ਸ਼ਰਾਬ ਦੇ ਠੇਕੇਦਾਰ ਨੇ ਸਹਾਇਕ ਕਮਿਸ਼ਨਰ ਨੂੰ ਦਿੱਤੀ ਗੋਲੀ ਮਾਰਨ ਦੀ ਧਮਕੀ

07/20/2019 4:54:46 AM

ਤਰਨਤਾਰਨ, (ਰਮਨ)- ਸ਼ਰਾਬ ਦੇ ਠੇਕੇਦਾਰਾਂ ਵਲੋਂ ਖੋਲ੍ਹੀਆਂ ਗਈਆਂ ਨਾਜਾਇਜ਼ ਬ੍ਰਾਂਚਾਂ ਨੂੰ ਬੰਦ ਕਰਵਾਉਣ ਸਬੰਧੀ ਕਰ ਅਤੇ ਆਬਕਾਰੀ ਵਿਭਾਗ ਦੇ ਸਹਾਇਕ ਕਮਿਸ਼ਨਰ ਸੁਖਚੈਨ ਸਿੰਘ ਨੂੰ ਗੋਲੀ ਮਾਰਨ ਦੀਆਂ ਧਮਕੀਆਂ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਸਬੰਧੀ ਸਹਾਇਕ ਕਮਿਸ਼ਨਰ ਵਲੋਂ ਐੱਸ. ਐੱਸ. ਪੀ. ਨੂੰ ਦਰਖਾਸਤ ਦਿੰਦੇ ਹੋਏ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕਰਨ ਅਤੇ ਆਪਣੀ ਜਾਨ-ਮਾਲ ਦੀ ਸੁਰੱਖਿਆ ਦੀ ਮੰਗ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸਾਲ ਸ਼ਰਾਬ ਦੇ ਠੇਕਿਆਂ ਦੀ ਬੋਲੀ ਦੌਰਾਨ ਤਰਨਤਾਰਨ-2 ਦਾ ਠੇਕਾ ਰਣਜੀਤ ਸਿੰਘ ਐਂਡ ਕੰਪਨੀ ਦਾ ਨਿਕਲਿਆ ਸੀ ਅਤੇ ਫਤਿਆਬਾਦ ਦਾ ਠੇਕਾ ਯੂਨਾਈਟਿਡ ਟਰੇਡਿੰਗ ਕੰਪਨੀ ਦੇ ਨਾਂ ਨਿਕਲਿਆ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਦੋਵਾਂ ਠੇਕੇਦਾਰਾਂ ਵਲੋਂ ਸਥਾਨਕ ਸਰਹਾਲੀ ਰੋਡ ’ਤੇ ਆਪਣੀਆਂ ਨਾਜਾਇਜ਼ ਬ੍ਰਾਂਚਾਂ ਖੋਲ੍ਹ ਕੇ ਸ਼ਰਾਬ ਦੀ ਵਿਕਰੀ ਕੀਤੀ ਜਾਂਦੀ ਰਹੀ। ਬੀਤੇ ਦਿਨੀਂ ਸਵਰਾਜ ਟਰੇਡਿੰਗ ਕੰਪਨੀ ਵਲੋਂ ਸਰਹਾਲੀ ਰੋਡ ਨੇਡ਼ੇ ਰਸੂਲਪੁਰ ਨਹਿਰ ’ਤੇ ਇਕ ਹੋਰ ਠੇਕਾ ਖੋਲ੍ਹ ਦਿੱਤਾ ਗਿਆ, ਜੋ ਇਲਾਕਾ ਤਰਨਤਾਰਨ-2 ਦੇ ਠੇਕੇਦਾਰਾਂ ਦੀ ਹੱਦ ਵਿਚ ਆਉਂਦਾ ਹੈ। ਇਸ ਦੌਰਾਨ ਦੋਵਾਂ ਠੇਕੇਦਾਰਾਂ ਵਲੋਂ ਆਪੋ-ਆਪਣੀ ਹੱਦ ਵਿਚ ਠੇਕਾ ਖੋਲ੍ਹਣ ਨੂੰ ਲੈ ਕੇ ਵਿਵਾਦ ਵਧਦਾ ਗਿਆ, ਜਿਸ ਦੀ ਜਾਣਕਾਰੀ ਐਕਸਾਈਜ਼ ਵਿਭਾਗ ਨੂੰ ਮਿਲੀ। ਇਸ ਤਹਿਤ ਤੁਰੰਤ ਕਾਰਵਾਈ ਕਰਦੇ ਹੋਏ ਸਹਾਇਕ ਕਮਿਸ਼ਨਰ ਸੁਖਚੈਨ ਸਿੰਘ ਵਲੋਂ ਦੋਵਾਂ ਠੇਕੇਦਾਰਾਂ ਨੂੰ ਤੁਰੰਤ ਆਪਣੀਆਂ ਨਾਜਾਇਜ਼ ਬ੍ਰਾਂਚਾਂ ਬੰਦ ਕਰਨ ਲਈ ਕਿਹਾ ਗਿਆ। ਇਸ ਸਬੰਧੀ ਜਦੋਂ ਸਹਾਇਕ ਕਮਿਸ਼ਨਰ ਸੁਖਚੈਨ ਸਿੰਘ ਵਲੋਂ ਸਵਰਾਜ ਟਰੇਡਿੰਗ ਕੰਪਨੀ ਦੇ ਮਾਲਕ ਸਵਰਾਜ ਨੂੰ ਬ੍ਰਾਂਚ ਬੰਦ ਕਰਨ ਲਈ ਕਿਹਾ ਗਿਆ ਤਾਂ ਉਨ੍ਹਾਂ ਵੱਲੋਂ ਗੋਲੀਆਂ ਮਾਰ ਦੇਣ ਦੀਆਂ ਧਮਕੀਆਂ ਦਿੱਤੀਆਂ ਜਾਣ ਲੱਗੀਆਂ ਅਤੇ ਠੇਕੇ ਨੂੰ ਸ਼ਰੇਆਮ ਅੱਜ ਵੀ ਨਾਜਾਇਜ਼ ਤੌਰ ’ਤੇ ਖੋਲ੍ਹਦੇ ਹੋਏ ਪ੍ਰਸ਼ਾਸਨ ਦੇ ਮੂੰਹ ’ਤੇ ਚਪੇਡ਼ਾਂ ਮਾਰੀਆਂ ਜਾ ਰਹੀਆਂ ਹਨ।

