ਚੋਰਾਂ ਦੇ ਹੌਂਸਲੇ ਬੁਲੰਦ, ਸੁੱਤੇ ਪਏ ਯਾਤਰੀਆਂ ਕੋਲੋਂ ਲੱਖਾਂ ਦੀ ਨਕਦੀ ਤੇ 5 ਮਹਿੰਗੇ ਮੋਬਾਇਲ ਲੈ ਕੇ ਫ਼ਰਾਰ

04/28/2023 12:36:53 PM

ਅੰਮ੍ਰਿਤਸਰ (ਇੰਦਰਜੀਤ)- ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੇ ਬਿਲਕੁਲ ਸਾਹਮਣੇ ਸਥਿਤ ਮਸ਼ਹੂਰ ਹੋਟਲ ਸੋਫ਼ੀਆ ਦੇ ਹਾਲ ਰੂਮ ’ਚ ਸੁੱਤੇ ਪਏ ਯਾਤਰੀਆਂ ਕੋਲੋਂ ਅਣਪਛਾਤੇ ਵਿਅਕਤੀਆਂ ਨੇ ਲੱਖਾਂ ਰੁਪਏ ਦੀ ਨਕਦੀ ਅਤੇ ਕੀਮਤੀ ਸਾਮਾਨ ਚੋਰੀ ਕਰ ਲਿਆ। ਘਟਨਾ ਦਾ ਰਹੱਸਮਈ ਪਹਿਲੂ ਇਹ ਹੈ ਕਿ ਹੋਟਲ ਦੇ ਕਮਰੇ ਵਿਚ ਸੌਣ ਵਾਲੇ ਯਾਤਰੀਆਂ ਦੀ ਗਿਣਤੀ ਇਕ ਜਾਂ ਦੋ ਦਰਜਨ ਦੇ ਕਰੀਬ ਸੀ। ਹੋਟਲ ਦੇ ਹਾਲ ਰੂਮ ਦੇ ਦਰਵਾਜ਼ੇ ਦੀ ਕੁੰਡੀ ਤੋੜੀ ਗਈ ਸੀ। ਕੁੰਡੀ ਤੋੜਨ ਦੀ ਕੋਈ ਆਵਾਜ਼ ਨਹੀਂ ਆਈ ਸੀ ਅਤੇ ਨਾ ਹੀ ਸੀ. ਸੀ. ਟੀ. ਵੀ ਕੈਮਰਿਆਂ ਵਿਚ ਕੋਈ ਸੁਰਾਗ ਮਿਲਿਆ ਸੀ।

ਇਹ ਵੀ ਪੜ੍ਹੋ- Ielts ਸੈਂਟਰ ’ਚ ਪੜ੍ਹਦੀ ਕੁੜੀ ਨੂੰ ਬੁਲਾਉਣ ਤੋਂ ਰੋਕਣ ਸਬੰਧੀ ਛਿੱੜਿਆ ਵੱਡਾ ਵਿਵਾਦ, ਚੱਲੀਆਂ ਅੰਨ੍ਹੇਵਾਹ ਗੋਲ਼ੀਆਂ

ਸ਼ਿਕਾਇਤ ਕਰਤਾ ਦੇ ਬਿਆਨਾਂ ਦੇ ਆਧਾਰ ’ਤੇ ਫਿਲਹਾਲ ਪੁਲਸ ਨੇ 457/380 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੂੰ ਦਿੱਤੀ ਜਾਣਕਾਰੀ ’ਚ ਨਰੇਸ਼ ਠਾਕੁਰ ਨੇ ਦੱਸਿਆ ਕਿ ਉਹ ਆਪਣੇ ਪਰਿਵਾਰਕ ਦੋਸਤਾਂ ਨਾਲ ਪਰਿਵਾਰ ਸਮੇਤ ਅੰਮ੍ਰਿਤਸਰ ਘੁੰਮਣ ਲਈ ਆਇਆ ਹੋਇਆ ਸੀ, ਇਸ ਦੌਰਾਨ ਉਹ ਪਿਛਲੇ ਦਿਨੀਂ ਗੋਲ ਬਾਗ ਰੇਲਵੇ ਸਟੇਸ਼ਨ ਦੇ ਸਾਹਮਣੇ ਸਥਿਤ ਸੋਫ਼ੀਆ ਗੈਸਟ ਹਾਊਸ ਨਾਮਕ ਹੋਟਲ ਦੇ ਹਾਲ ਰੂਮ ਦੇ ਅੰਦਰ ਰੁਕਿਆ ਸੀ। 

