ਹੁਣ ਤੱਕ ਜ਼ਿਲ੍ਹੇ ਦੇ 110 ਕੋਰੋਨਾ ਮਰੀਜ਼ ਹੋ ਚੁੱਕੇ ਹਨ ਤੰਦਰੁਸਤ

07/12/2020 2:37:50 AM

ਫਰੀਦਕੋਟ, (ਬਾਂਸਲ, ਜਸਬੀਰ ਕੌਰ)- ‘ਮਿਸ਼ਨ ਫਤਿਹ’ ਤਹਿਤ ਜ਼ਿਲਾ ਫਰੀਦਕੋਟ ਵਿਚ ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ, ਆਈ. ਏ. ਐੱਸ. ਅਤੇ ਸਿਵਲ ਸਰਜਨ ਡਾ. ਰਜਿੰਦਰ ਕੁਮਾਰ ਦੀ ਯੋਗ ਅਗਵਾਈ ਹੇਠ ਕੋਰੋਨਾ ਦੀ ਰੋਕਥਾਮ,ਚੇਨ ਤੋੜਨ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।

ਸਿਵਲ ਸਰਜਨ ਡਾ. ਰਜਿੰਦਰ ਕੁਮਾਰ ਨੇ ਦੱਸਿਆ ਕਿ ਅੱਜ ਤੱਕ 11237 ਸੈਂਪਲ ਲੈਬ ਵਿਚ ਭੇਜੇ ਜਾ ਚੁੱਕੇ ਹਨ। ਪ੍ਰਾਪਤ ਨਤੀਜਿਆਂ ਵਿਚ ਕੋਟਕਪੂਰਾ ਦੀ ਗੋਬਿੰਦਪੁਰੀ ਬਸਤੀ ਦੇ ਪਹਿਲਾਂ ਆਏ ਕੋਰੋਨਾ ਪਾਜ਼ੇਟਿਵ ਦੇ ਸੰਪਰਕ ਵਿਚ ਆਈ 55 ਸਾਲਾ ਔਰਤ ਅਤੇ 62 ਸਾਲਾ ਵਿਅਕਤੀ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ,ਤੀਸਰਾ ਕੇਸ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਖੇ ਟ੍ਰੇਨਿੰਗ ਕਰ ਰਿਹਾ ਐੱਮ. ਬੀ. ਬੀ. ਐੱਸ ਦਾ ਵਿਦਿਆਰਥੀ ਵੀ ਕੋਰੋਨਾ ਪਾਜ਼ੇਟਿਵ ਆਇਆ ਹੈ। ਜ਼ਿਲੇ ਦੇ 110 ਵਿਅਕਤੀ ਕੋਰੋਨਾ ਤੋਂ ਤੰਦਰੁਸਤ ਹੋ ਚੱਕੇ ਹਨ। ਹਾਲ ਹੀ ਵਿਚ ਪਾਜ਼ੇਟਿਵ ਆਏ ਮਰੀਜ਼ ਨੂੰ ਆਈਸੋਲੇਸ਼ਨ ਵਾਰਡ ਵਿਚ ਦਾਖਲ ਕਰਵਾਇਆ ਗਿਆ ਹੈ। ਹੁਣ ਜ਼ਿਲੇ ਵਿਚ ਕੋਰੋਨਾ ਦੇ ਐਕਟਿਵ ਕੇਸ 41 ਹਨ। ਸਿਵਲ ਸਰਜਨ ਨੇ ਜ਼ਿਲਾ ਨਿਵਾਸੀਆਂ ਨੂੰ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਤੇ ਅਡਵਾਇਜ਼ਰੀਆਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਕੋਰੋਨਾ ਸੈਂਪਲਿੰਗ ਲਈ ਜ਼ਿਲੇ ਅੰਦਰ 5 ਫਲੂ ਕਾਰਨਰ ਜੈਤੋ, ਬਾਜਾਖਾਨਾ, ਕੋਟਕਪੂਰਾ, ਸਾਦਿਕ ਅਤੇ ਫਰੀਦਕੋਟ ਵਿਖੇ ਚੱਲ ਰਹੇ ਹਨ। ਸ਼ੱਕ ਦੂਰ ਕਰਨ ਲਈ ਕੋਈ ਵੀ ਕੋਰੋਨਾ ਸੈਂਪਲ ਦੇ ਸਕਦਾ ਹੈ।