ਮੇਰੀ ਜਾਨ ਨੂੰ ਹੈ ਖਤਰਾ : ਸਹਾਇਕ ਕਮਿਸ਼ਨਰ

ਸਹਾਇਕ ਕਮਿਸ਼ਨਰ ਸੁਖਚੈਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਵਰਾਜ ਟਰੇਡਿੰਗ ਦੇ ਮਾਲਕ ਵਲੋਂ ਗੋਲੀ ਮਾਰ ਦੇਣ ਦੀ ਸ਼ਰੇਆਮ ਧਮਕੀ ਦਿੱਤੀ ਗਈ ਹੈ, ਜਿਸ ਸਬੰਧੀ ਉਨ੍ਹਾਂ ਨੇੇ ਐੱਸ. ਐੱਸ. ਪੀ. ਨੂੰ ਲਿਖਤੀ ਦਰਖਾਸਤ ਦਿੰਦੇ ਹੋਏ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਮੰਗ ਕਰਦਿਆਂ ਸੁਰੱਖਿਆ ਮੁਹੱਈਆ ਕਰਵਾਉਣ ਲਈ ਬੇਨਤੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਦਰਖਾਸਤ ਦਿੱਤੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਹੋਰ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ, ਜਿਸ ਤਹਿਤ ਉਨ੍ਹਾਂ ਦੀ ਜਾਨ ਨੂੰ ਖਤਰਾ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਦੋਵਾਂ ਠੇਕੇਦਾਰਾਂ ਖਿਲਾਫ ਦਰਖਾਸਤ ਦਿੱਤੀ ਹੈ।

ਮੇਰੇ ਵਲੋਂ ਕੋਈ ਧਮਕੀ ਨਹੀ ਦਿੱਤੀ ਗਈ : ਸ਼ਰਾਬ ਠੇਕੇਦਾਰ

ਸ਼ਰਾਬ ਠੇਕੇਦਾਰ ਸਵਰਾਜ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਕੋਈ ਵੀ ਧਮਕੀ ਨਹੀਂ ਦਿੱਤੀ। ਉਨ੍ਹਾਂ ਨੂੰ ਜਾਣਬੁੱਝ ਕੇ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਧਰ ਠੇਕੇਦਾਰ ਰਣਜੀਤ ਸਿੰਘ ਗੰਡੀਵਿੰਡ ਨੇ ਦੱਸਿਆ ਕਿ ਉਨ੍ਹਾਂ ਵਲੋਂ ਨਿਯਮਾਂ ਦੇ ਆਧਾਰ ’ਤੇ ਠੇਕੇ ਦਾ ਕਾਰੋਬਾਰ ਕੀਤਾ ਜਾ ਰਿਹਾ ਹੈ।

ਕੀ ਕਹਿਣੈ ਐੱਸ. ਐੱਸ. ਪੀ. ਦਾ

ਨਵੇਂ ਆਏ ਐੱਸ. ਐੱਸ. ਪੀ. ਧਰੁਵ ਦਹੀਆ ਨੇ ਦੱਸਿਆ ਕਿ ਇਸ ਸਬੰਧੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਸ ਤੋਂ ਬਾਅਦ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਵਿਚ ਕੋਈ ਦੇਰੀ ਨਹੀਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਲੋਡ਼ ਪੈਣ ’ਤੇ ਸਹਾਇਕ ਕਮਿਸ਼ਨਰ ਨੂੰ ਸੁਰੱਖਿਆ ਮੁਹੱਈਆ ਕਰਵਾ ਦਿੱਤੀ ਜਾਵੇਗੀ।

ਨਾਜਾਇਜ਼ ਬ੍ਰਾਂਚਾਂ ਨੂੰ ਨਹੀਂ ਖੁੱਲ੍ਹਣ ਦਿੱਤਾ ਜਾਵੇਗਾ

ਇਸ ਸਬੰਧੀ ਕਰ ਅਤੇ ਆਬਕਾਰੀ ਵਿਭਾਗ ਦੇ ਡਵੀਜ਼ਨਲ ਕਮਿਸ਼ਨਰ ਹਰਿੰਦਰਪਾਲ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ, ਜਿਸ ਸਬੰਧੀ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਸਬੰਧੀ ਐੱਸ. ਐੱਸ. ਪੀ. ਨੂੰ ਦਰਖਾਸਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਨਾਜਾਇਜ਼ ਬ੍ਰਾਂਚਾਂ ਨੂੰ ਕਿਸੇ ਕੀਮਤ ’ਤੇ ਨਹੀਂ ਖੁੱਲ੍ਹਣ ਦਿੱਤਾ ਜਾਵੇਗਾ।

Bharat Thapa

This news is Content Editor Bharat Thapa