ਗੁਰਦਾਸਪੁਰ ''ਚ ਸਿਹਤ ਵਿਭਾਗ ਵੱਲੋਂ 216 ਥਾਵਾਂ ’ਤੇ ਚੈਕਿੰਗ, 53 ਥਾਈਂ ਮਿਲਿਆ ਡੇਂਗੂ ਦਾ ਲਾਰਵਾ

08/26/2023 4:21:10 PM

ਗੁਰਦਾਸਪੁਰ (ਹਰਮਨ)- ਬਰਸਾਤਾਂ ਦੇ ਮੌਜੂਦਾ ਸਮੇਂ ’ਚ ਡੇਂਗੂ ਤੇ ਚਿਕਨਗੁਨੀਆ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ’ਚ ਤੇਜ਼ੀ ਨਾਲ ਹੋ ਰਹੇ ਵਾਧੇ ਦੇ ਮੱਦੇਨਜ਼ਰ ਸ਼ੁੱਕਰਵਾਰ ਵਾਲੇ ਦਿਨ ਡੇਂਗੂ ’ਤੇ ਵੱਡਾ ਵਾਰ ਕਰਦੇ ਹੋਏ ਸਿਹਤ ਵਿਭਾਗ ਦੀਆਂ 8 ਟੀਮਾਂ ਨੇ ਜਿੱਥੇ ਗੁਰਦਾਸਪੁਰ ਸ਼ਹਿਰ ਅੰਦਰ ਵੱਖ-ਵੱਖ ਕਾਲੋਨੀਆਂ ’ਚ ਜਾ ਕੇ ਫੌਗਿੰਗ ਅਤੇ ਸਪਰੇਅ ਕੀਤੀ, ਉਥੇ ਨਾਲ ਹੀ ਵਿਭਾਗ ਨੇ ਪੂਰੇ ਜ਼ਿਲ੍ਹੇ ਅੰਦਰ ਵੱਡਾ ਐਕਸ਼ਨ ਕਰਦੇ ਹੋਏ ਇਕ ਦਿਨ ਵਿਚ 216 ਥਾਵਾਂ ’ਚ ਚੈਕਿੰਗ ਕੀਤੀ। ਇਸ ਦੌਰਾਨ 53 ਸਥਾਨਾਂ ਤੋਂ ਡੇਂਗੂ ਦਾ ਲਾਰਵਾ ਮਿਲਿਆ, ਜਿਸ ਨੂੰ ਵਿਭਾਗ ਦੀਆਂ ਟੀਮਾਂ ਨੇ ਮੌਕੇ ’ਤੇ ਨਸ਼ਟ ਕੀਤਾ। ਡੇਂਗੂ ਦਾ ਕਹਿਰ ਨਿਰੰਤਰ ਵਧਦਾ ਜਾ ਰਿਹਾ ਹੈ, ਜਿਸ ਕਾਰਨ ਹੁਣ ਤੱਕ ਜ਼ਿਲ੍ਹੇ ਅੰਦਰ ਇਸ ਸੀਜ਼ਨ ਵਿਚ ਡੇਂਗੂ ਤੋਂ ਪੀੜਤ 49 ਮਰੀਜ਼ ਸਾਹਮਣੇ ਆ ਚੁੱਕੇ ਹਨ, ਜਦੋਂ ਕਿ ਪਿਛਲੇ ਸਾਲ 25 ਅਗਸਤ ਤੱਕ ਸਿਰਫ 5 ਮਰੀਜ਼ ਰਿਪਰੋਟ ਹੋਏ ਸਨ। ਇਸ ਵਾਰ ਇਕ ਹੈਰਾਨੀ ਦੀ ਗੱਲ ਇਹ ਹੈ ਕਿ ਬਹੁਤ ਸਾਰੇ ਲੋਕ ਇਹ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਨੂੰ ਬੁਖ਼ਾਰ ਹੋਣ ਸਮੇਤ ਹੋਰ ਲੱਛਣ ਡੇਂਗੂ ਤੋਂ ਪੀੜਤ ਮਰੀਜ਼ਾਂ ਵਾਲੇ ਸਾਹਮਣੇ ਆ ਰਹੇ ਹਨ ਪਰ ਮੈਡੀਕਲ ਟੈਸਟ ਵਿਚ ਉਨ੍ਹਾਂ ਨੂੰ ਡੇਂਗੂ ਹੋਣ ਦੀ ਪੁਸ਼ਟੀ ਨਹੀਂ ਹੁੰਦੀ। ਜੇਕਰ ਅਜਿਹੇ ਮਰੀਜ਼ਾਂ ਦੀ ਗਿਣਤੀ ਕੀਤੀ ਜਾਵੇ ਤਾਂ ਹੁਣ ਤੱਕ ਪੀੜਤ ਮਰੀਜ਼ਾਂ ਦੀ ਗਿਣਤੀ ਬਹੁਤ ਜ਼ਿਆਦਾ ਹੋ ਚੁੱਕੀ ਹੈ।

