ਨਸ਼ੇ ਵਾਲੇ ਪਾਊਡਰ ਸਣੇ 2 ਗ੍ਰਿਫਤਾਰ

01/13/2019 6:50:11 AM

ਬਠਿੰਡਾ, (ਵਰਮਾ)- ਥਾਣਾ ਮੌਡ਼ ਪੁਲਸ ਨੇ ਨਸ਼ੇ  ਵਾਲਾ ਪਾਊਡਰ ਵੇਚਣ ਵਾਲੇ 2 ਲੋਕਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ 3 ਗ੍ਰਾਮ ਤੋਂ ਵੱਧ ਪਾਊਡਰ ਤੇ ਹੋਰ ਸਾਮਾਨ ਬਰਾਮਦ ਕੀਤਾ ਹੈ। ਪੁਲਸ ਨੇ ਦੋਵਾਂ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਐੱਸ. ਆਈ. ਹਰਬੰਸ ਸਿੰਘ ਨੇ ਸੂਚਨਾ ਦੇ ਆਧਾਰ ’ਤੇ ਰਾਮ ਨਗਰ ਕੈਂਚੀਅਾਂ ਨਜ਼ਦੀਕ ਨਾਕਾਬੰਦੀ ਕਰ ਕੇ ਮੁਲਜ਼ਮ ਹਰਪ੍ਰੀਤ ਸਿੰਘ ਵਾਸੀ ਸੰਦੋਹਾ ਅਤੇ ਕੁਲਵਿੰਦਰ ਸਿੰਘ ਵਾਸੀ ਮੌਡ਼ ਕਲਾਂ ਨੂੰ ਗ੍ਰਿਫਤਾਰ ਕਰ ਲਿਆ ਜੋ ਮੋਟਰਸਾਈਕਲ ’ਤੇ ਸਵਾਰ ਹੋ ਕੇ ਆ ਰਹੇ ਸਨ। ਪੁਲਸ ਨੇ ਮੁਲਜ਼ਮਾਂ ਦੀ ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ 3 ਗ੍ਰਾਮ 24 ਮਿਲੀਗ੍ਰਾਮ ਪਾਊਡਰ, ਕੰਪਿਊਟਰ ਕੰਡਾ, ਇਕ ਸਰਿੰਜ, 2 ਲਾਈਟਰ, 1 ਚਮਚ, 1 ਸਿਲਵਰ ਫਾਈਲ, 1 ਪੈਕੇਟ ਛੋਟੇ ਲਿਫਾਫੇ ਆਦਿ ਬਰਾਮਦ ਕੀਤੇ। ਮੁਲਜ਼ਮ ਉਕਤ ਪਾਊਡਰ ਵੇਚਣ ਦਾ ਕੰਮ ਕਰਦੇ ਸਨ। ਪਾਊਡਰ ਨੂੰ ਜਾਂਚ ਲਈ ਭੇਜਿਆ ਗਿਆ ਹੈ ਜਦਕਿ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।