ਲੜਕੀ ਨੂੰ ਅਗਵਾ ਕਰਕੇ ਫਿਰੌਤੀ ਮੰਗਣ ਵਾਲੀਆਂ 2 ਔਰਤਾਂ ਸਣੇ 5 ਗ੍ਰਿਫ਼ਤਾਰ, ਕਾਰ ਵੀ ਕੀਤੀ ਬਰਾਮਦ

09/13/2022 2:45:58 PM

ਮੁਲਾਂਪੁਰ ਦਾਖਾ (ਕਾਲੀਆ) : ਥਾਣਾ ਦਾਖਾ ਦੀ ਪੁਲਸ ਨੇ ਇਕ ਲੜਕੀ ਨੂੰ ਅਗਵਾ ਕਰਕੇ 1 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲੀਆਂ 2 ਔਰਤਾਂ ਸਮੇਤ 5 ਅਗਵਾਕਾਰਾਂ ਨੂੰ ਗ੍ਰਿਫ਼ਤਾਰ ਕਰਕੇ ਲੜਕੀ ਨੂੰ ਉਨ੍ਹਾਂ ਦੇ ਸ਼ਿਕੰਜੇ 'ਚੋਂ ਛੁਡਵਾਇਆ। ਪ੍ਰਾਪਤ ਜਾਣਕਾਰੀ ਅਨੁਸਾਰ ਜਸਪ੍ਰੀਤ ਕੌਰ ਪਿੰਡ ਮੋਹੀ ਆਪਣੀ ਮਾਂ ਨਾਲ ਘਰੇਲੂ ਸਾਮਾਨ ਲੈਣ ਆਈ ਸੀ ਤੇ ਪਿੰਡ ਜਾਂਗਪੁਰ ਬੱਸ ਸਟੈਂਡ 'ਤੇ ਪਿੰਡ ਮੋਹੀ ਨੂੰ ਜਾਣ ਲਈ ਖੜ੍ਹੀਆਂ ਸਨ ਤਾਂ ਇਕ ਕਾਰ ਸਵਿਫ਼ਟ ਡਿਜ਼ਾਇਰ ਐਚ.ਆਰ. 29 ਏ.ਐਫ 4078 ਉਨ੍ਹਾਂ ਕੋਲ ਆ ਕੇ ਰੁਕੀ ਤੇ ਜਸਪ੍ਰੀਤ ਨੂੰ ਧੱਕੇ ਨਾਲ ਚੁੱਕ ਕੇ ਆਪਣੀ ਕਾਰ ਵਿੱਚ ਸੁੱਟ ਲਿਆ ਤੇ ਸੁਧਾਰ ਵਾਲੀ ਸਾਈਡ ਫਰਾਰ ਹੋ ਗਏ ਤੇ ਕੁਝ ਸਮੇਂ ਬਾਅਦ ਉਸ ਦੀ ਮਾਂ ਸਵਰਨ ਕੌਰ ਪਤਨੀ ਜੋਗਿੰਦਰ ਸਿੰਘ ਨੂੰ ਫੋਨ ਆਇਆ ਕਿ ਜੇਕਰ ਲੜਕੀ ਨੂੰ ਵਾਪਸ ਲੈ ਜਾਣਾ ਚਾਹੁੰਦੇ ਹੋ ਤਾਂ 1 ਲੱਖ ਰੁਪਏ ਦੇ ਦਿਓ।

ਇਹ ਵੀ ਪੜ੍ਹੋ : ਬਸਪਾ ਦੇ ਸੂਬਾ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਨੇ ਘੇਰੀ ਪੰਜਾਬ ਸਰਕਾਰ, ਲਾਏ ਇਲਜ਼ਾਮ

ਸਵਰਨ ਕੌਰ ਨੇ ਥਾਣਾ ਦਾਖ਼ਾ ਨੂੰ ਇਤਲਾਹ ਕੀਤੀ ਤਾਂ ਪੁਲਸ ਨੇ ਤੁਰੰਤ ਐਕਸ਼ਨ ਲੈਂਦਿਆਂ ਸਵਿਫ਼ਟ ਕਾਰ ਸਣੇਤ 2 ਔਰਤਾਂ ਸਮੇਤ 5 ਅਗਵਾਕਾਰਾਂ ਨੂੰ ਗ੍ਰਿਫ਼ਤਾਰ ਕਰਕੇ ਲੜਕੀ ਨੂੰ ਬਰਾਮਦ ਕੀਤਾ। ਥਾਣਾ ਦਾਖਾ ਦੇ ਮੁਖੀ ਦਲਜੀਤ ਸਿੰਘ ਗਿੱਲ ਨੇ ਦੱਸਿਆ ਕਿ ਗ੍ਰਿਫ਼ਤਾਰ ਵਿਅਕਤੀ ਸਤੀਸ਼ ਕੁਮਾਰ ਪੁੱਤਰ ਬਾਲਾ ਰਾਮ ਤੇ ਸੁਕਰਦੀਨ ਪੁੱਤਰ ਲੀਲਾ ਰਾਮ ਵਾਸੀ ਮਲਕਪੁਰ ਕੈਥਲ (ਹਰਿਆਣਾ), ਗੁਲਾਬ ਸਿੰਘ ਪੁੱਤਰ ਜਿਲੇ ਸਿੰਘ ਵਾਸੀ ਨਿਰਵਾਵਾ ਜੀਂਦ (ਹਰਿਆਣਾ), ਗੁਰਮੁੱਖ ਸਿੰਘ ਪੁੱਤਰ ਬਚਨ ਰਾਮ ਵਾਸੀ ਪਾਣੀਪਤ (ਹਰਿਆਣਾ), ਗੁਰਦੇਵ ਕੌਰ ਪਤਨੀ ਜਗਤਾਰ ਸਿੰਘ ਤੇ ਜਸਵੀਰ ਕੌਰ ਪਤਨੀ ਸਵਰਨ ਸਿੰਘ ਵਾਸੀ ਪਿੰਡ ਮੋਹੀ ਸ਼ਾਮਲ ਹਨ। ਜਾਣਕਾਰੀ ਮੁਤਾਬਕ ਅਗਵਾ ਕੀਤੀ ਲੜਕੀ ਦਾ ਪਤੀ ਵਿਦੇਸ਼ ਰਹਿੰਦਾ ਹੈ ਤੇ ਉਹ ਆਪਣੇ ਦੋ ਪੁੱਤਰਾਂ ਨਾਲ ਪਿੰਡ ਮੋਹੀ ਰਹਿੰਦੀ ਹੈ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ ਜਿਸਦੀ ਜਾਂਚ ਐਸ.ਆਈ ਸੁਖਵਿੰਦਰ ਸਿੰਘ ਕਰ ਰਹੇ ਹਨ।

Anuradha

This news is Content Editor Anuradha