ਲਾਕ ਡਾਊਨ ''ਚ ਪੰਛੀਆਂ ਦੀ ਤਸਕਰੀ ਕਰਨ ਵਾਲੇ ਦੋ ਵਿਅਕਤੀ ਗ੍ਰਿਫਤਾਰ

05/24/2020 3:02:52 PM

ਫਰੀਦਕੋਟ (ਜਗਤਾਰ)— ਫਰੀਦਕੋਟ ਜ਼ਿਲ੍ਹੇ ਅੰਦਰ ਲਾਕ ਡਾਊਨ ਦੇ ਚਲਦੇ ਵੀ ਅਪਰਾਧਿਕ ਪ੍ਰਵਿਰਤੀ ਵਾਲੇ ਲੋਕ ਸਰਗਰਮ ਹਨ। ਫਰੀਦਕੋਟ ਜ਼ਿਲ੍ਹੇ ਦੇ ਥਾਣਾ ਸਿਟੀ ਕੋਟਕਪੂਰਾ ਅਧੀਨ ਜਿੱਥੇ ਵਣ ਰੇਂਜ ਅਫਸਰ ਫਰੀਦਕੋਟ ਨੇ 2 ਅਜਿਹੇ ਲੋਕਾਂ ਨੂੰ ਫੜ੍ਹ ਕੇ ਪੁਲਸ ਹਵਾਲੇ ਕੀਤਾ, ਜੋ ਬੇਜ਼ੁਬਾਨ ਪੰਛੀਆਂ ਦੇ ਆਲ੍ਹਣਿਆ 'ਚੋਂ ਉਨ੍ਹਾਂ ਦੇ ਛੋਟੇ-ਛੋਟੇ ਬੱਚਿਆਂ ਨੂੰ ਕੱਢ ਕੇ ਮਹਿੰਗੇ ਭਾਅ 'ਤੇ ਅੱਗੇ ਵੇਚਦੇ ਸਨ। ਉਨ੍ਹਾਂ ਨੇ ਫੜ੍ਹੇ ਗਏ ਦੋਹਾਂ ਵਿਅਕਤੀਆਂ ਤੋਂ ਵਿਸ਼ੇਸ਼ ਕਿਸਮ ਦੇ ਤੋਤਿਆਂ ਦੇ 20 ਬੱਚਿਆਂ ਸਮੇਤ ਪਿੰਜ਼ਰਾ ਬਰਾਮਦ ਕੀਤਾ ਹੈ।

ਇਸ ਮੌਕੇ ਗੱਲਬਾਤ ਕਰਦੇ ਜ਼ਿਲ੍ਹਾ ਵਣ ਰੇਂਜ ਅਫਸਰ ਸੁਖਦਰਸ਼ਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਲੱਗਿਆ ਸੀ ਕਿ ਫਰੀਦਕੋਟ ਅਤੇ ਨੇੜਲੇ ਖੇਤਰਾਂ ਵਿਚ ਕੁਝ ਲੋਕ ਪੰਛੀਆਂ ਦੀ ਤਸਕਰੀ ਦਾ ਕੰਮ ਕਰਦੇ ਹਨ, ਜਿਨਾਂ ਨੂੰ ਅੱਜ ਮਹਿਕਮੇ ਵੱਲੋਂ ਰੰਗੇ ਹੱਥੀਂ ਫੜ੍ਹਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਪਿੰਡ ਢੈਪਈ ਦੇ ਪਿਓ-ਪੁੱਤਰ ਨੂੰ ਤੋਤਿਆਂ ਦੇ 20 ਛੋਟੇ ਬੱਚਿਆਂ ਸਮੇਤ ਫੜ੍ਹਿਆ ਹੈ, ਜਿਨ੍ਹਾਂ ਨੂੰ ਪੁਲਸ ਹਵਾਲੇ ਕੀਤਾ ਗਿਆ ਹੈ। ਵਿਭਾਗੀ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਪੁਲਸ ਨੂੰ ਲਿਖਤ ਦਰਖਾਸਤ ਦੇ ਕੇ ਇਨ੍ਹਾਂ ਖਿਲਾਫ ਪੰਛੀਆਂ ਦੀ ਰੱਖਿਆ ਐਕਿਟ ਤਹਿਤ ਕਾਰਵਾਈ ਕਰਨ ਸੰਬੰਧੀ ਲਿਖਿਆ ਜਾਵੇਗਾ।

ਇਸ ਪੂਰੇ ਮਾਮਲੇ ਬਾਰੇ ਜਦ ਥਾਣਾ ਸਿਟੀ ਕੋਟਕਪੂਰਾ ਦੇ ਮੁੱਖ ਅਫਸਰ ਰਾਜਬੀਰ ਸਿੰਘ ਨਾਲ ਗੱਲ ਕੀਤੀ ਗਈ ਉਨ੍ਹਾਂ ਕਿਹਾ ਕਿ ਵਣ ਵਿਭਾਗ ਦੇ ਅਧਿਕਾਰੀਆਂ ਵੱਲੋਂ ਜੋ ਵੀ ਬਿਆਨ ਦਰਜ ਕਰਵਾਏ ਜਾਣਗੇ, ਉਨ੍ਹਾਂ ਮੁਤਾਬਕ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।

shivani attri

This news is Content Editor shivani attri