13 ਸਾਲਾ ਬੱਚੇ ਨੇ ਸ਼ਾਵਰ ਨਾਲ ਲਾਇਆ ਫਾਹਾ, ਮੌਤ

02/07/2020 9:40:32 PM

ਪਠਾਨਕੋਟ, (ਸ਼ਾਰਦਾ)— ਸਥਾਨਕ ਏਅਰਫੋਰਸ 'ਚ ਨਿਯੁਕਤ ਐੱਲ. ਡੀ. ਸੀ. 'ਤੇ ਉਸ ਵੇਲੇ ਦੁੱਖਾਂ ਦਾ ਪਹਾੜ ਟੁੱਟ ਗਿਆ, ਜਦੋਂ ਉਹ ਡਿਊਟੀ ਕਰ ਕੇ ਵਾਪਸ ਆਪਣੇ ਘਰ ਪੁੱਜਾ ਤਾਂ ਉਸਦੇ 13 ਸਾਲਾ ਬੇਟੇ ਦੀ ਲਾਸ਼ ਬਾਥਰੂਮ 'ਚ ਸ਼ਾਵਰ ਨਾਲ ਲਟਕਦੀ ਹੋਈ ਮਿਲੀ।
ਬੱਚੇ ਦੇ ਪਿਤਾ ਕਸਤੂਰੀ ਲਾਲ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਰੋਜ਼ਾਨਾ ਵਾਂਗ ਜਦੋਂ ਉਹ ਘਰ ਪੁੱਜਿਆ ਤਾਂ ਉਨ੍ਹਾਂ ਨੇ ਆਪਣੀ ਬੇਟੀ ਤੋਂ ਬੇਟੇ ਦੇ ਘਰ ਨਾ ਹੋਣ ਬਾਰੇ ਪੁੱਛਿਆ । ਉਸ ਦੀ ਬੇਟੀ ਨੇ ਦੱਸਿਆ ਕਿ ਉਹ ਪਾਰਕ 'ਚ ਖੇਡ ਕੇ ਵਾਪਸ ਆਇਆ ਹੈ ਤੇ ਆ ਕੇ ਬਾਥਰੂਮ 'ਚ ਚਲਾ ਗਿਆ ਹੈ। ਲਗਭਗ ਅੱਧੇ ਘੰਟੇ ਤੱਕ ਜਦੋਂ ਕਿਸੇ ਤਰ੍ਹਾਂ ਦੀ ਕੋਈ ਹਲਚਲ ਨਾ ਦੇਖੀ ਤਾਂ ਉਸਨੇ ਆਪਣੀ ਬੇਟੀ ਨੂੰ ਦੁਬਾਰਾ ਬੇਟੇ ਨੂੰ ਬੁਲਾਉਣ ਲਈ ਕਿਹਾ। ਉਸ ਦੀ ਬੇਟੀ ਨੇ ਬਾਥਰੂਮ ਦਾ ਦਰਵਾਜ਼ਾ ਖਟਖਟਾਇਆ ਪਰ ਅੰਦਰੋਂ ਕੋਈ ਆਵਾਜ਼ ਨਹੀਂ ਆਈ। ਫਿਰ ਉਨ੍ਹਾਂ ਨੇ ਜਦੋਂ ਦਰਵਾਜ਼ਾ ਤੋੜਿਆ ਤਾਂ ਉਨ੍ਹਾਂ ਦਾ ਬੇਟਾ ਅਦਿਤਿਯ ਰੱਸੀ ਦੇ ਨਾਲ ਲਟਕਿਆ ਹੋਇਆ ਪਾਇਆ ਗਿਆ। ਇਸਦੇ ਬਾਅਦ ਉਹ ਪਹਿਲਾਂ ਲੜਕੇ ਨੂੰ ਏਅਰਫੋਰਸ ਸਥਿਤ ਹਸਪਤਾਲ ਵਿਖੇ ਇਲਾਜ ਲਈ ਲੈ ਗਏ ਪਰ ਕਿਸੇ ਤਰ੍ਹਾਂ ਦੀ ਹਲਚਲ ਨਾ ਹੋਣ ਦੇ ਕਾਰਣ ਉਹ ਉਸਨੂੰ ਨਿੱਜੀ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਏ. ਐੱਸ. ਆਈ. ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਕਸਤੂਰੀ ਲਾਲ ਦੇ ਬਿਆਨਾਂ ਦੇ ਆਧਾਰ 'ਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਧਾਰਾ 174 ਦੇ ਅਧੀਨ ਕਾਰਵਾਈ ਕਰਦਿਆਂ ਸਿਵਲ ਹਸਪਤਾਲ 'ਚ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ।

ਜ਼ਿਕਰਯੋਗ ਹੈ ਕਿ ਕਸਤੂਰੀ ਲਾਲ ਮੂਲ ਰੂਪ ਤੋਂ ਹਿਮਾਚਲ ਦੇ ਜ਼ਿਲ੍ਹਾ ਚੰਬਾ ਦੇ ਅਧੀਨ ਪੈਂਦੇ ਪਿੰਡ ਥਰੋਟਾ ਦਾ ਰਹਿਣ ਵਾਲਾ ਹੈ ਤੇ ਚਾਰ ਸਾਲ ਪਹਿਲਾਂ ਉਸ ਦੀ ਪਤਨੀ ਦੀ ਵੀ ਅਚਾਨਕ ਮੌਤ ਹੋ ਗਈ ਸੀ, ਜਿਸਦੇ ਬਾਅਦ ਉਹ ਆਪਣੇ ਬੇਟੇ ਅਤੇ ਬੇਟੀ ਨੂੰ ਮਾਂ ਅਤੇ ਪਿਤਾ ਦੋਨਾਂ ਦਾ ਪਿਆਰ ਦਿੰਦਿਆਂ ਪਾਲ-ਪੋਸ ਰਿਹਾ ਸੀ ਪਰ ਜਿਉਂ ਹੀ ਪੋਸਟਮਾਰਟਮ ਕਰਵਾ ਕੇ ਜਦੋਂ ਉਹ ਆਪਣੇ ਪਿੰਡ ਸਸਕਾਰ ਲਈ ਜਾ ਰਹੇ ਸਨ ਤਾਂ ਉਨ੍ਹਾਂ ਦਾ ਬਿਲਖਣਾ ਹਰ ਕਿਸੇ ਨੂੰ ਰੁਲਾ ਰਿਹਾ ਸੀ। ਇਸ ਮੌਕੇ ਏਅਰਫੋਰਸ ਦੇ ਅਧਿਕਾਰੀ ਅਤੇ ਮੁਲਾਜ਼ਮਾਂ ਦੇ ਮੁੰਹ 'ਤੇ ਮਾਯੂਸੀ ਛਾਈ ਹੋਈ ਸੀ।

KamalJeet Singh

This news is Content Editor KamalJeet Singh