ਖੇਤਾਂ 'ਚ ਸੌਂ ਰਹੇ 2 ਮਜ਼ਦੂਰਾਂ ਦਾ ਕਤਲ

07/10/2019 1:04:16 AM

ਜ਼ੀਰਕਪੁਰ (ਗੁਰਪ੍ਰੀਤ)— ਸੋਮਵਾਰ ਰਾਤ ਨੂੰ ਨਗਰ ਕੌਂਸਲ ਦੇ ਪਿੰਡ ਛੱਤ ਵਿਖੇ ਖੇਤਾਂ 'ਚ ਸੁੱਤੇ ਹੋਏ 2 ਖੇਤ ਮਜ਼ਦੂਰਾਂ ਦੇ ਸਿਰਾਂ 'ਤੇ ਡੰਡਿਆਂ ਤੇ ਇੱਟਾਂ ਨਾਲ ਹਮਲਾ ਕਰ ਕੇ ਦੋਵਾਂ ਦੀ ਹੱਤਿਆ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਓਧਰ ਇਸ ਦੋਹਰੇ ਹੱਤਿਆਕਾਂਡ ਕਾਰਨ ਪੂਰੇ ਪਿੰਡ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਮ੍ਰਿਤਕ ਅਜੈ ਕੁਮਾਰ ਬਿਹਾਰ ਦਾ ਨਿਵਾਸੀ ਸੀ ਤੇ ਨੇੜੇ ਹੀ ਬਣੇ ਫਾਰਮ ਹਾਊਸ 'ਚ ਚੌਕੀਦਾਰੀ ਕਰਦਾ ਸੀ। ਦੂਜਾ ਮ੍ਰਿਤਕ ਫਜ਼ਮਦੀਨ ਵਾਸੀ ਛੱਤ ਪਿੰਡ ਦਾ ਹੀ ਰਹਿਣ ਵਾਲਾ ਸੀ। ਪੁਲਸ ਨੇ ਮੁੱਢਲੀ ਪੜਤਾਲ ਤੋਂ ਬਾਅਦ ਖੁਲਾਸਾ ਕੀਤਾ ਹੈ ਕਿ ਹੱਤਿਆ ਸੋਮਵਾਰ ਰਾਤ ਹੋਈ ਹੈ।


ਜਾਣਕਾਰੀ ਮੁਤਾਬਕ ਪਿੰਡ ਅਰਗਾਵਪੁਰ ਜ਼ਿਲਾ ਮੁਜੱਫਰਪੁਰ ਬਿਹਾਰ ਦਾ ਰਹਿਣ ਵਾਲਾ ਅਜੈ ਕੁਮਾਰ ਰਾਜਿੰਦਰ ਸਿੰਘ ਦੇ ਖੇਤਾਂ 'ਚ ਬਣੇ ਫ਼ਾਰਮ 'ਤੇ ਕੰਮ ਅਤੇ ਦੇਖਭਾਲ ਕਰਦਾ ਸੀ ਅਤੇ ਫਜ਼ਮਦੀਨ ਨੇੜੇ ਹੀ ਛੱਤ ਪਿੰਡ ਦੇ ਸਿੰਗਲ ਫ਼ਾਰਮ 'ਤੇ ਚੌਕੀਦਾਰੀ ਕਰਦਾ ਸੀ। ਮੰਗਲਵਾਰ ਸਵੇਰੇ ਖੇਤ ਮਾਲਕ ਵਲੋਂ ਸੂਚਨਾ ਦੇਣ 'ਤੇ ਪੁਲਸ ਅਤੇ ਸੀ. ਆਈ. ਏ. ਸਟਾਫ ਇੰਚਾਰਜ ਸਤਵੰਤ ਸਿੰਘ ਸਿੱਧੂ ਅਤੇ ਫਾਰੈਂਸਿਕ ਟੀਮ ਤੋਂ ਇਲਾਵਾ ਕਈ ਵੱਡੇ ਪੁਲਸ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਮੌਕੇ ਦਾ ਮੁਆਇਨਾ ਕੀਤਾ। ਫਿਲਹਾਲ ਪੁਲਸ ਨੇ ਕੇਸ ਦਰਜ ਕਰ ਕੇ ਮਾਮਲੇ ਦੀ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।


ਖੇਤਾਂ 'ਚ ਮੌਜੂਦ ਲੋਕਾਂ ਨੇ ਦੱਸਿਆ ਦੀ ਇਕ ਰਾਤ ਪਹਿਲਾਂ ਅਜੇ ਦੀ ਨਾਲ ਲਗਦੀ ਇਕ ਮੋਟਰ 'ਤੇ ਰਹਿਣ ਵਾਲੇ ਪ੍ਰਵਾਸੀ ਮਜ਼ਦੂਰ ਦੇ ਨਾਲ ਲੜਾਈ ਹੋਈ ਸੀ। ਮੋਟਰ ਮਾਲਕ ਰਾਜਿੰਦਰ ਸਿੰਘ ਦਾ ਕਹਿਣਾ ਹੈ ਕਿ ਝਗੜੇ ਸਮੇਂ ਪ੍ਰਵਾਸੀ ਮਜ਼ਦੂਰ ਨੇ ਅਜੇ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਸੀ। ਸਵੇਰੇ ਸੱਤ ਵਜੇ ਘਟਨਾ ਦੀ ਜਾਣਕਾਰੀ ਦੇਣ ਤੋਂ ਬਾਅਦ ਮੌਕੇ 'ਤੇ ਪੁਲਸ ਦੇ ਕਈ ਸੀਨੀਅਰ ਅਧਿਕਾਰੀਆਂ ਨੇ ਪੁੱਜ ਕੇ ਮਾਮਲੇ ਦੇ ਹਰ ਪਹਿਲੂ ਦੀ ਜਾਂਚ ਕੀਤੀ।

KamalJeet Singh

This news is Content Editor KamalJeet Singh