ਘਰ-ਘਰ 'ਚ ਨਰਸਰੀਆਂ ਬਣਾਈਆਂ ਜਾਣ : ਘਰਿਆਲਾ

07/17/2018 5:07:12 PM

ਵਲਟੋਹਾ (ਗੁਰਮੀਤ ਸਿੰਘ) - ''ਹਰਬਲ ਬੂਟੇ ਲਗਾਓ ਤੇ ਬੀਮਾਰੀਆਂ ਭਜਾਓ'' ਦਾ ਨਾਅਰਾ ਲੋਕਾਂ 'ਚ ਲੈ ਕੇ ਜਾਣ ਵਾਲੇ ਲੋਕ ਸੇਵਾ ਮਿਸ਼ਨ ਦੇ ਕਨਵੀਨਰ ਹਰਦਿਆਲ ਸਿੰਘ ਘਰਿਆਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਆਮ ਰੁੱਖ ਜਿੱਥੇ ਵਾਤਾਵਰਣ ਨੂੰ ਸੁੰਦਰ ਬਣਾਉਂਦੇ ਹਨ ਉਥੇ ਹਰਬਲ ਬੂਟੇ ਕਈ ਬੀਮਾਰੀਆਂ ਨੂੰ ਵੀ ਠੀਕ ਕਰਦੇ ਹਨ। ਮਨੁੱਖੀ ਸਰੀਰ ਨੂੰ ਪੌਸ਼ਟਿਕ ਖੁਰਾਕੀ ਤੱਤ ਵੀ ਮੁਹੱਈਆ ਕਰਦੇ ਹਨ। ਉਨ੍ਹਾਂ ਦੱਸਿਆ ਕਿ ਸੁਹੰਜਣੇ ਨੂੰ ਵੱਧ ਤਰਜੀਹ ਦਿੱਤੀ ਜਾ ਰਹੀ ਹੈ ਕਿਉਂਕਿ ਸੁਹੰਜਣੇ ਦੇ ਪੱਤਿਆਂ 'ਚ ਕੈਲਸ਼ੀਅਮ, ਲੋਹਾ, ਵਿਟਾਮਿਨ ਏ, ਸੀ ਅਤੇ ਈ. ਤੇ ਹੋਰ ਖੁਰਾਕੀ ਤੱਤ ਭਰਪੂਰ ਮਾਤਰਾ 'ਚ ਹੁੰਦੇ ਹਨ। ਇਸ ਸਾਲ ਸੁਹੰਜਣ ਦੇ ਇਕ ਲੱਖ ਬੀਜ ਇਕੱਠੇ ਕੀਤੇ ਗਏ ਹਨ ਅਤੇ ਹੁਣ ਸਕੂਲਾਂ ਤੇ ਧਾਰਮਿਕ ਸਥਾਨਾਂ 'ਚ ਸੁਹੰਜਣੇ ਦੇ ਬੂਟਿਆਂ ਦੀਆਂ ਨਰਸਰੀਆਂ ਤਿਆਰ ਕਰਵਾਈਆਂ ਜਾ ਰਹੀਆਂ ਹਨ। ਇਹ ਬੂਟੇ ਇਕ ਮਹੀਨੇ ਤੱਕ ਤਿਆਰ ਹੋਣ ਉਪਰੰਤ ਆਮ ਲੋਕਾਂ ਨੂੰ ਵੰਡੇ ਜਾਣਗੇ। ਉਨ੍ਹਾਂ ਨੇ ਵਾਤਾਵਰਣ ਪ੍ਰੇਮੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਵੀ ਆਪਣੇ ਘਰਾਂ 'ਚ ਛੋਟੀਆਂ-ਛੋਟੀਆਂ ਨਰਸਰੀਆਂ ਬਣਾ ਕੇ ਆਮ ਲੋਕਾਂ ਨੂੰ ਬੂਟੇ ਵੰਡਣ ਦੀ ਪ੍ਰੰਪਰਾ ਚਲਾਉਣ। ਉਹ ਖੁਦ ਵੀ ਆਪਣੇ ਘਰ 'ਚ ਸੁਹੰਜਣੇ, ਜਾਮਣ, ਨਿੰਮ, ਤੁਲਸੀ, ਐਲੋਵੀਰਾ, ਪਿਲਕਨ ਤੇ ਪਿੱਪਲ ਦੇ ਬੂਟੇ ਤਿਆਰ ਕਰਕੇ ਲੋਕਾਂ ਨੂੰ ਵੰਡ ਰਹੇ ਹਨ।