ਸਾਂਝਾ ਅਧਿਆਪਕ ਮੋਰਚਾ ਨੇ ਪ੍ਰਾਇਮਰੀ ਤੇ ਮਿਡਲ ਸਕੂਲਾਂ ਦੇ ਉਜਾੜੇ ਖ਼ਿਲਾਫ਼ ਸਰਕਾਰ ਦੀਆਂ ਫ਼ੂਕੀਆਂ ਅਰਥੀਆਂ

05/17/2021 7:42:22 PM

ਬਟਾਲਾ/ਸ੍ਰੀ ਹਰਗੋਬਿੰਦਪੁਰ (ਬੇਰੀ/ਸਰਬਜੀਤ)-ਅੱਜ ਸਾਂਝਾ ਅਧਿਆਪਕ ਮੋਰਚਾ ਬਲਾਕ ਸੀ੍ ਹਰਗੋਬਿੰਦਪੁਰ ਦੇ ਸਮੂਹ ਅਧਿਆਪਕਾਂ ਵੱਲੋਂ ਪੰਜਾਬ ਸਰਕਾਰ ਦੀਆਂ ਅਰਥੀਆਂ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਮੋਰਚੇ ਦੇ ਆਗੂਆਂ ਸੁਖਰਾਜ ਸਿੰਘ ਕਾਹਲੋਂ, ਗੁਰਨਾਮ ਸਿੰਘ ਮੰਡ, ਪਰਮਿੰਦਰ ਸਿੰਘ ਘੁਮਾਣ, ਹਰਪਾਲ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਸਕੱਤਰ ਰਾਹੀਂ ਲਗਾਤਾਰ ਅਧਿਆਪਕਾਂ ਦੀਆਂ ਪੋਸਟਾਂ ਖਤਮ ਕਰਨ ਦੇ ਨਿਸ਼ਾਨੇ ਤਹਿਤ ਪ੍ਰੀ-ਪ੍ਰਾਇਮਰੀ ਅਤੇ ਪ੍ਰਾਇਮਰੀ ਜਮਾਤਾਂ ਦੇ ਬੱਚਿਆਂ ਦਾ ਦਾਖਲਾ ਸੀਨੀਅਰ ਸੈਕੰਡਰੀ ਸਕੂਲਾਂ ’ਚ ਕਰਨ ਦੇ ਜ਼ੁਬਾਨੀ ਹੁਕਮ ਚਾੜ੍ਹ ਕੇ ਸਿੱਖਿਆ ਦਾ ਉਜਾੜਾ ਕੀਤਾ ਜਾ ਰਿਹਾ ਹੈ।

ਸਿੱਖਿਆ ਸਕੱਤਰ ਵੱਲੋਂ ਲਾਕਡਾਊਨ ਦੇ ਬਾਵਜੂਦ ਅਧਿਆਪਕਾਂ ਨੂੰ ਦਾਖ਼ਲੇ ਵਧਾਉਣ ਲਈ ਲੋਕਾਂ ਦੇ ਘਰਾਂ ’ਚ ਜਾਣ ਲਈ ਮਜਬੂਰ ਕਰਨ ਅਤੇ ਪੰਜਾਬ ਸਰਕਾਰ ਦੀਆਂ 50 ਫੀਸਦੀ ਸਟਾਫ ਦੀਆਂ ਹਦਾਇਤਾਂ ਦੇ ਉਲਟ ਸਾਰੇ ਅਧਿਆਪਕਾਂ ਨੂੰ ਸਕੂਲਾਂ ਵਿਚ ਹਾਜ਼ਰ ਰਹਿਣ ਦੀਆਂ ਹਦਾਇਤਾਂ ਦੇ ਕੇ ਦਰਜਨਾਂ ਅਧਿਆਪਕਾਂ ਨੂੰ ਮੌਤ ਦੇ ਮੂੰਹ ’ਚ ਸੁੱਟਣ ਵਿਰੁੱਧ, ਪਰਸੋਨਲ ਵਿਭਾਗ ਵੱਲੋਂ ਜਾਰੀ ਪੱਤਰ ਅਨੁਸਾਰ ਸਿੱਖਿਆ ਵਿਭਾਗ ਦੇ ਕਰਮਚਾਰੀਆਂ ਨੂੰ ਕੋਰੋਨਾ ਪਾਜ਼ੇਟਿਵ ਪਾਏ ਜਾਣ ’ਤੇ ਇਕਾਂਤਵਾਸ ਛੁੱਟੀ ਨਾ ਦੇਣ ਵਿਰੁੱਧ, ਆਪਣੀਆਂ ਜਾਨਾਂ ਗੁਆਉਣ ਵਾਲੇ ਅਧਿਆਪਕਾਂ ਦੇ ਪਰਿਵਾਰਾਂ ਨੂੰ 50 ਲੱਖ ਮੁਆਵਜ਼ਾ ਦੇਣ ਦੀ ਮੰਗ ਕਰਨ, ਸਿੱਖਿਆ ਮੰਤਰੀ ਵੱਲੋਂ ਮੀਟਿੰਗ ਦਾ ਸਮਾਂ ਦੇ ਕੇ ਮੀਟਿੰਗ ਨਾ ਕਰਨ, ਪ੍ਰਾਇਮਰੀ ਸਕੂਲਾਂ ਦੀਆਂ ਹੋਈਆਂ ਬਦਲੀਆਂ ਲਾਗੂ ਨਾ ਕਰਨ ਅਤੇ ਲੰਬੇ ਸਮੇਂ ਤੋਂ ਲਟਦੀਆਂ ਮੰਗਾਂ ਮੰਨਣ ਤੋਂ ਲਗਾਤਾਰ ਇਨਕਾਰੀ ਹੋਣ ਦੇ ਰੋਸ ਵਜੋਂ ਸਾਂਝੇ ਅਧਿਆਪਕ ਮੋਰਚੇ ਵਲੋਂ ਪੰਜਾਬ ਸਰਕਾਰ ਦੀਆਂ ਇਨ੍ਹਾਂ ਸਿੱਖਿਆ ਵਿਰੋਧੀ ਨੀਤੀਆਂ ਖ਼ਿਲਾਫ਼ ਅੱਜ ਬਲਾਕ ਸ੍ਰੀ ਹਰਗੋਬਿੰਦਪੁਰ ਦੇ ਅਧਿਆਪਕਾਂ ਵੱਲੋਂ  ਰੋਸ ਪ੍ਰਦਰਸ਼ਨ ਕਰ ਕੇ ਪੰਜਾਬ ਸਰਕਾਰ ਦੀਆਂ ਅਰਥੀਆਂ ਫੂਕੀਆਂ ਗਈਆਂ।

