ਇਕੋ ਪਰਿਵਾਰ ਦੇ 2 ਮੈਂਬਰਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ

07/15/2020 10:26:28 AM

ਲੰਬੀ/ਮਲੋਟ, (ਜੁਨੇਜਾ)- ਕਰੀਬ 11 ਦਿਨ ਕੋਰੋਨਾ ਰਹਿਤ ਰਹੇ ਲੰਬੀ ਹਲਕੇ ਅੰਦਰ ਹਰਿਆਣਾ ਦੀ ਸਰਹੱਦ ਨਜ਼ਦੀਕ ਲੱਗਦੇ ਪਿੰਡ ਮਿੱਡੂਖੇਡ਼ਾ ਵਿਖੇ ਦੋ ਵਿਅਕਤੀ ਕੋਰੋਨਾ ਪਾਜ਼ੇਟਿਵ ਆਏ ਸਨ। ਜਾਣਕਾਰੀ ਅਨੁਸਾਰ ਇਹ ਦੋਨੇ ਮਰੀਜ਼ ਆਪਸ ਵਿਚ ਚਾਚਾ-ਭਤੀਜਾ ਹਨ ਜਿਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਉਣ ਕਰ ਕੇ ਇਨ੍ਹਾਂ ਨੂੰ ਜ਼ਿਲਾ ਕੋਰੋਨਾ ਹਸਪਤਾਲ ਥੇਹਡ਼ੀ ਵਿਖੇ ਇਲਾਜ ਲਈ ਭੇਜ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਪਰਿਵਾਰ ਨਾਲ ਸਬੰਧਤ ਇਹ ਮਹਿਲਾ ਜਿਸ ਦੇ ਹਰਿਆਣਾ ਦੇ ਇਕ ਪਿੰਡ ਵਿਚ ਪੇਕੇ ਸਨ ਨੂੰ ਉਸ ਔਰਤ ਨੂੰ ਡਲਿਵਰੀ ਲਈ ਡੱਬਵਾਲੀ ਮੰਡੀ ਵਿਖੇ ਦਾਖਲ ਕਰਾਇਆ ਸੀ। ਇਸ ਮੌਕੇ ਹਰਿਆਣਾ ਸਿਹਤ ਵਿਭਾਗ ਨੇ ਮਹਿਲਾ ਸਮੇਤ ਤਿੰਨਾਂ ਦੇ ਸੈਂਪਲ ਲਏ ਸਨ ਜਿਸ ਤੋਂ ਬਾਅਦ ਸਿਰਸਾ ਜ਼ਿਲਾ ਸਿਹਤ ਵਿਭਾਗ ਵਲੋਂ ਭੇਜੀ ਰਿਪੋਰਟ ਅਨੁਸਾਰ ਇਹ ਦੋਵੇਂ ਮਰਦ ਮੈਂਬਰ ਜਿਨਾਂ ਦੀ ਉਮਰ 28 ਸਾਲ ਅਤੇ 16 ਸਾਲ ਹੈ ਕੋਰੋਨਾ ਪਾਜ਼ੇਟਿਵ ਆ ਗਏ। ਇਸ ਦੀ ਜਾਣਕਾਰੀ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਸਿਹਤ ਵਿਭਾਗ ਨੂੰ ਦਿੱਤੇ ਜਾਣ ਤੋਂ ਬਾਅਦ ਜ਼ਿਲਾ ਕੋਰੋਨਾ ਹਸਪਤਾਲ ਥੇਹਡ਼ੀ ਵਿਖੇ ਭਰਤੀ ਕਰਾ ਦਿੱਤਾ ਗਿਆ ਹੈ।

ਉਧਰ ਜ਼ਿਲਾ ਸਿਵਲ ਸਰਜਨ ਡਾ. ਐੱਚ. ਐੱਨ. ਸਿੰਘ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਚ ਕੁੱਲ 153 ਮਰੀਜ਼ ਪਾਜ਼ੇਟਿਵ ਪਾਏ ਗਏ ਹਨ ਜਿਨ੍ਹਾਂ ਵਿਚੋਂ 139 ਠੀਕ ਹੋਕੇ ਘਰਾਂ ਵਿਚ ਚਲੇ ਗਏ ਸਨ। ਉਧਰ ਜ਼ਿਲਾ ਕੋਰੋਨਾ ਹਪਤਾਲ ਦੇ ਐੱਸ. ਐੱਮ. ਓ. ਡਾ. ਸੁਨੀਲ ਬਾਂਸਲ ਨੇ ਦੱਸਿਆ ਕਿ ਅੱਜ ਜ਼ਿਲਾ ਹਸਪਤਾਲ ਵਿਚ 10 ਮਰੀਜ਼ ਐਕਟਿਵ ਸਨ ਜਦ ਕਿ ਸਵੇਰੇ ਆਏ ਦੋ ਮਰੀਜ਼ਾਂ ਸਮੇਤ 3 ਫਰੀਦਕੋਟ ਮੈਡੀਕਲ ਕਾਲਜ ਵਿਚ ਭਰਤੀ ਹੋ ਗਏ। ਹੁਣ ਤਾਜਾ ਹਰਿਆਣਾ ਤੋਂ ਆਈ ਰਿਪੋਰਟ ਅਨੁਸਾਰ ਦੋ ਹੋਰ ਮਰੀਜ਼ ਆਉਣ ਨਾਲ ਜ਼ਿਲਾ ਕੋਰੋਨਾ ਹਸਪਤਾਲ ਵਿਚ ਕੁੱਲ 12 ਮਰੀਜ਼ ਐਕਟਿਵ ਹੋ ਗਏ ਹਨ।

ਪਰਿਵਾਰ ਦੇ 11 ਮੈਂਬਰਾਂ ਦੇ ਭਲਕੇ ਲਏ ਜਾਣਗੇ ਸੈਂਪਲ-

ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਮਿੱਡੂਖੇਡ਼ੇ ਦੇ ਸਬੰਧਤ ਮਰੀਜ਼ਾਂ ਦੇ ਪਰਿਵਾਰ ਦੇ 11 ਹੋਰ ਮੈਂਬਰਾਂ ਦੇ ਭਲਕੇ ਸੈਂਪਲ ਲਏ ਜਾਣਗੇ। ਉਧਰ ਕਿੱਲਿਆਵਾਲੀ ਚੌਂਕੀ ਦੇ ਇੰਚਾਰਜ਼ ਐੱਸ. ਆਈ. ਹਰਜੋਤ ਸਿੰਘ ਮਾਨ ਨੇ ਦੱਸਿਆ ਕਿ ਮਿੱਡੂਖੇਡ਼ੇ ਦੀ ਉਹ ਗਲੀ ਸੀਲ ਕਰ ਦਿੱਤੀ ਗਈ ਹੈ ਜਿਸ ਵਿਚੋਂ ਦੋ ਤਾਜਾ ਕੇਸ ਸਾਹਮਣੇ ਆਏ ਹਨ ਉੱਥੇ ਆਮ ਲੋਕਾਂ ਦੇ ਆਉਣ-ਜਾਣ ਤੋਂ ਰੋਕਣ ਲਈ ਪੁਲਸ ਕਰਮਚਾਰੀ ਤਾਇਨਾਤ ਕਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਵਿਭਾਗ ਵਲੋਂ ਮਿਲੀਆਂ ਹਦਾਇਤਾਂ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ।

Bharat Thapa

This news is Content Editor Bharat Thapa