ਰਿਸ਼ਵਤ ਲੈਂਦੇ ਸੀ.ਡੀ.ਪੀ.ਓ ਸਮੇਤ 2 ਰੰਗੇ ਹੱਥੀਂ ਕਾਬੂ

02/17/2020 8:32:42 PM

ਮਾਨਸਾ, (ਜੱਸਲ)— ਵਿਜੀਲੈਂਸ ਵਿਭਾਗ ਮਾਨਸਾ ਦੀ ਟੀਮ ਵੱਲੋਂ ਕਿਰਨ ਰਾਣੀ ਸੀ. ਡੀ. ਪੀ. ਓ. ਮਾਨਸਾ, ਵਾਧੂ ਚਾਰਜ ਝੁਨੀਰ ਅਤੇ ਸੇਵਾਦਾਰ ਬਲਵਿੰਦਰ ਸਿੰਘ ਨੂੰ 25 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਵਿਰੁੱਧ ਵਿਭਾਗ ਦੇ ਦਫ਼ਤਰ ਬਠਿੰਡਾ ਵਿਖੇ ਮਾਮਲਾ ਦਰਜ ਕਰਵਾਇਆ ਗਿਆ ਹੈ।
ਇਸ ਸਬੰਧੀ ਐੱਸ. ਐੱਸ. ਪੀ. ਵਿਜੀਲੈਂਸ ਵਿਭਾਗ ਬਠਿੰਡਾ ਵਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਮਹਿੰਦਰ ਕੌਰ ਆਂਗਣਵਾੜੀ ਸੈਂਟਰ ਭੰਮੇ ਕਲਾਂ ਬਲਾਕ ਝੁਨੀਰ ਨੇ ਚੌਕਸੀ ਵਿਭਾਗ ਕੋਲ ਸ਼ਿਕਾਇਤ ਕੀਤੀ ਸੀ ਕਿ ਉਹ ਸਾਲ 2009 ਤੋਂ ਆਂਗਣਵਾੜੀ ਸੈਂਟਰ ਭੰਮੇ ਕਲਾਂ, ਬਲਾਕ ਝੁਨੀਰ ਵਿਖੇ ਬਤੌਰ ਹੈਲਪਰ ਕੰਮ ਕਰ ਰਹੀ ਹੈ ਤੇ ਵਿਭਾਗ ਦੀਆਂ ਹਦਾਇਤਾਂ ਅਨੁਸਾਰ 10 ਸਾਲ ਦੀ ਸਰਵਿਸ ਪੂਰੀ ਹੋਣ 'ਤੇ ਬਤੌਰ ਵਰਕਰ ਪ੍ਰਮੋਟ ਕੀਤਾ ਜਾਂਦਾ ਹੈ। ਉਸ ਦੀ 10 ਸਾਲ ਦੀ ਨੌਕਰੀ ਪੂਰੀ ਹੋਣ 'ਤੇ 3–4 ਮਹੀਨੇ ਪਹਿਲਾਂ ਬਤੌਰ ਵਰਕਰ ਪ੍ਰਮੋਸ਼ਨ ਹੋਈ ਸੀ ਪਰ ਹਾਜ਼ਰੀਆਂ ਘੱਟ ਹੋਣ ਕਾਰਣ ਉਸ ਨੂੰ ਬਤੌਰ ਵਰਕਰ ਜੁਆਇਨ ਨਹੀਂ ਕਰਵਾਇਆ ਗਿਆ ਤੇ ਜੁਆਇਨ ਕਰਵਾਉਣ ਬਦਲੇ 14 ਫਰਵਰੀ 2020 ਨੂੰ ਕਿਰਨ ਰਾਣੀ ਸੀ. ਡੀ. ਪੀ. ਓ. ਵੱਲੋਂ 30 ਹਜ਼ਾਰ ਰੁਪਏ ਦੀ ਮੰਗ ਕੀਤੀ ਗਈ ਤੇ ਉਹ 25 ਹਜ਼ਾਰ ਰੁਪਏ ਲੈਣ ਲਈ ਸਹਿਮਤ ਹੋ ਗਈ ਸੀ। ਵਿਜੀਲੈਂਸ ਬਿਊਰੋ ਮਾਨਸਾ ਦੀ ਟੀਮ ਨੇ ਮਹਿੰਦਰ ਕੌਰ ਦੇ ਬਿਆਨਾਂ 'ਤੇ ਉਕਤ ਸੀ. ਡੀ. ਪੀ. ਓ. ਕਿਰਨ ਰਾਣੀ ਅਤੇ ਸੇਵਾਦਾਰ ਬਲਵਿੰਦਰ ਸਿੰਘ ਨੂੰ 25 ਹਜ਼ਾਰ ਰੁਪਏ ਸਮੇਤ ਸਰਕਾਰੀ ਗਵਾਹਾਂ ਦੀ ਹਾਜ਼ਰੀ 'ਚ ਟਰੈਪ ਲਾ ਕੇ ਮੌਕੇ 'ਤੇ ਕਾਬੂ ਕਰ ਲਿਆ ਗਿਆ ਹੈ ਅਤੇ ਮਾਮਲਾ ਥਾਣਾ ਵਿਜੀਲੈਂਸ ਬਿਊਰੋ ਰੇਂਜ ਬਠਿੰਡਾ ਵਿਖੇ ਦਰਜ ਕੀਤਾ ਗਿਆ ਹੈ।

KamalJeet Singh

This news is Content Editor KamalJeet Singh