24 ਸਾਲਾ ਲੜਕੀ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਕੀਤੀ ਖੁਦਕੁਸ਼ੀ

02/21/2020 1:23:50 AM

ਲੁਧਿਆਣਾ, (ਰਿਸ਼ੀ)— 2 ਬੱਚਿਆਂ ਦੇ ਪਿਤਾ ਤੋਂ ਤੰਗ ਆ ਕੇ 24 ਸਾਲਾ ਲੜਕੀ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਖੁਦਕੁਸ਼ੀ ਕਰ ਲਈ। ਥਾਣਾ ਮਾਡਲ ਟਾਊਨ ਦੀ ਪੁਲਸ ਨੇ ਮ੍ਰਿਤਕਾ ਸਿਮਰਨਜੀਤ ਕੌਰ ਦੀ ਮਾਤਾ ਸੁਖਦੀਪ ਕੌਰ ਨਿਵਾਸੀ ਜਨਤਾ ਨਗਰ ਦੀ ਸ਼ਿਕਾਇਤ 'ਤੇ ਕਾਰੋਬਾਰੀ ਅਮਿਤ ਜੇਠੀ ਨਿਵਾਸੀ ਆਤਮ ਨਗਰ ਖਿਲਾਫ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ 'ਚ ਕੇਸ ਦਰਜ ਕਰ ਕੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

ਐੱਸ. ਐੱਚ. ਓ. ਪਵਨ ਕੁਮਾਰ ਅਨੁਸਾਰ ਪੁਲਸ ਨੂੰ ਦਿੱਤੇ ਬਿਆਨਾਂ 'ਚ ਮਾਂ ਨੇ ਦੱਸਿਆ ਕਿ 2016 'ਚ ਬੇਟੀ ਮੁਲਜ਼ਮ ਕੋਲ ਨੌਕਰੀ 'ਤੇ ਲੱਗੀ ਸੀ, ਜੋ 2 ਬੱਚਿਆਂ ਦਾ ਪਿਓ ਹੈ, ਜਿੱਥੇ ਦੋਵਾਂ ਨੂੰ ਇਕ-ਦੂਜੇ ਨਾਲ ਪ੍ਰੇਮ ਹੋ ਗਿਆ ਪਰ ਮੁਲਜ਼ਮ ਦੇ ਵਿਆਹਿਆ ਹੋਣ ਕਾਰਣ ਫਰਵਰੀ 2019 'ਚ ਉਨ੍ਹਾਂ ਨੇ ਬੇਟੀ ਦਾ ਵਿਆਹ ਕਰ ਦਿੱਤਾ। ਵਿਆਹ ਤੋਂ ਬਾਅਦ ਵੀ ਉਕਤ ਮੁਲਜ਼ਮ ਬੇਟੀ ਨੂੰ ਫੋਨ ਕਰਦਾ ਰਿਹਾ, ਜਿਸ ਕਾਰਣ ਅਕਤੂਬਰ 2019 'ਚ ਬੇਟੀ ਦਾ ਤਲਾਕ ਹੋ ਗਿਆ, ਜਿਸ ਤੋਂ ਬਾਅਦ ਉਹ ਉਸ ਨੂੰ ਹੋਰ ਜ਼ਿਆਦਾ ਤੰਗ-ਪ੍ਰੇਸ਼ਾਨ ਕਰਨ ਲਗ ਪਿਆ ਤੇ ਮਿਲਣ ਆਉਣ ਦਾ ਦਬਾਅ ਬਣਾਉਂਦਾ।

ਉਨ੍ਹਾਂ ਦੀ ਬੇਟੀ ਪਹਿਲਾਂ ਇਕ ਪ੍ਰਾਈਵੇਟ ਹਸਪਤਾਲ 'ਚ ਨੌਕਰੀ 'ਤੇ ਲੱਗੀ ਤੇ ਹੁਣ ਮਾਡਲ ਟਾਊਨ 'ਚ ਪਾਰਲਰ ਦਾ ਕੰਮ ਸਿੱਖਣ ਲੱਗ ਪਈ। ਕੁਝ ਦਿਨਾਂ ਤੋਂ ਮੁਲਜ਼ਮ ਉਸ ਨੂੰ ਫੋਨ ਕਰ ਕੇ ਜ਼ਬਰਦਸਤੀ ਮਿਲਣ ਆਉਣ ਦਾ ਦਬਾਅ ਪਾ ਰਿਹਾ ਸੀ ਤੇ ਨਾ ਮੰਨਣ 'ਤੇ ਤੰਗ-ਪ੍ਰੇਸ਼ਾਨ ਕਰ ਰਿਹਾ ਸੀ। ਰਾਤ 8.30 ਵਜੇ ਉਕਤ ਮੁਲਜ਼ਮ ਬੇਟੀ ਨੂੰ ਆਪਣੀ ਇਨੋਵਾ ਕਾਰ 'ਚ ਘਰ ਲੈ ਕੇ ਆਇਆ ਤੇ ਦੱਸਿਆ ਕਿ ਸਿਮਰਨ ਵੱਲੋਂ ਕੋਈ ਜ਼ਹਿਰੀਲਾ ਪਦਾਰਥ ਨਿਗਲਿਆ ਗਿਆ ਹੈ, ਜਿਸ ਨੂੰ ਤੁਰੰਤ ਪ੍ਰਾਈਵੇਟ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਬੇਟੀ ਦੀ ਹਾਲਤ ਗੰਭੀਰ ਦੇਖ ਕੇ ਮੁਲਜ਼ਮ ਕਾਰ ਛੱਡ ਕੇ ਮੌਕੇ 'ਤੋਂ ਫਰਾਰ ਹੋ ਗਿਆ। ਕੁਝ ਸਮੇਂ ਬਾਅਦ ਬੇਟੀ ਦੀ ਮੌਤ ਹੋ ਗਈ। ਪੁਲਸ ਮੁਤਾਬਕ ਕਾਰ ਕਬਜ਼ੇ 'ਚ ਲੈ ਲਈ ਗਈ। ਦੋਸ਼ੀ ਦੀ ਭਾਲ 'ਚ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।

KamalJeet Singh

This news is Content Editor KamalJeet Singh