ਪਿਛਲੇ ਸਾਲ 242 ਵਿਅਕਤੀ ਹੋਏ ਸਨ ਡੇਂਗੂ ਤੋਂ ਪੀੜਤ

ਗੁਰਦਾਸਪੁਰ ਜ਼ਿਲ੍ਹੇ ਅੰਦਰ ਪਿਛਲੇ ਸਾਲ 242 ਵਿਅਕਤੀ ਡੇਂਗੂ ਤੋਂ ਪੀੜਤ ਹੋਏ ਸਨ। ਉਸ ਤੋਂ ਪਹਿਲਾਂ ਕੋਰੋਨਾ ਵਾਇਰਸ ਦੇ ਦੌਰ ਵਾਲੇ ਸਾਲ 2020 ਦੌਰਾਨ 198 ਕੇਸ ਸਾਹਮਣੇ ਆਏ ਸਨ, ਜਦੋਂ ਕਿ 2021 ’ਚ 750 ਵਿਅਕਤੀ ਡੇਂਗੂ ਦੀ ਲਪੇਟ ’ਚ ਆ ਗਏ ਸਨ।

ਇਹ ਵੀ ਪੜ੍ਹੋ- ਇਕ ਚਿੱਠੀ ਨਾਲ ਪਾਵਰਕਾਮ ਨੂੰ ਕਰੋੜਾਂ ਦਾ ਨੁਕਸਾਨ, 2 ਵਿਭਾਗਾਂ 'ਚ ਚੱਲ ਰਹੀ ਖਿੱਚੋਤਾਣ ਲੋਕਾਂ ਲਈ ਬਣੀ ਮੁਸੀਬਤ

2465 ਥਾਵਾਂ ਤੋਂ ਮਿਲ ਚੁੱਕੈ ਡੇਂਗੂ ਦਾ ਲਾਰਵਾ

ਡਾ. ਪ੍ਰਭਜੋਤ ਕੌਰ ਕਲਸੀ ਨੇ ਦੱਸਿਆ ਕਿ ਗੁਰਦਾਸਪੁਰ ਸ਼ਹਿਰ ਸਮੇਤ ਸਮੁੱਚੇ ਜ਼ਿਲ੍ਹੇ ਅੰਦਰ ਚੈਕਿੰਗ ਟੀਮਾਂ ਨਿਰੰਤਰ ਕਾਰਜਸ਼ੀਲ ਹਨ। ਸਿਵਲ ਸਰਜਨ ਡਾ. ਹਰਭਜਨ ਰਾਮ ਮਾਂਡੀ ਸਮੇਤ ਹੋਰ ਸਿਹਤ ਅਧਿਕਾਰੀ ਤੇ ਫੀਲਡ ਸਟਾਫ਼ ਵੱਲੋਂ ਰੋਜ਼ਾਨਾ ਵੱਖ-ਵੱਖ ਥਾਵਾਂ ’ਤੇ ਜਾ ਕੇ ਜਿੱਥੇ ਡੇਂਗੂ ਦਾ ਲਾਰਵਾ ਚੈੱਕ ਕੀਤਾ ਜਾਂਦਾ ਹੈ, ਉਸ ਦੇ ਨਾਲ ਲੋਕਾਂ ਨੂੰ ਡੇਂਗੂ ਤੋਂ ਬਚਾਅ ਕਰਨ ਦੇ ਤਰੀਕੇ ਵੀ ਦੱਸੇ ਜਾਂਦੇ ਹਨ। ਗੁਰਦਾਸਪੁਰ ਜ਼ਿਲ੍ਹੇ ਅੰਦਰ ਹੁਣ ਤੱਕ 49257 ਸਥਾਨਾਂ ’ਤੇ ਕੀਤੀ ਚੈਕਿੰਗ ਦੌਰਾਨ 2465 ਥਾਵਾਂ ’ਤੇ ਲਾਰਵਾ ਮਿਲਿਆ ਹੈ।

