ਵੱਖ-ਵੱਖ ਹਾਦਸਿਆਂ ’ਚ 11ਜ਼ਖਮੀ

11/07/2018 3:19:36 AM

ਬਠਿੰਡਾ, ਸੁਖਵਿੰਦਰ)- ਵੱਖ-ਵੱਖ ਹਾਦਸਿਆਂ ’ਚ 11 ਲੋਕ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਹਾਰਾ ਜਨਸੇਵਾ ਦੀ ਲਾਇਫ ਸੇਵਿੰਗ ਬ੍ਰਿਗੇਡ ਦੇ ਮੈਂਬਰਾਂ ਨੇ ਸਿਵਲ ਹਸਪਤਾਲ ਪਹੁੰਚਾਇਆ। ਜਾਣਕਾਰੀ ਅਨੁਸਾਰ ਸਥਾਨਕ ਜੀ. ਟੀ. ਰੋਡ ’ਤੇ ਆਹਮੋ-ਸਾਹਮਣੇ ਪੈਟਰੋਲ ਪੰਪਾਂ ਨਜ਼ਦੀਕ ਸਡ਼ਕ ਪਾਰ ਕਰ ਰਹੇ ਪਤੀ-ਪਤਨੀ ਨੂੰ ਤੇਜ ਰਫਤਾਰ ਮੋਟਰਸਾਈਕਲ ਸਵਾਰ ਨੇ ਟੱਕਰ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ। ਸੰਸਥਾ ਨੇ ਜ਼ਖਮੀਆਂ ਅਮ੍ਰਿਤ ਸਿੰਘ ਪੁੱਤਰ ਮਿੱਠਾ ਸਿੰਘ ਤੇ ਇੰਦਰਜੀਤ ਕੌਰ ਪਤਨੀ ਅਮ੍ਰਿਤ ਸਿੰਘ ਨੂੰ ਸਿਵਲ ਹਸਪਤਾਲ ਪਹੁੰਚਾਇਆ। ਇਧਰ, ਬਠਿੰਡਾ-ਮਾਨਸਾ ਰੋਡ ’ਤੇ ਲਕਡ਼ੀ ਦੀਆਂ ਬੱਲੀਆਂ ਨਾਲ ਭਰਿਆ ਰਿਕਸ਼ਾ ਪਲਟ ਗਿਆ ਜਿਸ ਤੋਂ ਬਾਅਦ ਰਿਕਸ਼ਾ ਚਾਲਕ ਰਾਮਦਾਸ ਗੰਭੀਰ ਜ਼ਖਮੀ ਹੋ ਗਿਆ। ਇਸ ਤਰ੍ਹਾਂ ਸਥਾਨਕ ਸ਼ਹੀਦ ਨੰਦ ਸਿੰਘ ਚੌਕ ’ਚ ਇਕ ਅੌਰਤ ਰੇਖਾ ਨੂੰ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਅੌਰਤ ਗੰਭੀਰ ਜ਼ਖਮੀ ਹੋ ਗਈ। ਉਧਰ, ਬਠਿੰਡਾ ਮਲੋਟ ਰੋਡ ’ਤੇ ਡੇਰੇ ਸਾਹਮਣੇ ਦੋ ਕਾਰਾਂ ਆਪਸ ’ਚ ਟਕਰਾ ਗਈਆਂ ਜਿਨ੍ਹਾਂ ਦੀ ਲਪੇਟ ਵਿਚ ਆ ਕੇ ਇਕ ਮੋਟਰਸਾਈਕਲ ਸਵਾਰ ਪਤੀ-ਪਤਨੀ ਜਗਸੀਰ ਖਾਨ ਪੁੱਤਰ ਨੂਰਦੀਪ ਤੇ ਪਰਮਜੀਤ ਕੌਰ ਪਤਨੀ ਜਗਸੀਰ ਖਾਨ ਵਾਸੀ ਜੋਗਾ ਰੱਲਾ ਜ਼ਖਮੀ ਹੋ ਗਿਆ। ਇਸ ਤਰ੍ਹਾਂ ਨਰੂਆਣਾ ਰੋਡ ’ਤੇ ਇਕ ਮੋਟਰਸਾਈਕਲ ਸਾਹਮਣੇ ਅਚਾਨਕ ਕੁੱਤਾ ਆ ਜਾਣ ਕਾਰਨ ਮੋਟਰਸਾਈਕਲ ਦਾ ਸੰਤੁਲਣ ਵਿਗਡ਼ ਗਿਆ ਤੇ ਚਾਲਕ ਬੂਟਾ ਸਿੰਘ ਜ਼ਖਮੀ ਹੋ ਗਿਆ। ਇਸ ਤੋਂ ਇਲਾਵਾ ਬੀਬੀ ਵਾਲਾ ਰੋਡ ’ਤੇ ਇਕ ਸਾਈਕਲ ਸਵਾਰ ਮੱਖਣ ਸਿੰਘ ਵਾਸੀ ਸਿਵੀਆਂ ਇਕ ਅਣਪਛਾਤੇ ਵਾਹਨ ਦੀ ਟੱਕਰ ਨਾਲ ਜ਼ਖਮੀ ਹੋ ਗਿਆ। ਸੰਸਥਾ ਨੇ ਸਾਰੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ।
ਇਸੇ ਤਰ੍ਹਾਂ ਬਹਿਮਣ ਰੋਡ ’ਤੇ ਇਕ ਮੋਟਰਸਾਈਕਲ ਸਵਾਰ ਬਠਿੰਡਾ ਵੱਲ ਆ ਰਿਹਾ ਸੀ। ਵਿਸ਼ਵਾਸ਼ ਸਕੂਲ ਨਜ਼ਦੀਕ ਅਚਾਨਕ ਛੋਟੇ ਹਾਥੀ ਨਾਲ ਟਕਰਾ ਕੇ ਗੰਭੀਰ ਜ਼ਖਮੀ ਹੋ ਗਿਆ। ਸੂਚਨਾ ਮਿਲਣ ’ਤੇ ਸਹਾਰਾ ਲਾਈਫ ਸੇਵਿੰਗ ਬ੍ਰਿਗੇਡ ਦੇ ਵਰਕਰ ਮੌਕੇ ’ਤੇ ਪਹੁੰਚੇ ਤੇ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ। ਜ਼ਖਮੀ ਦੀ ਪਛਾਣ ਬਲਵਿੰਦਰ ਸਿੰਘ ਵਾਸੀ ਬਹਿਮਣ ਦੀਵਾਨਾ ਵਜੋਂ ਹੋਈ। ਉਧਰ, ਮਾਨਸਾ ਰੋਡ ’ਤੇ ਦੋ ਮੋਟਰਸਾਈਕਲਾਂ ਦੀ ਆਹਮੋ-ਸਾਹਮਣੇ ਟੱਕਰ ’ਚ ਪਿਓ-ਪੁੱਤ ਜ਼ਖਮੀ ਹੋ ਗਏ। ਜ਼ਖਮੀਆਂ ਦੀ ਪਛਾਣ ਵਿਕਾਸ਼ ਗੋਇਲ ਅਤੇ ਕਸ਼ਿਸ਼ ਗੋਇਲ ਵਜੋਂ ਹੋਈ, ਜਿਨ੍ਹਾਂ ਨੂੰ ਸੰਸਥਾ ਵਰਕਰਾਂ ਵਲੋਂ ਹਸਪਤਾਲ ਪਹੁੰਚਾਇਆ। ਇਸ ਤੋਂ ਇਲਾਵਾ ਜੋਧਪੁਰ ਰੋਮਾਣਾ ਨਜ਼ਦੀਕ ਕਾਰ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਜ਼ਖਮੀ ਹੋ ਗਿਆ। ਜ਼ਖਮੀ ਦੀ ਪਛਾਣ ਸੁਰਜੀਤ ਸਿੰਘ ਵਾਸੀ ਗਹਿਰੀ ਭਾਗੀ ਵਜੋਂ ਹੋਈ।