ਜੇਲ ''ਚ ਬੰਦ 3 ਮਹਿਲਾ ਕੈਦੀਆਂ ਦਾ ਦੋਸ਼, ਰਾਤ ਸਮੇਂ ਭੇਜਿਆ ਜਾਂਦਾ ਜੇਲ ਅਧਿਕਾਰੀ ਕੋਲ

12/11/2019 8:04:08 PM

ਗੁਰਦਾਸਪੁਰ, (ਵਿਨੋਦ): ਸਥਾਨਕ ਕੇਂਦਰੀ ਜੇਲ 'ਚ ਵੱਖ-ਵੱਖ ਕੇਸਾਂ 'ਚ ਬੰਦ 3 ਮਹਿਲਾ ਕੈਦੀਆਂ ਵੱਲੋਂ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਭੇਜ ਕੇ ਜੇਲ 'ਚ ਰਾਤ ਸਮੇਂ ਇਕ ਅਧਿਕਾਰੀ ਕੋਲ ਮਹਿਲਾ ਕਰਮਚਾਰੀ ਵੱਲੋਂ ਭੇਜਣ ਦਾ ਦੋਸ਼ ਲਗਾਇਆ ਗਿਆ ਹੈ। ਜਾਣਕਾਰੀ ਮੁਤਾਬਕ ਇਕ ਔਰਤ ਜੋ ਇਕ ਬੱਚੀ ਨੂੰ ਅਗਵਾ ਕਰ ਕੇ ਉਸ ਨਾਲ ਜਬਰ-ਜ਼ਨਾਹ ਕਰਵਾਉਣ ਦੇ ਦੋਸ਼ ਵਿਚ ਜੇਲ ਵਿਚ ਬੰਦ ਹੈ ਅਤੇ ਦੂਜੀ ਔਰਤ ਜਿਸ 'ਤੇ ਪ੍ਰੇਮੀ ਨਾਲ ਮਿਲ ਕੇ ਸਹੁਰੇ ਦੀ ਹੱਤਿਆ ਕਰਨ ਦਾ ਦੋਸ਼ ਹੈ ਸਮੇਤ ਇਕ ਹੋਰ ਔਰਤ ਨੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਭੇਜੀ ਸੀ ਕਿ ਜੇਲ ਦੀ ਮਹਿਲਾ ਕਰਮਚਾਰੀ ਉਨ੍ਹਾਂ ਨੂੰ ਜੇਲ ਦੇ ਇਕ ਅਧਿਕਾਰੀ ਕੋਲ ਪ੍ਰਤੀਦਿਨ ਰਾਤ 10 ਵਜੇ ਭੇਜਦੀ ਹੈ ਅਤੇ ਸਵੇਰੇ 4 ਵਜੇ ਵਾਪਸ ਜੇਲ ਵਿਚ ਲੈ ਆਉਂਦੀ ਹੈ। ਜਿਸ ਕਾਰਣ ਉਹ ਦੁਖੀ ਹੋ ਕੇ ਸ਼ਿਕਾਇਤ ਕਰ ਰਹੀਆਂ ਹਨ। ਇਸ ਸ਼ਿਕਾਇਤ ਦੀ ਜਾਂਚ ਮਹਿਲਾ ਸੀ. ਜੇ. ਐੱਮ. ਕਮ ਸਕੱਤਰ ਜ਼ਿਲਾ ਲੀਗਲ ਸਰਵਿਸ ਅਥਾਰਟੀ ਗੁਰਦਾਸਪੁਰ ਕਰ ਰਹੀ ਹੈ ਅਤੇ ਪਤਾ ਲੱਗਾ ਹੈ ਕਿ ਸ਼ਿਕਾਇਤਕਰਤਾ ਔਰਤਾਂ ਦੇ ਬਿਆਨ ਲਏ ਜਾ ਚੁੱਕੇ ਹਨ। ਉਥੇ ਦੂਜੇ ਪਾਸੇ ਜੇਲ ਅਧਿਕਾਰੀਆਂ ਦਾ ਕਹਿਣਾ ਹੈ ਕਿ ਔਰਤਾਂ ਵੱਲੋਂ ਕੀਤੀ ਸ਼ਿਕਾਇਤ ਪੂਰੀ ਤਰ੍ਹਾਂ ਝੂਠੀ ਹੈ ਅਤੇ ਉਹ ਹਰ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਹਨ।