ਮੱਛਰਾਂ ਨੇ ਲੋਕਾਂ ’ਤੇ ਤੇਜ਼ੀ ਨਾਲ ਮਾਰਨਾ ਸ਼ੁਰੂ ਕੀਤਾ ਆਪਣਾ ਡੰਗ

11/12/2018 5:57:33 AM

ਤਰਨਤਾਰਨ,   (ਰਮਨ)-  ਜ਼ਿਲਾ ਤਰਨਤਾਰਨ ’ਚ ਵੱਸਦੇ ਲੋਕਾਂ ਨੂੰ ਮੱਛਰ ਨੇ ਆਪਣਾ ਡੰਗ ਮਾਰਨਾ ਤੇਜ਼ ਕਰ ਦਿੱਤਾ ਹੈ, ਜਿਸ ਨਾਲ ਜ਼ਿਲਾ ਭਰ ਵਿਚ 12 ਮਲੇਰੀਆ ਦੇ ਪਾਜ਼ੇਟਿਵ ਕੇਸ ਅਤੇ 26 ਡੇਂਗੂ ਦੇ ਪੱਕੇ ਮਰੀਜ਼ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਨੇੇ ਜ਼ਿਲਾ ਪੱਧਰੀ ਹਸਪਤਾਲਾਂ ਅਤੇ ਬਲਾਕ ਲੈਵਲ ਦੇ ਹਸਪਤਾਲਾਂ ਵਿਚ ਡੇਂਗੂ ਵਾਰਡਾਂ ਦਾ ਇੰਤਜਾਮ ਕਰਦੇ ਹੋਏ ਸ਼ੱਕੀ ਇਲਾਕਿਆਂ ਵਿਚ ਸਪਰੇਅ ਅਤੇ ਖੂਨ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਤਿੰਨ ਗੁਣਾ ਘੱਟ ਵੇਖੀ ਜਾ ਰਹੀ ਹੈ ਅਤੇ ਇਸ ਨਾਲ ਅੱਜ ਤੱਕ ਕਿਸੇ ਵੀ ਡੇਂਗੂ ਦੇ ਮਰੀਜ਼ ਦੀ ਮੌਤ ਨਹੀਂ ਹੋਈ ਹੈ।
ਕਿੰਨੇ ਲਪੇਟ ’ਚ
 ਸਿਹਤ ਵਿਭਾਗ ਵੱਲੋਂ ਜ਼ਿਲੇ ਦੇ ਵੱਖ-ਵੱਖ ਖੇਤਰਾਂ ਵਿਚ ਰਹਿੰਦੇ ਸ਼ੱਕੀ ਲੋਕਾਂ ਦੇ 83 ਖੂਨ ਦੇ ਨਮੂਨਿਆਂ ਦੀ ਜਾਂਚ ਕੀਤੀ ਗਈ ਸੀ, ਜਿਸ ਦੌਰਾਨ ਇਨ੍ਹਾਂ ਵਿਚੋਂ 26 ਡੇਂਗੂ ਅਤੇ 12 ਮਲੇਰੀਆ ਦੇ ਪੱਕੇ ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ। ਇਨ੍ਹਾਂ ’ਚ ਜ਼ਿਆਦਾਤਰ ਕੇਸ ਪੱਟੀ, ਤਰਨਤਾਰਨ ਤੋਂ ਇਲਾਵਾ ਸਰਹਾਲੀ ਕਲਾਂ, ਘਰਿਆਲਾ ਆਦਿ ਦੇ ਹਨ। ਸਿਹਤ ਵਿਭਾਗ ਵੱਲੋਂ ਇਨ੍ਹਾਂ ਮਰੀਜ਼ਾਂ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ।
ਕਿਸ ਤਰ੍ਹਾਂ ਪੈਦਾ ਹੁੰਦੈ ਮੱਛਰ
ਜਾਣਕਾਰੀ ਅਨੁਸਾਰ ਇਕ ਥਾਂ ’ਤੇ ਲਗਾਤਾਰ ਸੱਤ ਦਿਨ ਪਾਣੀ ਖਡ਼੍ਹਾ ਹੋਣ ਕਾਰਨ ਪਹਿਲਾਂ ਲਾਰਵਾ ਪੈਦਾ ਹੁੰਦਾ ਹੈ ਫਿਰ ਪਿਉਪਾ ਵਿਚ ਬਦਲਣ ਤੋਂ ਬਾਅਦ ਡੇਂਗੂ ਅਤੇ ਮਲੇਰੀਆ ਦਾ ਮੱਛਰ ਪੈਦਾ ਹੁੰਦਾ ਹੈ, ਜਿਸ ਵੱਲੋਂ ਕਿਸੇ ਵਿਅਕਤੀ ਨੂੰ ਕੱਟਣ ਦੇ ਨਾਲ ਉਸ ਦੀ ਜਾਨ ਤਕ ਜਾ ਸਕਦੀ ਹੈ।
 ਪਿਛਲੇ ਸਾਲ ਕਿੰਨੇ ਕੇਸ ਆਏ ਸਨ ਪਾਜ਼ੇਟਿਵ
ਸਾਲ 2017 ਵਿਚ ਜ਼ਿਲਾ ਭਰ ’ਚ 84 ਮਰੀਜ਼ ਡੇਂਗੂ ਅਤੇ 15 ਮਰੀਜ਼ ਮਲੇਰੀਏ  ਦੇ ਸਾਹਮਣੇ ਆਏ ਸਨ। ਜਿਨ੍ਹਾਂ ਦਾ ਸਿਹਤ ਵਿਭਾਗ ਵੱਲੋਂ ਪੂਰਾ ਮੁਫਤ ਇਲਾਜ ਕੀਤਾ ਗਿਆ ਸੀ।