ਮੋਰਚਾ ਦੇ ਆਗੂਆਂ ਨੇ ਕਿਹਾ ਕਿ ਸਿੱਖਿਆ ਸਕੱਤਰ ਵੱਲੋਂ ਲਏ ਫੈਸਲਿਆਂ, ਜਿਸ ਦੇ ਸਿੱਟੇ ਵਜੋਂ ਪ੍ਰਾਇਮਰੀ ’ਚ ਡਾਇਰੈਕਟੋਰੇਟ ਦੀ ਵੱਖਰੀ ਹੋਂਦ, ਤਰੱਕੀਆਂ ਅਤੇ ਨਵੀਂ ਭਰਤੀ ਉੱਪਰ ਵੱਡਾ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਲੰਮੇਂ ਸਮੇਂ ਤੋਂ ਸਕੂਲਾਂ ’ਚ ਕੰਮ ਕਰ ਰਹੇ ਕੱਚੇ ਅਧਿਆਪਕਾਂ ਨੂੰ ਪੱਕਿਆਂ ਕਰਨ ਤੋਂ ਟਾਲ-ਮਟੋਲ ਕੀਤੀ ਜਾ ਰਹੀ ਹੈ, ਐੱਚ. ਟੀ. ਦੀਆਂ ਖਤਮ ਕੀਤੀਆਂ 1904 ਪੋਸਟਾਂ ਦੀ ਬਹਾਲੀ ਨਾ ਕਰਨ, ਹੈੱਡ ਟੀਚਰਾਂ ਅਤੇ ਸੈਂਟਰ ਹੈੱਡ ਟੀਚਰਾਂ ਦੀਆਂ ਤਰੱਕੀਆਂ ਲਟਕਾਈਆਂ ਜਾ ਰਹੀਆਂ ਹਨ। ਇਸੇ ਪ੍ਰਕਾਰ ਮਿਡਲ ਸਕੂਲਾਂ ’ਚ ਮੌਜੂਦ ਛੇ ਅਸਾਮੀਆਂ ਵਿੱਚੋਂ ਪਹਿਲਾਂ ਆਰਟ ਐਂਡ ਕਰਾਫਟ ਅਤੇ ਪੀ. ਟੀ. ਆਈ. ਦੀਆਂ ਅਸਾਮੀਆਂ ਖਤਮ ਕਰ ਦਿੱਤੀਆਂ ਗਈਆਂ, ਫਿਰ 228 ਪੀ. ਟੀ. ਆਈ. ਨੂੰ ਜਬਰੀ ਬੀ.ਪੀ.ਓ. ਦਫਤਰਾਂ ’ਚ ਸ਼ਿਫਟ ਕਰ ਦਿੱਤਾ ਗਿਆ ਅਤੇ ਹੁਣ ਮਿਡਲ ਸਕੂਲਾਂ ਦੀਆਂ ਪੋਸਟਾਂ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਸ਼ਿਫਟ ਕਰਕੇ ਮਿਡਲ ਸਕੂਲਾਂ ਦੀ ਸੁਤੰਤਰ ਹੋਂਦ ਖ਼ਤਮ ਕੀਤੀ ਜਾ ਰਹੀ ਹੈ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਰਾਸ਼ਟਰੀ ਸਿੱਖਿਆ ਨੀਤੀ- 2020 ਤਹਿਤ ਪ੍ਰਾਇਮਰੀ ਸਿੱਖਿਆ ਤੰਤਰ ਅਤੇ ਮਿਡਲ ਸਕੂਲਾਂ ਨੂੰ ਖਤਮ ਕਰਨ ਜਾ ਰਹੀ ਹੈ। ਇਸ ਮੌਕੇ ਜਗਜੀਤ ਸਿੰਘ ਬੇਦੀ, ਬਲਰਾਜ ਸਿੰਘ ਪੱਡਾ, ਹੀਰਾ ਸਿੰਘ ਦਕੋਹਾ, ਜਗਤਾਰ ਸਿੰਘ ਬੇਦੀ, ਰਣਜੋਧ ਸਿੰਘ ਮੀਕੇ, ਹਰਵਿੰਦਰ ਸਿੰਘ ਗਾਲੋਵਾਲ, ਸੁਖਜਿੰਦਰ ਸਿੰਘ ਸੇਖੋਂ, ਤਰਸੇਮ ਸਿੰਘ, ਕਸਮੀਰ ਸਿੰਘ, ਹਰਪਾਲ ਸਿੰਘ ਆਦਿ ਆਗੂ ਹਾਜ਼ਰ ਸਨ ।

Manoj

This news is Content Editor Manoj