਮੌਜੂਦ ਕਰਮਚਾਰੀਆਂ ਨੇ ਅੱਗ ਲੱਗਣ ਦੀ ਸੂਚਨਾ ਆਪਣੇ ਉੱਚ ਅਧਿਕਾਰੀਆਂ ਨੂੰ ਦਿੱਤੀ, ਜਿਨ੍ਹਾਂ ਨੇ ਅੱਗੇ ਫਾਇਰ ਬਿਗ੍ਰੇਡ ਵਿਭਾਗ ਨੂੰ ਇਸ ਦੀ ਸੂਚਨਾ ਦਿੱਤੀ।

ਅੱਗ ਲੱਗਣ ਦੇ ਤਕਰੀਬਨ 1 ਘੰਟੇ ਬਾਅਦ ਫਾਇਰ ਬਿਗ੍ਰੇਡ ਦੀਆਂ 3 ਗੱਡੀਆਂ ਬਠਿੰਡਾ, ਤਲਵੰਡੀ, ਮੌੜ ਤੋਂ ਪਹੁੰਚੀਆਂ ਅਤੇ 1 ਗੱਡੀ ਰਾਮਾਂ ਮੰਡੀ ਰਿਫਾਈਨਰੀ ਤੋਂ ਆਈ ਤੇ ਇਕ ਗੱਡੀ ਲਹਿਰਾ ਮੁਹੱਬਤ ਤੋਂ ਆਈ, ਜਿਨ੍ਹਾਂ ਨੇ ਪੂਰੀ ਜੱਦੋ-ਜਹਿਦ ਨਾਲ 4 ਘੰਟਿਆਂ ਬਾਅਦ ਅੱਗ ’ਤੇ ਕਾਬੂ ਪਾਇਆ। ਇਸ ਸਬੰਧੀ ਜਦੋਂ ਸ਼ਹਿਰੀ ਮੌੜ ਦੇ ਐੱਸ. ਡੀ. ਓ. ਅਤੇ ਐੱਸ. ਐੱਸ. ਈ. ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਐੱਸ. ਈ. ਗਰਿੱਡ ਅਤੇ ਐਕਸੀਅਨ ਗਰਿੱਡ ਮੌਕੇ ’ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤਕ ਕੋਈ ਪਤਾ ਨਹੀਂ ਲੱਗਾ ।

ਜਾਣਕਾਰੀ ਦਿੰਦੇ ਹੋਏ ਐੱਸ. ਡੀ. ਓ. ਸਿਟੀ ਅਸ਼ੋਕ ਕੁਮਾਰ ਸਿੰਗਲਾ ਨੇ ਦੱਸਿਆ ਕਿ ਇਸ ਗਰਿੱਡ ਤੋਂ 9 ਪਿੰਡਾਂ ਦੀ ਸਪਲਾਈ ਚੱਲਦੀ ਸੀ। ਇਨ੍ਹਾਂ ’ਚ ਪਿੰਡ ਜੋਧਪੁਰ ਪਾਖਰ, ਬੁਰਜ ਸੇਮਾ, ਮਾਨਸਾ ਕਲਾਂ, ਮਾੜੀ, ਬਘੇਰ ਮੁਹੱਬਤ, ਨੱਤ, ਬਘੇਰ ਚੜ੍ਹਤ ਸਿੰਘ, ਯਾਤਰੀ ਤੇ ਮੌੜ ਚੜ੍ਹਤ ਸਿੰਘ ਸ਼ਾਮਲ ਹਨ। ਇਥੋਂ ਤਕਰੀਬਨ 5000 ਘਰ ਦੀ ਸਪਲਾਈ ਜਾਂਦੀ ਸੀ, ਜੋ ਇਸ ਹਾਦਸੇ ਕਾਰਨ ਬੰਦ ਹੈ।

Manoj

This news is Content Editor Manoj