ਡਿਵਾਈਡਰਾਂ ’ਚ ਲੱਗੀਆਂ ਲਾਈਟਾਂ ਦੇ ਪੋਲ ਹੇਠਾਂ ਖਿੱਲਰੀਆਂ ਨੰਗੀਆਂ ਤਾਰਾਂ

01/12/2019 5:29:58 AM

ਗੁਰਦਾਸਪੁਰ, (ਵਿਨੋਦ)- ਵੈਸੇ ਤਾਂ ਲੋਕਾਂ ਅਤੇ ਪਸ਼ੂਆਂ ਦੇ ਜਾਨਮਾਲ ਦੀ ਰਾਖੀ ਕਰਨਾ ਜ਼ਿਲਾ ਪ੍ਰਸ਼ਾਸਨ ਦੀ ਪਹਿਲ ਹੁੰਦੀ ਹੈ, ਪਰ ਗੁਰਦਾਸਪੁਰ ’ਚ, ਜਿਸ ਤਰ੍ਹਾਂ ਨਾਲ ਨਗਰ ਕੌਂਸਲ ਗੁਰਦਾਸਪੁਰ ਵੱਲੋਂ ਹਨੂੰਮਾਨ ਚੌਕ ਤੋਂ ਪੰਚਾਇਤ ਭਵਨ ਤੱਕ ਲੱਗੀਅਾਂ ਲਾਈਟਾਂ ਦੀਆਂ ਤਾਰਾਂ ਜ਼ਮੀਨ ’ਤੇ ਬਿਨਾਂ ਸੁਰੱਖਿਆ ਪ੍ਰਬੰਧਾਂ ਦੇ ਖਿਲਰੀਆਂ ਦਿਖਾਈ ਦੇ ਰਹੀਆਂ ਹਨ, ਉਸ ਤੋਂ ਸਪੱਸ਼ਟ ਹੁੰਦਾ ਹੈ ਕਿ ਜ਼ਿਲਾ ਪ੍ਰਸ਼ਾਸਨ ਕਿਸੇ ਵੱਡੇ ਹਾਦਸੇ ਦਾ ਖੁਦ ਹੀ ਇੰਤਜ਼ਾਰ ਕਰ ਰਿਹਾ ਹੈ। ਇਹ ਠੀਕ ਹੈ ਕਿ ਦਿਨ ਸਮੇਂ ਇਨ੍ਹਾਂ ਲਾਈਟਾਂ ਦੇ ਬੰਦ ਹੋਣ ਕਾਰਨ ਖਿਲਰੀਆਂ ਤਾਰਾਂ ’ਚ ਕਰੰਟ ਨਹੀਂ ਹੁੰਦਾ, ਪਰ ਰਾਤ ਸਮੇਂ  ਤਾਰਾਂ ’ਚ ਕਰੰਟ ਹੋਣ ਕਾਰਨ ਹਾਦਸਾ ਵਾਪਰ ਸਕਦਾ ਹੈ।
ਹਨੂੰਮਾਨ ਚੌਕ ਤੋਂ ਪੰਚਾਇਤ ਭਵਨ ਤੱਕ ਦੀ ਸਡ਼ਕ ਨੂੰ ਸੁੰਦਰ ਬਣਾਉਣ ਅਤੇ ਉਸਨੂੰ ਦੋ ਹਿੱਸਿਆਂ ’ਚ ਵੰਡਣ ਲਈ ਇਸ ਸਡ਼ਕ ’ਚ ਡਿਵਾਈਡਰ ਬਣਾ ਕੇ ਉਸ ’ਚ ਤੇਜ਼ ਰੌਸ਼ਨੀ ਵਾਲੀਆਂ ਲਾਈਟਾਂ ਅਤੇ ਸੁੰਦਰ ਪੌਦੇ ਲਾਏ ਗਏ ਸੀ।  ਨਗਰ ਕੌਂਸਲ ਨੇ ਇਸ ਸਡ਼ਕ ’ਤੇ 200 ਤੋਂ ਜ਼ਿਆਦਾ ਪੌਦੇ ਅਤੇ 100  ਤੋਂ ਜ਼ਿਆਦਾ ਲਾਈਟਾਂ ਲਾਈਆਂ ਹੋਈਆਂ ਹਨ। 
ਜਦ ਹਨੂੰਮਾਨ ਚੌਕ ਤੋਂ ਪੰਚਾਇਤ ਭਵਨ ਤੱਕ ਦੇ ਬਣੇ ਡਿਵਾਈਡਰਾਂ ’ਤੇ ਨਜ਼ਰ ਮਾਰੀ ਜਾਵੇ ਤਾਂ ਡਿਵਾਈਡਰ ’ਚ ਲੱਗੇ ਲਗਭਗ 30 ਫੀਸਦੀ ਪੌਦੇ ਸੁੱਕ  ਚੁੱਕੇ ਹਨ ਅਤੇ ਇੰਨ੍ਹੇ ਹੀ ਪ੍ਰਤੀਸ਼ਤ ਪੌਦਿਆਂ ਦੀ ਸੁਰੱਖਿਆ ਲਈ ਲੱਗੇ ਲੋਹੇ ਦੇ ਜੰਗਲੇ ਟੁੱਟ ਕੇ ਸਡ਼ਕ ਦੀ ਵੱਲ ਝੁਕੇ ਹਨ ਜੋ ਲੋਕਾਂ ਦੇ ਲਈ ਪ੍ਰੇਸ਼ਾਨੀ ਦਾ ਕਾਰਨ ਬਣਦੇ ਹਨ। ਜਿਵੇਂ ਹੀ ਧੁੱਪ ਨਿਕਲਦੀ ਹੈ ਤਾਂ ਡਿਵਾਈਡਰਾਂ ’ਚ ਆਵਾਰਾ ਕੁੱਤੇ ਬੈਠ ਕੇ ਧੁੱਪ ਸੇਕਦੇ ਹਨ ਅਤੇ ਕਈ ਵਾਰ ਪੈਰਾਂ ਤੋਂ ਮਿੱਟੀ ਵੀ ਸਡ਼ਕ ’ਤੇ ਸੁੱਟਦੇ ਹਨ। ਇਸ ਤਰ੍ਹਾਂ ਇਸ ਸਡ਼ਕ ਦੇ ਦੋਵੇਂ ਪਾਸੇ ਲੱਖਾਂ ਰੁਪਏ ਖਰਚ ਕਰ ਕੇ ਬਣੇ ਫੁਟਪਾਥ ’ਤੇ ਲੋਕਾਂ ਨੇ ਨਾਜਾਇਜ਼ ਕਬਜ਼ੇ ਕਰ ਰੱਖੇ ਹਨ ਅਤੇ ਇਹ ਫੁਟਪਾਥ ਨਾ ਤਾਂ ਦਿਖਾਈ ਦਿੰਦੇ ਹਨ ਅਤੇ ਨਾ ਹੀ ਇਨ੍ਹਾਂ ਦਾ ਪ੍ਰਯੋਗ ਪੈਦਲ ਚੱਲਣ ਵਾਲੇ ਲੋਕ ਕਰ ਪਾਉਂਦੇ ਹਨ।

