ਦਿੱਲੀ ਗੁਰਦੁਆਰਾ ਕਮੇਟੀ ਨੇ ਮਹਾਰਾਸ਼ਟਰ ’ਚ ਸਿਕਲੀਗਰ ਸਿੱਖ ਨੌਜਵਾਨ ਦੇ ਕਾਤਲਾਂ ਖ਼ਿਲਾਫ਼ ਮੰਗੀ ਕਾਰਵਾਈ

06/01/2023 10:55:57 AM

ਅੰਮ੍ਰਿਤਸਰ (ਸਰਬਜੀਤ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਅਤੇ ਡੀ. ਜੀ. ਪੀ. ਨੂੰ ਅਪੀਲ ਕੀਤੀ ਕਿ ਉਹ ਮਹਾਰਾਸ਼ਟਰ ਵਿਚ ਇਕ ਸਿਕਲੀਗਰ ਸਿੱਖ ਨੌਜਵਾਨਾਂ ਦੇ ਕਤਲ ਅਤੇ ਹੋਰਨਾਂ ਦੀ ਕੁੱਟਮਾਰ ਤੇ ਖਿੱਚਧੂਹ ਕਰਨ ਵਾਲੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰ ਕੇ ਉਨ੍ਹਾਂ ਨੂੰ ਸਲਾਖਾਂ ਪਿੱਛੇ ਭੇਜਣਾ ਯਕੀਨੀ ਬਣਾਉਣ।

ਇਹ ਵੀ ਪੜ੍ਹੋ- ਪੰਜਾਬ ਦੇ ਸਾਰੇ ਕਾਲਜ 3 ਦਿਨ ਰਹਿਣਗੇ ‘ਤਾਲਾਬੰਦ’, ਸਾਂਝੀ ਐਕਸ਼ਨ ਕਮੇਟੀ ਨੇ ਦਿੱਤੀ ਇਹ ਚਿਤਾਵਨੀ

ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ ਡੀ. ਜੀ. ਪੀ. ਰਾਜਨੀਸ਼ ਸੇਠ ਨੂੰ ਲਿਖੇ ਵੱਖੋ-ਵੱਖ ਪੱਤਰਾਂ ਵਿਚ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਸੂਬੇ ਦੇ ਪਰਭਾਨੀ ਜ਼ਿਲ੍ਹੇ ਦੇ ਪਿੰਡ ਤੜਕਲਾਸ ਵਿਚ ਇਕ ਮੰਦਭਾਗੀ ਘਟਨਾ ਵਾਪਰੀ ਹੈ ਜਿਸ ਵਿਚ ਕੁਝ ਸ਼ਰਾਰਤੀ ਅਨਸਰ ਸਿਕਲੀਗਰ ਸਿੱਖ ਨੌਜਵਾਨਾਂ ਦੀ ਕੁੱਟਮਾਰ ਕਰਦੇ ਤੇ ਖਿੱਚਧੂਹ ਕਰਦੇ ਨਜ਼ਰ ਆਉਂਦੇ ਹਨ। ਉਨ੍ਹਾਂ ਕਿਹਾ ਕਿ ਇਸ ਘਟਨਾ ਵਿਚ ਤਿੰਨ ਸਿਕਲੀਗਰ ਸਿੱਖ ਨੌਜਵਾਨਾਂ ਨੂੰ ਰੱਸੀਆਂ ਨਾਲ ਬੰਨ੍ਹ ਕੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ, ਜਿਸ ਵਿਚ ਕ੍ਰਿਪਾਨ ਸਿੰਘ ਨਾਂ ਦੇ ਇਕ ਸਿਕਲੀਗਰ ਸਿੱਖ ਨੌਜਵਾਨ ਦੀ ਮੌਕੇ ’ਤੇ ਮੌਤ ਹੋ ਗਈ ਜਦੋਂ ਕਿ ਕਈ ਹੋਰ ਜ਼ਖ਼ਮੀ ਹੋ ਗਏ।

ਇਹ ਵੀ ਪੜ੍ਹੋ- ਪਿੰਡ ਧਾਰੀਵਾਲ ਕਲਾਂ ’ਚ ਵਾਪਰਿਆ ਭਾਣਾ, 2 ਸਾਲਾ ਬੱਚੇ ਦੀ ਟਿਊਬਵੈੱਲ ਦੇ ਚੁਬੱਚੇ ’ਚ ਡੁੱਬਣ ਕਾਰਨ ਮੌਤ

ਉਨ੍ਹਾਂ ਕਿਹਾ ਕਿ ਸਿਕਲੀਗਰ ਸਿੱਖ ਭਾਈਚਾਰੇ ਦੇ ਪੂਰਵਜ਼ਾ ਨੇ ਦੇਸ਼ ਵਾਸਤੇ ਬਹੁਤ ਘਾਲਣਾ ਘਾਲੀ ਹੈ ਪਰ ਆਜ਼ਾਦੀ ਤੋਂ ਬਾਅਦ ਤੋਂ ਹੁਣ ਤੱਕ ਕਿਸੇ ਵੀ ਸਰਕਾਰ ਨੇ ਇਨ੍ਹਾਂ ਦੀ ਸਾਰ ਸਰਕਾਰ ਨਹੀਂ ਲਈ। ਇਸ ਘਟਨਾ ਕਾਰਨ ਦੁਨੀਆ ਭਰ ਵਿਚ ਸਿੱਖ ਭਾਈਚਾਰੇ ਦੇ ਮੈਂਬਰਾਂ ਵਿਚ ਰੋਸ ਹੈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

Shivani Bassan

This news is Content Editor Shivani Bassan