ਉਨ੍ਹਾਂ ਕਿਹਾ ਸਿਹਤ ਵਿਭਾਗ ਵੱਲੋਂ ਕੋਰੋਨਾ ਜਗਰੂਕਤਾ ਸਰਗਰਮੀਆਂ ਹੋਰ ਤੇਜ਼ ਕਰ ਦਿੱਤੀਆਂ ਗਈਆਂ ਹਨ। ਮੀਡੀਆ ਇੰਚਾਰਜ ਬੀ.ਈ.ਈ ਡਾ.ਪ੍ਰਭਦੀਪ ਸਿੰਘ ਚਾਵਲਾ ਨੇ ਦੱਸਿਆ ਕਿ ਮੈਡੀਕਲ,ਪੈਰਾ-ਮੈਡੀਕਲ ਸਟਾਫ ਅਤੇ ਆਸ਼ਾ ਵੱਲੋਂ ਕੋਰੋਨਾ ਜਾਗਰੂਕਤਾ ਸਮੱਗਰੀ ਘਰ-ਘਰ ਅਤੇ ਹਸਪਤਾਲਾਂ ਵਿਚ ਇਲਾਜ ਲਈ ਆ ਰਹੇ ਮਰੀਜ਼ਾਂ ਨੂੰ ਤਕਸੀਮ ਕੀਤੀ ਜਾ ਰਹੀ ਹੈ। ਘਰ ਤੋਂ ਬਾਹਰ ਜਾਣ ਲੱਗਿਆ ਹਰ ਸਾਵਧਾਨੀ ਨੂੰ ਆਪਣੀਆਂ ਆਦਤਾਂ ਵਿਚ ਸ਼ਾਮਲ ਕਰ ਲਓ। ਮਾਸਕ ਨਾਲ ਨੱਕ ਤੇ ਮੂੰਹ ਢੱਕ ਕੇ ਰੱਖਣਾ, ਸਮਾਜਕ ਦੂਰੀ ਬਣਾ ਕੇ ਰੱਖਣਾ, ਵਾਰ-ਵਾਰ ਹੱਥ ਧੋਣਾ ਜਾਂ ਸੈਨੇਟਾਈਜ਼ਰ ਦਾ ਪ੍ਰਯੋਗ ਕਰਨਾ ਨਾ ਭੁੱਲੋ।

ਜ਼ਿਲਾ ਐਪੀਡਿਮੋਲੋਜਿਸਟ ਡਾ. ਵਿਕਰਮਜੀਤ ਸਿੰਘ ਅਤੇ ਡਾ.ਅਨੀਤਾ ਚੌਹਾਨ ਨੇ ਦੱਸਿਆ ਕਿ ਸ਼ੱਕੀ ਮਰੀਜ਼ਾਂ ਦੀ ਭਾਲ ਲਈ ਵਿਭਾਗ ਵੱਲੋਂ ਵਿਸ਼ੇਸ਼ ਸਰਵੇ ਕੀਤਾ ਜਾ ਰਿਹਾ ਹੈ। ਵਿਭਾਗ ਵੱਲੋਂ ਅੱਜ 155 ਸ਼ੱਕੀ ਮਰੀਜ਼ਾਂ ਦੇ ਸੈਂਪਲ ਇਕੱਤਰ ਕਰਕੇ ਜਾਂਚ ਲਈ ਭੇਜੇ ਗਏ ਹਨ। ਉਨ੍ਹਾਂ ਕਿਹਾ ਕਿ ਪਾਜ਼ੇਟਿਵ ਆਏ ਕੇਸ ਦੇ ਸੰਪਰਕ ਵਿਚ ਆਏ ਹੋਰ ਵਿਅਕਤੀਆਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ ਤਾਂ ਜੋ ਉਨ੍ਹਾਂ ਦੇ ਸੈਂਪਲ ਇਕੱਤਰ ਕਰਕੇ ਉਨ੍ਹਾਂ ਨੂੰ ਇਕਾਂਤਵਾਸ ਕੀਤਾ ਜਾ ਸਕੇ।

Bharat Thapa

This news is Content Editor Bharat Thapa