23 ਪੇਟੀਆਂ ਠੇਕਾ ਸ਼ਰਾਬ ਚੋਰੀ, 4 ਕਾਬੂ

04/28/2020 6:28:13 PM

ਮਾਨਸਾ/ਬੁਢਲਾਡਾ, (ਜੱਸਲ, ਬਾਂਸਲ, ਮਨਜੀਤ)- ਜ਼ਿਲਾ ਪੁਲਸ ਵਲੋਂ ਸ਼ਰਾਬ ਦੇ ਠੇਕੇ ਨੂੰ ਪਾੜ ਲਗਾ ਕੇ 23 ਪੇਟੀਆਂ ਠੇਕਾ ਸ਼ਰਾਬ ਦੇਸੀ ਚੋਰੀ ਕਰਨ ਵਾਲੇ 4 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ 13 ਪੇਟੀਆਂ ਸ਼ਰਾਬ ਅਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਹੈ।
ਜ਼ਿਲਾ ਪੁਲਸ ਮੁਖੀ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਸ਼ਰਾਬ ਠੇਕੇਦਾਰ ਹਰਦੀਪ ਸਿੰਘ ਪੁੱਤਰ ਸੈਸੀ ਸਿੰਘ ਵਾਸੀ ਭਾਵਾ ਨੇ ਪੁਲਸ ਕੋਲ ਬਿਆਨ ਲਿਖਵਾਇਆ ਸੀ ਕਿ ਕਰਫਿਊ ਕਾਰਨ ਸ਼ਰਾਬ ਦੇ ਠੇਕੇ ਬੰਦ ਹਨ ਪਰ ਰਾਤ ਸਮੇਂ ਪਿੰਡ ਰੱਲੀ ਸਥਿਤ ਉਨ੍ਹਾਂ ਦੇ ਸ਼ਰਾਬ ਦੇ ਠੇਕੇ ਦੀ ਛੱਤ ਨੂੰ ਪਾੜ ਲਗਾ ਕੇ ਕੁੱਝ ਲੋਕ 23 ਪੇਟੀਆਂ ਸ਼ਰਾਬ ਠੇਕਾ ਦੇਸੀ ਮਾਰਕਾ ਲਾਜਵਾਬ ਸੌਫੀ ਚੋਰੀ ਕਰਕੇ ਲੈ ਗਏ ਹਨ।
ਇਸ ਦੌਰਾਨ ਬੁਢਲਾਡਾ ਪੁਲਸ ਨੇ ਮਾਮਲਾ ਦਰਜ ਕਰਕੇ ਸੈਟੇਫਿਕ ਢੰਗ ਨਾਲ ਕੀਤੀ ਜਾਂਚ ਤਹਿਤ ਗੁਰਜੀਵਨ ਸਿੰਘ ਉਰਫ ਜੀਵਨ ਪੁੱਤਰ ਲਾਭ ਸਿੰਘ, ਕੁਲਦੀਪ ਸਿੰਘ ਉਰਫ ਨਿਹਾਲ ਸਿੰਘ ਪੁੱਤਰ ਤੇਜਾ ਸਿੰਘ, ਅਮਨਦੀਪ ਸਿੰਘ ਉਰਫ ਗੋਬਿੰਦ ਪੁੱਤਰ ਜਗਜੀਤ ਸਿੰਘ ਅਤੇ ਹੈਪੀ ਸਿੰਘ ਪੁੱਤਰ ਜੰਗੀਰ ਸਿੰਘ ਵਾਸੀਆਨ ਰੱਲੀ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ 13 ਪੇਟੀਆਂ ਸ਼ਰਾਬ ਅਤੇ ਮੋਟਰਸਾਈਕਲ ਪੁਲਸ ਨੇ ਕਬਜ਼ੇ 'ਚ ਲੈ ਲਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ 'ਚੋਂ ਅਮਨਦੀਪ ਸਿੰਘ ਨਾਬਾਲਗ ਹੋਣ ਕਰਕੇ ਉਸਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰਕੇ ਬਾਲ ਸੁਧਾਰ ਘਰ ਫਰੀਦਕੋਟ ਵਿਖੇ ਭੇਜਿਆ ਜਾ ਰਿਹਾ ਹੈ ਅਤੇ ਬਾਕੀ ਤਿੰਨੇ ਗ੍ਰਿਫਤਾਰ ਵਿਅਕਤੀਆਂ ਨੂੰ ਅਦਾਲਤ 'ਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕਰ ਕੇ ਬਾਕੀ ਰਹਿੰਦੀਆਂ 10 ਪੇਟੀਆਂ ਸ਼ਰਾਬ ਵੀ ਇਨ੍ਹਾਂ ਦੀ ਨਿਸ਼ਾਨਦੇਹੀ 'ਤੇ ਬਰਾਮਦਗੀ ਕਰਵਾਈ ਜਾਵੇਗੀ ਅਤੇ ਇਨ੍ਹਾਂ ਵਲੋਂ ਕੀਤੀਆਂ ਅਜਿਹੀਅ ਹੋਰ ਵਾਰਦਾਤਾਂ ਆਦਿ ਸਬੰਧੀ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

Bharat Thapa

This news is Content Editor Bharat Thapa