ਇਹ ਵੀ ਪੜ੍ਹੋ- ਰਵੀ ਗਿੱਲ ਸੁਸਾਈਡ ਕੇਸ 'ਚ CP ਨੇ ਬਣਾਈ SIT, ਖੁੱਲ੍ਹਣਗੀਆਂ ਮਾਮਲੇ ਦੀਆਂ ਹੋਰ ਪਰਤਾਂ

ਕੀ ਹਨ ਡੇਂਗੂ ਤੋਂ ਪੀੜਤ ਮਰੀਜ਼ ਦੀਆਂ ਨਿਸ਼ਾਨੀਆਂ?

ਡਾ. ਪ੍ਰਭਜੋਤ ਕੌਰ ਕਲਸੀ ਨੇ ਦੱਸਿਆ ਕਿ ਡੇਂਗੂ ਬੁਖਾਰ ਏਡੀਜ਼ ਅਜੈਪਟੀ ਨਾਂ ਦੇ ਮੱਛਰ ਦੇ ਮਨੁੱਖੀ ਸਰੀਰ ’ਤੇ ਕੱਟਣ ਨਾਲ ਹੁੰਦਾ ਹੈ। ਇਹ ਮੱਛਰ ਚਿੱਟੀਆਂ ਅਤੇ ਕਾਲੀਆਂ ਧਾਰੀਆਂ ਵਾਲਾ ਹੁੰਦਾ ਹੈ ਅਤੇ ਇਹ ਸਵੇਰ ਤੇ ਸ਼ਾਮ ਦੇ ਸਮੇਂ ਕੱਟਦਾ ਹੈ। ਡੇਂਗੂ ਬੁਖਾਰ ਦੀਆਂ ਨਿਸ਼ਾਨੀਆਂ ਤੇਜ਼ ਬੁਖਾਰ, ਸਿਰ ਤੇ ਮਾਸਪੇਸ਼ੀਆਂ ਵਿਚ ਦਰਦ, ਚਮੜੀ ’ਤੇ ਦਾਣੇ, ਅੱਖਾਂ ਦੇ ਪਿੱਛਲੇ ਹਿੱਸੇ ’ਚ ਦਰਦ, ਮਸੂੜਿਆਂ, ਨੱਕ ਅਤੇ ਕੰਨ ’ਚੋਂ ਖੂਨ ਦਾ ਵਗਣਾ ਆਦਿ ਹੁੰਦੀਆਂ ਹਨ। ਅਜਿਹੇ ਲੱਛਣ ਦਿਖਾਈ ਦੇਣ ਤਾਂ ਤਰੁੰਤ ਸਰਕਾਰੀ ਸਿਹਤ ’ਚ ਜਾਣਾ ਚਾਹੀਦਾ ਹੈ ਤੇ ਡੇਂਗੂ ਦਾ ਟੈਸਟ ਕਰਨ ’ਤੇ ਡੇਂਗੂ ਬੁਖਾਰ ਹੋਵੇ ਤਾਂ ਇਸ ਦੀ ਦਵਾਈ ਸਰਕਾਰੀ ਹਸਪਤਾਲ ’ਚ ਮੁਫ਼ਤ ਦਿੱਤੀ ਜਾਂਦੀ ਹੈ।

ਇਹ ਵੀ ਪੜ੍ਹੋ- ਗੈਂਗਸਟਰ ਲਖਵੀਰ ਲੰਡਾ ਖ਼ਿਲਾਫ਼ NIA ਦੀ ਵੱਡੀ ਕਾਰਵਾਈ, ਜ਼ਬਤ ਕੀਤੀ ਜ਼ਮੀਨ

ਕਿਵੇਂ ਕੀਤਾ ਜਾ ਸਕਦੈ ਬਚਾਅ?

