ਸਾਬਕਾ ਐੱਸ. ਐੱਚ. ਓ. ਵੱਲੋਂ ਨਸ਼ੇ ਸਮੇਤ ਫਡ਼ ਕੇ ਛੱਡੇ ਮੁਲਜ਼ਮਾਂ ’ਚੋਂ 3 ਕਾਬੂ

02/26/2020 12:55:56 AM

ਲੁਧਿਆਣਾ, (ਰਾਜ)- ਥਾਣਾ ਡਵੀਜ਼ਨ ਨੰ. 2 ਦੇ ਸਾਬਕਾ ਐੱਸ. ਐੱਚ. ਓ. ਅਮਨਦੀਪ ਸਿੰਘ ਗਿੱਲ ਵੱਲੋਂ ਛੱਡੇ ਗਏ ਨਸ਼ਾ ਸਮੱਗਲਰਾਂ ’ਚੋਂ ਤਿੰਨ ਨੂੰ ਐੱਸ. ਟੀ. ਐੱਫ. ਦੀ ਟੀਮ ਨੇ ਕਾਬੂ ਕਰ ਲਿਆ ਹੈ। ਫਡ਼ੇ ਗਏ ਮੁਲਜ਼ਮ ਪਿੰਡ ਜੱਸੋਵਾਲ ਦਾ ਸਤਵੀਰ ਸਿੰਘ, ਦਾਖਾ ਦਾ ਗਗਨਦਪ੍ਰੀਤ ਸਿੰਘ ਉਰਫ ਗਗਨ ਅਤੇ ਹਰਪ੍ਰੀਤ ਸਿੰਘ ਉਰਫ ਪੀਤਾ ਹੈ। ਹੁਣ ਮੁਲਜ਼ਮਾਂ ਤੋਂ 12 ਗ੍ਰਾਮ ਹੈਰੋਇਨ ਮਿਲੀ ਹੈ। ਇਹ ਉਹੀ ਮੁਲਜ਼ਮ ਹਨ, ਜਿਨ੍ਹਾਂ ਨੂੰ ਬਰਖਾਸਤ ਕਾਂਸਟੇਬਲ ਬਲਵੀਰ ਸਿੰਘ ਫਡ਼ ਕੇ ਸਾਬਕਾ ਐੱਸ. ਐੱਚ. ਓ. ਅਮਨਦੀਪ ਕੋਲ ਲੈ ਕੇ ਆਇਆ ਸੀ। ਉਦੋਂ ਇਨ੍ਹਾਂ ਤੋਂ ਪੈਸੇ ਲੈ ਕੇ ਐੱਸ. ਐੱਚ. ਓ. ਨੇ ਛੱਡ ਦਿੱਤਾ ਸੀ ਪਰ ਉਨ੍ਹਾਂ ਤੋਂ ਬਰਾਮਦ ਹੈਰੋਇਨ ਆਪਣੇ ਕੋਲ ਰੱਖ ਲਈ ਸੀ। ਬਲਵੀਰ ਸਿੰਘ ਦੇ ਫਡ਼ੇ ਜਾਣ ਤੋਂ ਬਾਅਦ ਹੀ ਐੱਸ. ਟੀ. ਐੱਫ. ਨੇ ਟ੍ਰੈਪ ਲਾ ਕੇ ਅਮਨਦੀਪ ਨੂੰ ਫਡ਼ਿਆ ਸੀ। ਐੱਸ. ਟੀ. ਐੱਫ. ਦੇ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਨੂੰ ਸਾਬਕਾ ਐੱਸ. ਐੱਚ. ਓ. ਨੇ ਛੱਡ ਦਿੱਤਾ ਸੀ, ਉਦੋਂ ਤੋਂ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਸੀ। ਖੇਡ਼ੀ ਝਮੇਡ਼ੀ ਕੋਲ ਨਾਕਾਬੰਦੀ ਦੌਰਾਨ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ। ਹੁਣ ਮੁਲਜ਼ਮਾਂ ਦਾ ਪੁਲਸ ਰਿਮਾਂਡ ਲੈ ਕੇ ਅਗਲੀ ਪੁੱਛਗਿੱਛ ਕੀਤੀ ਜਾਵੇਗੀ। ਇਸ ਕੇਸ ’ਚ ਕੁਲ 5 ਮੁਲਜ਼ਮ ਸਨ ਪਰ 2 ਮੁਲਜ਼ਮਾਂ ਸਬੰਧੀ ਜਾਂਚ ਕੀਤੀ ਸੀ ਪਰ ਉਨ੍ਹਾਂ ਦੀ ਸ਼ਮੂਲੀਅਤ ਸਾਹਮਣੇ ਨਹੀਂ ਆਈ ਹੈ। ਹਾਲਾਂਕਿ ਉਨ੍ਹਾਂ ਤੋਂ ਵੀ ਪੁੱਛਗਿਛ ਕੀਤੀ ਜਾ ਰਹੀ ਹੈ। ਜੇਕਰ ਜਾਂਚ ’ਚ ਕੁਝ ਸਾਹਮਣੇ ਆਇਆ ਤਾਂ ਉਨ੍ਹਾਂ ’ਤੇ ਕਾਰਵਾਈ ਹੋਵੇਗੀ।

ਫਡ਼ੇ ਗਏ ਸਾਰੇ ਮੁਲਜ਼ਮਾਂ ’ਤੇ ਦਰਜ ਹਨ ਪਰਚੇ

ਮੁੱਢਲੀ ਪੁੱਛਗਿੱਛ ’ਚ ਪਤਾ ਲੱਗਾ ਹੈ ਕਿ ਸਤਵੀਰ ਸਿੰਘ ਖਿਲਾਫ ਕਤਲ ਦਾ ਕੇਸ ਦਰਜ ਹੈ। 8 ਸਾਲ ਦੀ ਸਜ਼ਾ ਕੱਟਣ ਤੋਂ ਬਾਅਦ 2 ਮਹੀਨੇ ਪਹਿਲਾਂ ਹੀ ਉਹ ਜ਼ਮਾਨਤ ’ਤੇ ਬਾਹਰ ਆਇਆ ਸੀ। ਬਾਹਰ ਆਉਣ ਤੋਂ ਬਾਅਦ ਉਸ ਨੇ ਸਾਥੀਆਂ ਨਾਲ ਮਿਲ ਕੇ ਨਸ਼ਾ ਸਮੱਗਲਿੰਗ ਸ਼ੁਰੂ ਕਰ ਦਿੱਤੀ ਸੀ। ਪਹਿਲਾਂ ਉਹ ਪੁਲਸ ਦੇ ਹੱਥ ਲੱਗਾ ਸੀ ਪਰ ਪੈਸੇ ਦੇ ਕੇ ਛੁੱਟ ਗਿਆ ਸੀ। ਨਾਲ ਹੀ ਮੁਲਜ਼ਮ ਗਗਨਪ੍ਰੀਤ ਅਤੇ ਹਰਪ੍ਰੀਤ ਸਿੰਘ ਖਿਲਾਫ ਪਹਿਲਾਂ ਵੱਖ-ਵੱਖ ਥਾਣਿਆਂ ’ਚ ਕੇਸ ਦਰਜ ਹਨ।

ਸਾਬਕਾ ਐੱਸ. ਐੱਚ. ਓ. ਦੀ ਵਿਭਾਗੀ ਜਾਂਚ ਸ਼ੁਰੂ

ਉਧਰ, ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਕਿਹਾ ਕਿ ਅਮਨਦੀਪ ਸਿੰਘ ਗਿੱਲ ਦੇ ਫਡ਼ੇ ਜਾਣ ਤੋਂ ਬਾਅਦ ਉਸ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਗਿਆ ਸੀ। ਹਾਲਾਂਕਿ ਕੇਸ ਦੀ ਜਾਂਚ ਐੱਸ. ਟੀ. ਐੱਫ. ਕੋਲ ਹੈ ਪਰ ਮੁਲਜ਼ਮ ਅਮਨਦੀਪ ਸਿੰਘ ਦੀ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਦੇ ਪੂਰੀ ਹੋਣ ਤੋਂ ਬਾਅਦ ਰਿਪੋਰਟ ਆਉਣ ਉਪਰੰਤ ਹੀ ਉਸ ਦੀ ਬਰਖਾਸਤਗੀ ਲਈ ਉੱਚ ਅਧਿਕਾਰੀਆਂ ਨੂੰ ਲਿਖ ਕੇ ਭੇਜਿਆ ਜਾਵੇਗਾ।

Bharat Thapa

This news is Content Editor Bharat Thapa