ਜਲਦੀ ਹੀ ਸੁਧਾਰ ਕੀਤਾ ਜਾਵੇਗਾ -ਸੁਪਰਡੈਂਟ 
 ਸਡ਼ਕ ’ਤੇ ਖਿਲਰੀਆਂ ਨੰਗੀਆਂ ਤਾਰਾਂ, ਟੁੱਟੇ ਹੋਏ ਜੰਗਲੇ ਅਤੇ ਸੁੱਕੇ ਪੌਦਿਆਂ ਸਬੰਧੀ ਨਗਰ ਕੌਂਸਲ ਗੁਰਦਾਸਪੁਰ ਦੇ ਸੁਪਰਡੈਂਟ ਅਸ਼ੋਕ ਕੁਮਾਰ ਨਾਲ ਜਦ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਲਦੀ ਹੀ ਇਸ ਸਬੰਧੀ ਸੁਧਾਰ ਕੀਤਾ ਜਾਵੇਗਾ ਅਤੇ ਜਹਾਜ਼ ਚੌਕ ਦੇ ਕੋਲ ਟੁੱਟੀ ਸਡ਼ਕ ਦਾ ਨਿਰਮਾਣ ਵੀ ਕਰਵਾ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਕਰਮਚਾਰੀਆਂ ਦੇ  ਕਾਰਨ ਇਹ ਤਾਰਾਂ ਨੰਗੀਆਂ ਤਾਰਾਂ ਰਹਿ ਗਈਆਂ ਹਨ , ਜਦਕਿ ਇਨ੍ਹਾਂ ਦਾ ਪੂਰੀ ਤਰ੍ਹਾਂ ਨਾਲ ਕਵਰ ਕਰਕੇ  ਰੱਖਣਾ ਜ਼ਰੂਰੀ ਹੈ। ਇਸ ਸਬੰਧੀ ਨਗਰ ਕੌਂਸਲ ਦੇ ਈ.ਓ. ਨਾਲ ਅੱਜ ਹੀ ਗੱਲ ਕਰਕੇ ਸਾਰਾ ਮਾਮਲਾ ਹੱਲ ਕੀਤਾ ਜਾਵੇਗਾ।