ਡਾ. ਪ੍ਰਭਜੋਤ ਕੌਰ ਕਲਸੀ ਨੇ ਦੱਸਿਆ ਕਿ ਡੇਂਗੂ ਦਾ ਮੱਛਰ ਸਾਫ਼ ਪਾਣੀ ਜਿਵੇਂ ਘਰਾਂ ’ਚ ਕੂਲਰ, ਫਰਿਜਾਂ ’ਚ ਵੇਸਟ ਪਾਣੀ ਦੀਆਂ ਟਰੇਆਂ, ਫੁੱਲਾਂ ਦੇ ਗਮਲੇ, ਪਸ਼ੂਆਂ ਦੇ ਪਾਣੀ ਵਾਲੇ ਪੀਣ ਦੀਆਂ ਹੋਦੀਆਂ, ਫਟੇ ਪੁਰਾਣੇ ਟਾਇਰਾਂ, ਟੁੱਟੇ ਭੱਜੇ ਬਰਤਨਾਂ ਤੇ ਟੋਏਆਂ ’ਚ ਮੀਂਹ ਦੇ ਪਏ ਪਾਣੀ ਵਿਚ ਪੈਦਾ ਹੁੰਦਾ ਹੈ। ਇਸ ਲਈ ਹਰ ਸ਼ੁੱਕਰਵਾਰ ਡਰਾਈ ਡੇਅ ਮਨਾਉਂਦੇ ਹੋਏ ਪਾਣੀ ਨੂੰ ਚੰਗੀ ਤਰ੍ਹਾਂ ਕੱਢ ਦੇਣਾ ਚਾਹੀਦਾ ਹੈ ਅਤੇ ਟੋਇਆਂ ਦੇ ਖੜ੍ਹੇ ਪਾਣੀ ਉੱਪਰ ਸੜ੍ਹਿਆ ਤੇਲ ਪਾ ਦੇਣਾ ਚਾਹੀਦਾ ਹੈ। ਅਜਿਹੇ ਕੱਪੜੇ ਪਾਉਣੇ ਚਾਹੀਦੇ ਹਨ, ਜਿਸ ਨਾਲ ਸਰੀਰ ਢੱਕਿਆ ਰਹੇ ਅਤੇ ਮੱਛਰ ਨਾ ਕੱਟ ਸਕੇ। ਸੌਂਣ ਵੇਲੇ ਮੱਛਰ ਦਾਨੀ ਲਾਉਣੀ ਚਾਹੀਦੀ ਹੈ ਅਤੇ ਮੱਛਰਾਂ ਦੇ ਕੱਟਣ ਤੋਂ ਬਚਾਅ ਵਾਲੀਆਂ ਕਰੀਮਾਂ ਜਾਂ ਤੇਲ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਬੁਖਾਰ ਹੋਵੇ ਤਾਂ ਐੱਸਪਰੀਨ ਜਾਂ ਬਰੂਫਿਨ ਵਰਗੀਆਂ ਗੋਲੀਆਂ ਨਹੀਂ ਖਾਣੀਆਂ ਚਾਹੀਦੀਆਂ ਅਤੇ ਸਿਰਫ ਪੈਰਸਿਟਾਮੋਲ ਗੋਲੀ ਹੀ ਲੈਣੀ ਚਾਹੀਦੀ ਹੈ।

ਇਹ ਵੀ ਪੜ੍ਹੋ- ਪੁਲਸ ਨਾਲ ਖਹਿਬੜ ਪਏ ਬੁਲੇਟ ਸਵਾਰ ਨੌਜਵਾਨ, ਜੰਮ ਕੇ ਹੋਇਆ ਹੰਗਾਮਾ, ਤੋੜ ਦਿੱਤਾ ਮੋਬਾਇਲ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Shivani Bassan

This news is Content Editor Shivani Bassan