ਇਹ ਵੀ ਪੜ੍ਹੋ- ਪੁਰਾਣੀ ਕਰੰਸੀ ਬਦਲੇ ਲੱਖਾਂ ਰੁਪਏ ਮਿਲਣ ਦੇ ਝਾਂਸੇ ’ਚ ਬਜ਼ੁਰਗ ਨਾਲ ਠੱਗੀ, ਪ੍ਰਸ਼ਾਸਨ ਤੋਂ ਕੀਤੀ ਕਾਰਵਾਈ ਦੀ ਮੰਗ

ਸ਼ਿਕਾਇਤਕਰਤਾ ਅਨੁਸਾਰ ਹਾਲ ਦੇ ਕਮਰੇ ’ਚ ਰਹਿਣ ਵਾਲਿਆਂ ’ਚ 7 ਔਰਤਾਂ ਅਤੇ 7 ਪੁਰਸ਼ ਸ਼ਾਮਲ ਸਨ, ਜਦਕਿ ਉਨ੍ਹਾਂ ਨਾਲ ਅੱਧੀ ਦਰਜਨ ਦੇ ਕਰੀਬ ਬੱਚੇ ਸਨ, ਜਿਨ੍ਹਾਂ ਦੀ ਉਮਰ ਵੀ 15-16 ਸਾਲ ਦੇ ਕਰੀਬ ਹੋਵੇਗੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਜਦੋਂ ਉਹ ਸਵੇਰੇ 6 ਵਜੇ ਉੱਠਿਆ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦਾ ਉਥੇ ਪਿਆ ਸਾਮਾਨ ਗਾਇਬ ਹੈ ਤਾਂ ਉਹ ਹੈਰਾਨ ਰਹਿ ਗਿਆ, ਇਸ ਦੌਰਾਨ ਉਸ ਨੇ ਕਮਰੇ ਦੇ ਦਰਵਾਜ਼ੇ ਦੀ ਕੁੰਡੀ ਟੁੱਟੀ ਹੋਈ ਦੇਖੀ ਤਾਂ ਉਸ ਨੇ ਦੱਸਿਆ ਕਿ ਉਸ ਦਾ ਸਾਮਾਨ ਚੋਰੀ ਹੋ ਗਿਆ ਹੈ। ਸਾਮਾਨ 'ਚ ਦੋ ਬੈਗ ਸਨ, ਜਿਨ੍ਹਾਂ 'ਚ 5 ਮੋਬਾਇਲ ਫੋਨ ਅਤੇ 1.65 ਲੱਖ ਰੁਪਏ ਨਕਦੀ ਸੀ।

ਇਹ ਵੀ ਪੜ੍ਹੋ- ਅੰਮ੍ਰਿਤਸਰ ਦੇ ਹਸਪਤਾਲ ’ਚ 3 ਮਹਿਲਾ ਡਾਕਟਰਾਂ ਨਾਲ ਛੇੜਛਾੜ, ਹਸਪਤਾਲ ਪ੍ਰਸ਼ਾਸਨ 'ਤੇ ਉੱਠਣ ਲੱਗੇ ਸਵਾਲ

ਘਟਨਾ ਦਾ ਰਹੱਸ ਇਹ ਵੀ ਹੈ ਕਿ ਇੰਨੇ ਲੋਕਾਂ ਦੀ ਮੌਜੂਦਗੀ ’ਚ ਦਰਵਾਜ਼ੇ ਦੀ ਕੁੰਡੀ ਤੋੜ ਕੇ ਸਾਮਾਨ ਅਤੇ ਨਕਦੀ ਚੋਰੀ ਕਰ ਲਈ ਗਈ, ਨੂੰ ਲੈ ਕੇ ਜਾਣਾ ਕੋਈ ਆਸਾਨ ਕੰਮ ਨਹੀਂ, ਕਿਉਂਕਿ ਰੇਲਵੇ ਸਟੇਸ਼ਨ ਦੇ ਸਾਹਮਣੇ ਰਾਤ ਭਰ ਲੋਕਾਂ ਦੀ ਆਵਾਜਾਈ ਜਾਰੀ ਰਹਿੰਦੀ ਹੈ। ਪੁਲਸ ਨੇ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀਆਂ ਦੀ ਭਾਲ ਜਾਰੀ ਹੈ। ਦੁਰਗਿਆਣਾ ਦੇ ਇੰਚਾਰਜ਼ ਨਰੇਸ਼ ਕੁਮਾਰ ਪੁਲਸ ਨੇ ਦੱਸਿਆ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਸੀ. ਸੀ. ਟੀ. ਵੀ ਕੈਮਰੇ ਦੀ ਫੁਟੇਜ ਚੈੱਕ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਮੁਲਜ਼ਮਾਂ ਦਾ ਸੁਰਾਗ ਲਗਾ ਲਿਆ ਜਾਵੇਗਾ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 

Shivani Bassan

This news is Content Editor Shivani Bassan