ਡਿਊਟੀ ਖਤਮ ਕਰ ਕੇ ਹੋਸਟਲ ਜਾ ਰਹੀ ਮਹਿਲਾ ਡਾਕਟਰ ਨੂੰ ਲੁਟੇਰਿਅਾਂ ਨੇ ਘੇਰਿਆ

12/17/2018 3:13:15 AM

ਅੰਮ੍ਰਿਤਸਰ,   (ਦਲਜੀਤ)-  ਸਰਕਾਰੀ ਮੈਡੀਕਲ ਕਾਲਜ ’ਚ ਐੱਮ. ਬੀ. ਬੀ. ਐੱਸ. ਦੀ ਪਡ਼੍ਹਾਈ ਕਰ ਰਹੇ ਡਾਕਟਰਾਂ ਦੀ ਸੁਰੱਖਿਆ ਰੱਬ ਆਸਰੇ ਹੈ। ਕਾਲਜ ਕੰਪਲੈਕਸ ’ਚ ਬੀਤੀ ਰਾਤ ਗੁਰੂ ਨਾਨਕ ਦੇਵ ਹਸਪਤਾਲ ਤੋਂ ਡਿਊਟੀ ਖਤਮ ਕਰ ਕੇ ਆਪਣੇ ਹੋਸਟਲ ਜਾ ਰਹੀ ਇਕ ਮਹਿਲਾ ਜੂਨੀਅਰ ਡਾਕਟਰ ਨੂੰ ਕੁਝ ਲੁਟੇਰਿਅਾਂਂ ਨੇ ਹਨੇਰੇ ਦਾ ਫਾਇਦਾ ਚੁੱਕ ਕੇ ਮੋਬਾਇਲ ਤੇ ਨਕਦੀ ਖੋਹਣ ਦੀ ਕੋਸ਼ਿਸ਼ ਕੀਤੀ। ਮਹਿਲਾ ਜੂਨੀਅਰ ਡਾਕਟਰ ਨੇ ਦਲੇਰੀ ਦਿਖਾਉਂਦਿਅਾਂ ਲੁਟੇਰਿਅਾਂ ਨਾਲ ਕਾਫੀ ਜੱਦੋ-ਜਹਿਦ ਕੀਤੀ ਤੇ ਉਨ੍ਹਾਂ ਨੂੰ ਖਾਲੀ ਹੱਥ ਆਪਣੀ ਜਾਨ ਬਚਾ ਕੇ ਭੱਜਣਾ ਪਿਆ। ਜੂਨੀਅਰ ਡਾਕਟਰ ਨੇ ਆਪਣੇ ਨਾਲ ਹੋਈ ਵਾਰਦਾਤ ਸਬੰਧੀ ਉੱਚ ਅਧਿਕਾਰੀਆਂ ਨੂੰ ਲਿਖ਼ਤੀ ਸ਼ਿਕਾਇਤ ਵੀ ਦੇ ਦਿੱਤੀ ਹੈ। 
ਜਾਣਕਾਰੀ ਅਨੁਸਾਰ ਗੁਰੂ ਨਾਨਕ ਦੇਵ ਹਸਪਤਾਲ ਦੇ ਰੇਡੀਓਲੋਜੀ ਵਿਭਾਗ ’ਚ ਜੂਨੀਅਰ ਰੈਜ਼ੀਡੈਂਸੀ ਦੇ ਪਹਿਲੇ ਸਾਲ ’ਚ ਪਡ਼੍ਹਨ ਵਾਲੀ ਮਹਿਲਾ ਡਾਕਟਰ ਉਕਤ ਵਿਭਾਗ ’ਚੋਂ ਬੀਤੀ ਰਾਤ 8:30 ਵਜੇ ਆਪਣੀ ਡਿਊਟੀ ਖਤਮ ਕਰ ਕੇ ਹੋਟਸਲ ਜਾ ਰਹੀ, ਰਸਤੇ ਵਿਚ ਕੁਝ ਅਣਪਛਾਤੇ ਲੁਟੇਰਿਅਾਂਂ ਨੇ ਹਨੇਰੇ ਤੇ ਸੁਰੱਖਿਆ ਕਰਮਚਾਰੀ ਦੇ ਨਾ ਹੋਣ ਦਾ ਫਾਇਦਾ ਚੁੱਕ ਕੇ ਉਸ ਦਾ ਮੋਬਾਇਲ ਤੇ ਪਰਸ ਖੋਹਣ ਦੀ ਕੋਸ਼ਿਸ਼ ਕੀਤੀ। ਮਹਿਲਾ ਡਾਕਟਰ ਨੇ ਪਹਿਲਾਂ ਤਾਂ ਲੁਟੇਰਿਅਾਂਂ ਦਾ ਕਾਫੀ ਦੇਰ ਮੁਕਾਬਲਾ ਕੀਤਾ ਤੇ ਬਾਅਦ ਵਿਚ ਰੌਲਾ ਪਾਉਣ ’ਤੇ ਲੁਟੇਰਿਅਾਂਂ ਨੇ ਭੱਜਣ ਵਿਚ ਆਪਣੀ ਭਲਾਈ ਸਮਝੀ। ਹਸਪਤਾਲ ਦੇ ਰੇਡੀਓਲੋਜੀ ਵਿਭਾਗ ਦੇ ਮੁਖੀ ਨੂੰ ਦਿੱਤੀ ਲਿਖਤੀ ਸ਼ਿਕਾਇਤ ਵਿਚ ਉਕਤ ਮਹਿਲਾ ਡਾਕਟਰ ਨੇ ਕਿਹਾ ਕਿ ਸੁਰੱਖਿਆ ਦਾ ਕੋਈ ਪ੍ਰਬੰਧ ਨਹੀਂ ਹੈ, ਪਹਿਲਾਂ ਵੀ ਅਜਿਹੀਆਂ ਕਈ ਘਟਨਾਵਾਂ ਵਾਪਰ ਚੁੱਕੀਅਾਂ ਹਨ, ਕਿਸੇ ਅਣਹੋਣੀ ਨੂੰ ਹੋਣ ਤੋਂ ਰੋਕਣ ਲਈ ਤੁਰੰਤ ਸੁਰੱਖਿਆ ਮੁਹੱਈਆ ਕਰਵਾਉਣੀ ਚਾਹੀਦੀ ਹੈ। ਵਿਦਿਆਰਥਣਾਂ ਨੇ ਕਿਹਾ ਕਿ ਕਈ ਵਾਰ ਰਾਤ ਨੂੰ ਗਲਤ ਅਨਸਰ ਵੀ ਇਥੇ ਘੁੰਮਦੇ ਨਜ਼ਰ ਆਉਂਦੇ ਹਨ ਤੇ ਉਨ੍ਹਾਂ ਨਾਲ ਭੱਦੇ ਮਜ਼ਾਕ ਕਰ ਕੇ ਚਲੇ ਜਾਂਦੇ ਹਨ। ਕਾਲਜ ਪ੍ਰਸ਼ਾਸਨ ਨੂੰ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ। ਇਸ ਸਬੰਧੀ ਜਦੋਂ ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਸੁਰਿੰਦਰਪਾਲ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ। 
 ਕੀ ਕਹਿੰਦੇ ਹਨ ਰੇਡੀਓਲੋਜੀ ਵਿਭਾਗ ਦੇ ਮੁਖੀ- ਰੇਡੀਓਲੋਜੀ ਵਿਭਾਗ ਦੇ ਮੁਖੀ ਡਾ. ਰਮੇਸ਼ ਨੇ ਕਿਹਾ ਕਿ ਜੂਨੀਅਰ ਮਹਿਲਾ ਡਾਕਟਰ ਵੱਲੋਂ ਕੀਤੀ ਸ਼ਿਕਾਇਤ ਉਨ੍ਹਾਂ ਨੂੰ ਮਿਲ ਗਈ ਹੈ। ਕਈ ਵਾਰ ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਨੂੰ ਰਾਤ ਸਮੇਂ ਬੱਚਿਅਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸੁਰੱਖਿਆ ਕਰਮਚਾਰੀ ਤਾਇਨਾਤ ਕਰਨ ਸਬੰਧੀ ਅਪੀਲ ਕੀਤੀ ਗਈ ਹੈ, ਅੱਜ ਫਿਰ ਉਹ ਦੁਬਾਰਾ ਬੱਚਿਅਾਂ ਦੀ ਸੁਰੱਖਿਆ ਨੂੰ ਲੈ ਕੇ ਮੈਡੀਕਲ ਸੁਪਰਡੈਂਟ ਨੂੰ ਪੱਤਰ ਲਿਖ ਰਹੇ ਹਨ।